ਕਰਨਾਲ (ਹਰਿਆਣਾ), 27 ਸਤੰਬਰ (ਗੁਰਮੀਤ ਸਿੰਘ ਸੱਗੂ)- ਕਰਨਾਲ ਦੇ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਪਹਿਲੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਰਨਾਲ ਸ਼ਹਿਰ ਵਿਚ 511ਸਾਲਾਂ ਆਗਮਨ ਨੂੰ ਸਮਰਪਿਤ ਦਸਮੇਸ਼ ਅਖਾੜਾ ਵਲੋਂ, ਗੁਰਦੁਆਰਾ ਮੰਜੀ ਸਾਹਿਬ ਪ੍ਰਬੰਧਕ ਕਮੇਟੀ, ਨਿਮਾਣਾ ਸੇਵਕ ਜਥਾ, ਗੁਰੂ ਨਾਨਕ ਸੇਵਕ ਜਥਾ ਅਤੇ ਇਸਤਰੀ ਸਤਸੰਗ ਸਭਾ ਗੁਰਦੁਆਰਾ ਮੰਜੀ ਸਾਹਿਬ ਦੇ ਸਹਿਯੋਗ ਨਾਲ ਕੀਰਤਨ ਸਮਾਗਮ ਕਰਵਾਇਆ ਗਿਆ।
ਕੀਰਤਨ ਸਮਾਗਮ ਸ਼ਾਮੀ 6 ਵਜੇ ਤੋਂ ਆਰੰਭ ਹੋ ਕੇ ਰਾਤ 11 ਵਜੇ ਤੱਕ ਚੱਲਦਾ ਰਿਹਾ। ਇਸ ਕੀਰਤਨ ਸਮਾਗਮ ਵਿਚ ਪੰਥ ਦੇ ਮਹਾਨ ਰਾਗੀ ਪ੍ਰਚਾਰਕ ਅਤੇ ਕਥਾਵਾਚਕਾਂ ਨੇ ਪਹੁੰਚ ਕੇ ਸੰਗਤ ਨੂੰ ਨਿਹਾਲ ਕੀਤਾ। ਇਸ ਸਮਾਗਮ ਵਿਚ ਭਾਈ ਸਾਹਿਬ ਮਹਾਦੀਪ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ, ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਬਲਵਿੰਦਰ ਸਿੰਘ ਜੀ ਹਜੂਰੀ ਰਾਗੀ ਮੰਜੀ ਸਾਹਿਬ ਵਲੋ ਰਸਮਈ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਅਤੇ ਗਿਆਨੀ ਅੰਮ੍ਰਿਤਪਾਲ ਸਿੰਘ ਨੇ ਸੰਗਤਾਂ ਗੁਰੂ ਇਤਿਹਾਸ ਨਾਲ ਜਾਣੂੰ ਕਰਵਾਇਆ।
ਉਨ੍ਹਾਂ ਨੇ ਸੰਗਤਾਂ ਨੂੰ ਦੱਸਿਆ ਕਿ 15 ਸਤੰਬਰ 1515 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਨਾਲ ਪਹੁੰਚੇ ਸਨ ਅਤੇ ਇੱਥੇ ਤਕਰੀਬਨ ਸਵਾ ਮਹੀਨਾ ਰਹਿ ਕੇ ਊਚ ਨੀਚ ਦੇ ਭੇਦ ਨੂੰ ਮਿਟਾਇਆ ਸਭ ਨੂੰ ਬਰਾਬਰ ਦਾ ਦਰਜਾ ਦਿੱਤਾ ਅਤੇ ਇੱਥੇ ਬਣੇ ਖੂਹ ( ਬੋਲੀ ਸਾਹਿਬ) ਤੋਂ ਸੰਗਤਾਂ ਨੂੰ ਜਲ ਛਕਾਉਂਦੇ ਰਹੇ। ਸਮਾਗਮ ਵਿਚ ਪਹੁੰਚੇ ਰਾਗੀ ਸਿੰਘ ਪ੍ਰਚਾਰਕ ਤੇ ਕਥਾਵਾਚਕਾਂ ਨੂੰ ਦਸਮੇਸ਼ ਅਖਾੜੇ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸੰਗਤ ਸ਼ਾਮ ਤੋਂ ਹੀ ਵੱਡੀ ਗਿਣਤੀ ਵਿਚ ਹੁੰਮ ਹੁਮਾ ਕੇ ਗੁਰਦੁਆਰਾ ਸਾਹਿਬ ਪਹੁੰਚੇ ਅਤੇ ਬੜੀ ਸ਼ਰਧਾ ਭਾਵਨਾ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਰਨਾਲ ਵਿੱਚ ਆਗਮਨ ਪੁਰਬ ਮਨਾਇਆ। ਇਹ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਗੁਰਨਾਮ ਸਿੰਘ ਲਾਡੀ, ਸਾਬਕਾ ਮੈਂਬਰ ਹਾਜ਼ਿਰ ਸਨ।