ਵੈਨਕੂਵਰ, 4 ਸਤੰਬਰ (ਮਲਕੀਤ ਸਿੰਘ)- ਵੈਨਕੂਵਰ ਪੁਲਿਸ ਵਿਭਾਗ ਨਾਲ ਸੰਬੰਧਿਤ ਪੰਜਾਬੀ ਮੂਲ ਦੇ ਪੁਲਿਸ ਅਧਿਕਾਰੀ ਕੈਲ ਦੋਸਾਂਝ ਨੂੰ ਪੁਲਿਸ ਵਲੋਂ ਚੋਰੀ ਅਤੇ ਧੋਖਾਧੜੀ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਵੈਨਕੂਵਰ ਪੁਲਿਸ ਵਲੋਂ ਦੋਸਾਂਝ ਨੂੰ ਵੀਰਵਾਰ ਦੁਪਹਿਰ ਵੇਲੇ ਸਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਦੁਸਾਂਝ ਦੀ ਰਿਹਾਇਸ਼ ਦੇ ਨਾਲ ਨਾਲ ਕਿਡਜ਼ ਪਲੇਅ ਫਾਊਂਡੇਸ਼ਨ ਦੇ ਦਫ਼ਤਰਾਂ ਦੀ ਤਲਾਸ਼ੀ ਵੀ ਲਈ।
ਇਥੇ ਜ਼ਿਕਰਯੋਗ ਹੈ ਕਿ ਦੋਸਾਂਝ ਵੈਨਕੂਵਰ ਪੁਲਿਸ ਦੇ ਅਧਿਕਾਰੀ ਹੋਣ ਦੇ ਨਾਲ ਨੌਜਵਾਨਾਂ ਨੂੰ ਗੈਂਗਾਂ ਅਤੇ ਅਪਰਾਧਕ ਸਰਗਰਮੀਆਂ ਤੋਂ ਦੂਰ ਰੱਖਣ ਲਈ ਕੀਤੇ ਜਾਂਦੇ ਕੰਮਾਂ ਕਾਰਨ ਵੀ ਜਾਣੇ ਜਾਂਦੇ ਹਨ। ਉਨ੍ਹਾਂ ਵਲੋਂ ਸਥਾਪਿਤ ਕਿਡਜ਼ ਪਲੇਅ ਫਾਊਂਡੇਸ਼ਨ ਨੌਜਵਾਨਾਂ ਨਾਲ ਸੰਬੰਧਿਤ ਸਮਾਜਿਕ ਕਾਰਜਾਂ ਨਾਲ ਜੁੜੀ ਹੋਈ ਹੈ। ਦੋਸਾਂਝ ਖ਼ਿਲਾਫ਼ ਲਗਾਏ ਗਏ ਇਹ ਦੋਸ਼ ਅਜੇ ਅਦਾਲਤ ਵਿਚ ਸਾਬਤ ਨਹੀਂ ਹੋਏ ਅਤੇ ਉਨ੍ਹਾਂ ਨੂੰ ਅਦਾਲਤੀ ਕਾਰਵਾਈ ਦੌਰਾਨ ਆਪਣਾ ਪੱਖ ਰੱਖਣ ਦਾ ਪੂਰਾ ਅਧਿਕਾਰ ਹੈ। ਕੈਲ ਦੁਸਾਂਝ ਦੇ ਵਕੀਲ ਵਲੋਂ ਦੁਸਾਂਝ ’ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਗਿਆ ਹੈ।