ਲੁਧਿਆਣਾ, 24 ਅਕਤੂਬਰ (ਰੂਪੇਸ਼ ਕੁਮਾਰ)- ਡੀ. ਏ. ਵਿਚ ਵਾਧੇ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੇ ਨਵੇਂ ਅਤੇ ਵੱਡੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਜਿਨ੍ਹਾਂ ਵਲੋਂ ਪੱਕਾ ਮੋਰਚਾ ਲਗਾਉਣ ਸਣੇ ਅੰਬਾਲਾ ਤੋਂ ਅੰਮ੍ਰਿਤਸਰ ਤੱਕ ਦੀ ਮਨੁੱਖੀ ਚੈਨ ਵੀ ਬਣਾਈ ਜਾਵੇਗੀ।
ਲੁਧਿਆਣਾ ਦੇ ਬੱਚਤ ਭਵਨ ਵਿਖੇ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਤੋਂ ਸੰਬੋਧਨ ਕਰਦੇ ਹੋਏ, ਮੁਲਾਜ਼ਮ ਆਗੂਆਂ ਗੁਰਚਰਨ ਸਿੰਘ ਵਿਰਕ ਅਤੇ ਸਤੀਸ਼ ਰਾਣਾ ਨੇ ਕਿਹਾ ਕਿ ਅੱਜ ਸਾਂਝੀ ਤਾਲਮੇਲ ਕਮੇਟੀ, ਸਾਂਝਾ ਮੁਲਾਜ਼ਮ ਮੰਚ ਸਣੇ ਹੋਰ ਜੱਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਫੈਸਲਾ ਕੀਤਾ ਗਿਆ ਹੈ ਕਿ 29 ਤੇ 30 ਅਕਤੂਬਰ ਨੂੰ ਜ਼ਿਲ੍ਹਾ ਪੱਧਰ 'ਤੇ ਮੁਲਾਜ਼ਮ ਜੱਥੇਬੰਦੀਆਂ ਦੀਆਂ ਮੀਟਿੰਗਾਂ ਹੋਣਗੀਆਂ।
ਇਸ ਤੋਂ ਇਲਾਵਾ 13 ਤੋਂ 19 ਨਵੰਬਰ ਤੱਕ ਸੈਕਟਰ 34 ਵਿਚ ਪੱਕਾ ਮੋਰਚਾ ਲੱਗੇਗਾ। ਇਸੇ ਤਰ੍ਹਾਂ, 1 ਤੋਂ 5 ਦਸੰਬਰ ਤੱਕ ਸੂਬੇ ਅੰਦਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਪੁਤਲੇ ਫੂਕੇ ਜਾਣਗੇ ਅਤੇ 6 ਦਸੰਬਰ ਨੂੰ ਇਨ੍ਹਾਂ ਪੁਤਲਿਆਂ ਦੀ ਰਾਖ ਲੁਧਿਆਣਾ ਤੋਂ ਨਿਕਲਦੇ ਬੁੱਢੇ ਨਾਲੇ ਵਿਚ ਸੁੱਟੀ ਜਾਵੇਗੀ।
ਉਨ੍ਹਾਂ ਨੇ ਮਨੁੱਖੀ ਚੈਨ ਬਣਾਉਣ ਦਾ ਐਲਾਨ ਵੀ ਕੀਤਾ ਅਤੇ ਦੱਸਿਆ ਕਿ 13 ਦਸੰਬਰ ਨੂੰ ਅੰਬਾਲਾ ਤੋਂ ਅੰਮ੍ਰਿਤਸਰ ਤੱਕ ਕਰੀਬ 220 ਕਿਲੋਮੀਰ ਲੰਬੀ ਮਨੁੱਖੀ ਚੈਨ ਬਣਾਈ ਜਾਵੇਗੀ। ਜਿਸ ਵਿਚ ਡੇਢ ਲੱਖ ਦੇ ਕਰੀਬ ਮੁਲਾਜ਼ਮ ਹਿੱਸਾ ਲੈਣਗੇ। ਜਦਕਿ 4 ਨਵੰਬਰ ਨੂੰ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਦੌਰਾਨ ਵੱਡੇ ਐਲਾਨ ਕੀਤੇ ਜਾਣਗੇ।
ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਿਸੇ ਸਿਆਸੀ ਪਾਰਟੀ ਦੇ ਸਮਰਥਨ ਬਾਰੇ ਮੁਲਾਜ਼ਮ ਆਗੂਆਂ ਨੇ ਸਪਸ਼ਟ ਕੀਤਾ ਕਿ ਉਹ ਕਿਸੇ ਸਿਆਸੀ ਜਥੇਬੰਦੀ ਨਾਲ ਨਹੀਂ ਹਨ। ਅਸੀ ਸਿਆਸੀ ਪਾਰਟੀਆਂ ਦਾ ਚੋਣ ਮਨੋਰਥ ਪੱਤਰ ਦੇਖਾਂਗੇ।