ਐੱਸ. ਏ. ਐੱਸ. ਨਗਰ, 4 ਸਤੰਬਰ (ਕਪਿਲ ਵਧਵਾ)- ਜ਼ਿਲ੍ਹਾ ਐੱਸ. ਏ. ਐੱਸ. ਨਗਰ ਦੇ 13ਵੇਂ ਐੱਸ.ਐੱਸ.ਪੀ. ਵਜੋਂ 2014 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਵਰੁਣ ਸ਼ਰਮਾ ਨੇ ਵੀਰਵਾਰ ਨੂੰ ਆਪਣਾ ਅਹੁਦਾ ਸੰਭਾਲ ਲਿਆ। ਜ਼ਿਲ੍ਹਾ ਪੁਲਿਸ ਹੈੱਡਕੁਆਰਟਰ ਪਹੁੰਚਣ ’ਤੇ ਐੱਸ.ਪੀ. (ਸਿਟੀ) ਦਿਲਪ੍ਰੀਤ ਸਿੰਘ, ਐੱਸ.ਪੀ. (ਹੈੱਡਕੁਆਰਟਰ) ਨਵਰੀਤ ਸਿੰਘ ਵਿਰਕ ਅਤੇ ਐੱਸ.ਪੀ. (ਇਨਵੈਸਟੀਗੇਸ਼ਨ) ਸੌਰਵ ਜਿੰਦਲ ਸਮੇਤ ਹੋਰਨਾਂ ਪੁਲਿਸ ਅਧਿਕਾਰੀਆਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਪੁਲਿਸ ਟੁਕੜੀ ਵਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ। ਅਹੁਦਾ ਸੰਭਾਲਣ ਉਪਰੰਤ ਆਪਣੀ ਪਹਿਲੀ ਪੱਤਰਕਾਰ ਮਿਲਣੀ ਦੌਰਾਨ ਐੱਸ.ਐੱਸ.ਪੀ. ਵਰੁਣ ਸ਼ਰਮਾ ਨੇ ਜ਼ਿਲ੍ਹੇ ਵਿਚ ਗੈਂਗਸਟਰਾਂ, ਜਬਰੀ ਵਸੂਲੀ ਦੇ ਰੈਕੇਟ ਅਤੇ ਸੰਗਠਿਤ ਅਪਰਾਧ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਅਪਣਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸੰਗਠਿਤ ਅਪਰਾਧ ਅਤੇ ਗੈਂਗਸਟਰ ਨੈੱਟਵਰਕ ਨਾਲ ਕਿਸੇ ਵੀ ਕੀਮਤ ’ਤੇ ਨਰਮੀ ਨਹੀਂ ਵਰਤੀ ਜਾਵੇਗੀ।
ਐੱਸ.ਐੱਸ.ਪੀ. ਨੇ ਕਿਹਾ ਕਿ ਸਟ੍ਰੀਟ ਕ੍ਰਾਈਮ ਨੂੰ ਰੋਕਣ ਅਤੇ ਪੁਲਿਸ ਦੀ ਚੌਕਸੀ ਹੋਰ ਮਜ਼ਬੂਤ ਕਰਨ ਲਈ ਰਾਤ ਸਮੇਂ ਡੋਮੀਨੇਸ਼ਨ ਆਪ੍ਰੇਸ਼ਨ ਤੇਜ਼ ਕੀਤੇ ਜਾਣਗੇ। ਇਸ ਦੇ ਨਾਲ ਹੀ ਰਣਨੀਤਕ ਥਾਵਾਂ ’ਤੇ ਪੱਕੇ ਅਤੇ ਮੋਬਾਈਲ ਨਾਕੇ ਲਗਾਏ ਜਾਣਗੇ। ਲੜਾਈ-ਝਗੜੇ ਜਾਂ ਹੋਰ ਐਮਰਜੈਂਸੀ ਹਾਲਾਤ ਵਿਚ ਤੁਰੰਤ ਪੁਲਿਸ ਸਹਾਇਤਾ ਯਕੀਨੀ ਬਣਾਉਣ ਲਈ ਡਾਇਲ-112 ਐਮਰਜੈਂਸੀ ਰਿਸਪਾਂਸ ਵਹੀਕਲਾਂ (ਈ.ਆਰ.ਵੀ.) ਦੀ ਮੌਜੂਦਗੀ ਅਤੇ ਦਿੱਖ ਵੀ ਵਧਾਈ ਜਾਵੇਗੀ।
ਐੱਸ.ਐੱਸ.ਪੀ. ਵਰੁਣ ਸ਼ਰਮਾ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਆਮ ਲੋਕਾਂ ਲਈ ਹੋਰ ਸੁਖਾਲਾ ਬਣਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਰਹੇਗੀ। ਉਹ ਨਿਰਧਾਰਿਤ ਦਫ਼ਤਰੀ ਸਮੇਂ ਦੌਰਾਨ ਖ਼ੁਦ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਸੁਣਨਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਤਸਕਰਾਂ, ਅਪਰਾਧਿਕ ਅਨਸਰਾਂ, ਸਾਈਬਰ ਠੱਗੀ ਅਤੇ ਘਰੇਲੂ ਹਿੰਸਾ ਸੰਬੰਧੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ। ਉਨ੍ਹਾਂ ਭਰੋਸਾ ਦਿੱਤਾ ਕਿ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਇਆ ਜਾਵੇਗਾ।
ਟਰਾਈਸਿਟੀ ਵਿਚ ਮੁਹਾਲੀ ਦੀ ਅਹਿਮ ਭੂਗੋਲਿਕ ਸਥਿਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਧਰਨੇ ਜਾਂ ਪ੍ਰਦਰਸ਼ਨ ਦੌਰਾਨ ਪੁਲਿਸ ਦੀ ਪਹਿਲੀ ਤਰਜੀਹ ਪ੍ਰਭਾਵਸ਼ਾਲੀ ਟਰੈਫਿਕ ਪ੍ਰਬੰਧਨ ਰਹੇਗੀ। ਕਿਸਾਨਾਂ ਅਤੇ ਹੋਰਨਾਂ ਜਥੇਬੰਦੀਆਂ ਨੂੰ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਦੀ ਆਜ਼ਾਦੀ ਦੇ ਨਾਲ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਆਮ ਲੋਕਾਂ ਨੂੰ ਟਰੈਫਿਕ ਸੰਬੰਧੀ ਪ੍ਰੇਸ਼ਾਨੀ ਨਾ ਆਵੇ। ਐਂਬੂਲੈਂਸਾਂ, ਸਕੂਲੀ ਵਾਹਨਾਂ ਅਤੇ ਜ਼ਰੂਰੀ ਸੇਵਾਵਾਂ ਦੀ ਆਵਾਜਾਈ ਨਿਰਵਿਘਨ ਰੱਖਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਪੁਲਿਸ ਫੋਰਸ ਦੀ ਵਧੇਰੇ ਪ੍ਰਭਾਵਸ਼ਾਲੀ ਵਰਤੋਂ ਲਈ ਮਨੁੱਖੀ ਸਰੋਤਾਂ ਦਾ ਵਿਆਪਕ ਆਡਿਟ ਕੀਤਾ ਜਾਵੇਗਾ। ਨਾਨ-ਕੋਰ ਡਿਊਟੀਆਂ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਪੜਾਅਵਾਰ ਢੰਗ ਨਾਲ ਫਰੰਟਲਾਈਨ ਪੁਲਿਸਿੰਗ ਲਈ ਮੁੜ ਤਾਇਨਾਤ ਕੀਤਾ ਜਾਵੇਗਾ, ਜਿਸ ਨਾਲ ਥਾਣਿਆਂ ਅਤੇ ਫੀਲਡ ਯੂਨਿਟਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਦੱਸਣਯੋਗ ਹੈ ਕਿ 2007 ਵਿਚ ਪੀ.ਪੀ.ਐੱਸ. ਅਧਿਕਾਰੀ ਰਜਿੰਦਰ ਸਿੰਘ ਖਟੜਾ ਨੂੰ ਮੁਹਾਲੀ ਦਾ ਪਹਿਲਾ ਐੱਸ.ਐੱਸ.ਪੀ. ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ ਹੁਣ ਤੱਕ ਜ਼ਿਲ੍ਹੇ ਵਿਚ ਐੱਸ.ਐੱਸ.ਪੀ. ਦੇ ਅਹੁਦੇ ’ਤੇ ਕਈ ਤਬਦੀਲੀਆਂ ਹੋ ਚੁੱਕੀਆਂ ਹਨ, ਜਦਕਿ ਕੁਝ ਅਧਿਕਾਰੀਆਂ ਨੂੰ ਮੁੜ ਇਸ ਅਹੁਦੇ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ।