ਨਾਸਿਕ, 4 ਸਤੰਬਰ (ਪੀ.ਟੀ.ਆਈ)-ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਸਵਾਲ ਕੀਤਾ ਹੈ ਕਿ ਚੰਗੇ ਸਕੂਲਾਂ ਦੀ ਮੰਗ ਕਰਨਾ ਜਾਂ ਉਨ੍ਹਾਂ ਦੀ ਹਾਲਤ ਸੁਧਾਰਨ ਦੀ ਮੰਗ ਨੂੰ ਸਰਕਾਰ ਵਿਰੋਧੀ ਬਿਰਤਾਂਤ ਕਿਵੇਂ ਕਿਹਾ ਜਾ ਸਕਦਾ ਹੈ। ਉਨ੍ਹਾਂ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ‘ਆਸ਼ਰਮਸ਼ਾਲਾਵਾਂ’ ਦਾ ਦੌਰਾ ਕਰਕੇ ਹਕੀਕਤ ਦੀ ਜਾਂਚ ਕਰਨ ਦੀ ਅਪੀਲ ਕੀਤੀ। ਨਾਸਿਕ ’ਚ ਕਬਾਇਲੀ ਵਿਦਿਆਰਥੀਆਂ ਦੇ ਪ੍ਰਦਰਸ਼ਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਦੀਪਕੇ ਨੇ ਕਿਹਾ ਕਿ ਕਬਾਇਲੀ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ, ਭੋਜਨ ਅਤੇ ਸਿੱਖਿਆ ਵਿਚ ਅਸਮਾਨਤਾ ਪੂਰੀ ਤਰ੍ਹਾਂ ਅਸਵੀਕਾਰਯੋਗ ਹੈ। ਮਹਾਰਾਸ਼ਟਰ ਦੇ ਵੱਖ-ਵੱਖ ਹਿੱਸਿਆਂ ’ਚੋਂ ਆਏ 100 ਤੋਂ ਵੱਧ ਕਬਾਇਲੀ ਵਿਦਿਆਰਥੀ ਨਾਸਿਕ ਦੇ ਈਦਗਾਹ ਮੈਦਾਨ ਵਿਚ ਪ੍ਰਦਰਸ਼ਨ ਕਰ ਰਹੇ ਹਨ।
ਇਨ੍ਹਾਂ ਵਿਚੋਂ ਤਿੰਨ ਵਿਦਿਆਰਥੀ ਬਿਹਤਰ ਭੋਜਨ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਸਮੇਤ ਕਈ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ’ਤੇ ਹਨ। ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਦੀਪਕੇ ਦਾ ਧਿਆਨ ਆਸ਼ਰਮਸ਼ਾਲਾਵਾਂ (ਸਰਕਾਰੀ ਰਿਹਾਇਸ਼ੀ ਸਕੂਲਾਂ) ਵਿਚ ਟਾਇਲਟਾਂ ਦੀ ਮਾੜੀ ਹਾਲਤ, ਸਿਹਤ ਸੰਬੰਧੀ ਸਮੱਸਿਆਵਾਂ ਅਤੇ ਵਿਦਿਅਕ ਸਹੂਲਤਾਂ ਦੀ ਘਾਟ ਵੱਲ ਵੀ ਦਿਵਾਇਆ। ਦੀਪਕੇ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਆਸ਼ਰਮਸ਼ਾਲਾਵਾਂ ਦਾ ਦੌਰਾ ਕਰਕੇ ਹਕੀਕਤ ਦੀ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਸਰਕਾਰ ਦੀ ਸਕੂਲਾਂ ਅਤੇ ਸਿੱਖਿਆ ਸਹੂਲਤਾਂ ਦੇ ਨਿੱਜੀਕਰਨ ਦੀ ਨੀਤੀ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਕੂਲਾਂ ਦਾ ਨਿੱਜੀਕਰਨ ਕਰਨਾ ਚਾਹੁੰਦੀ ਹੈ ਤਾਂ ਸੂਬਾ ਸਕੱਤਰੇਤ ਵੀ ਨਿੱਜੀ ਕਰ ਦੇਣਾ ਚਾਹੀਦਾ ਹੈ।