ਚੰਡੀਗੜ੍ਹ, 11 ਅਗਸਤ (ਪ੍ਰੋ ਅਵਤਾਰ ਸਿੰਘ) - ਪੰਜਾਬ ਸਰਕਾਰ ਵਲੋਂ ਪ੍ਰਬੰਧਕੀ ਕਾਰਨਾਂ ਦੇ ਆਧਾਰ ’ਤੇ ਚਾਰ ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ/ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਵਲੋਂ ਜਾਰੀ ਹੁਕਮਾਂ ਅਨੁਸਾਰ ਇਹ ਤਬਾਦਲੇ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਹੁਕਮਾਂ ਅਨੁਸਾਰ ਵਰੁਣ ਰੂਜਮ, ਆਈ.ਏ.ਐੱਸ. (2004), ਜੋ ਇਸ ਸਮੇਂ ਪ੍ਰਬੰਧਕੀ ਸਕੱਤਰ, ਟਰਾਂਸਪੋਰਟ ਵਜੋਂ ਸੇਵਾਵਾਂ ਨਿਭਾਅ ਰਹੇ ਸਨ, ਨੂੰ ਇਸੇ ਅਹੁਦੇ ’ਤੇ ਜਾਰੀ ਰੱਖਦਿਆਂ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਪ੍ਰਬੰਧਕੀ ਸਕੱਤਰ ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ।
ਸਾਕਸ਼ੀ ਸਾਹਨੀ, ਆਈ.ਏ.ਐਸ. (2014) ਨੂੰ ਵਿਸ਼ੇਸ਼ ਸਕੱਤਰ, ਸਿਹਤ ਤੇ ਪਰਿਵਾਰ ਭਲਾਈ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਮਿਸ਼ਨ ਡਾਇਰੈਕਟਰ, ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਅਤੇ ਨੋਡਲ ਅਫ਼ਸਰ, ਨਸ਼ਾ ਵਿਰੋਧੀ ਮੁਹਿੰਮ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਡਾਇਰੈਕਟਰ, ਖੇਡਾਂ ਤੇ ਯੁਵਕ ਸੇਵਾਵਾਂ ਦਾ ਚਾਰਜ ਖਾਲੀ ਅਹੁਦੇ ਦੇ ਵਿਰੁੱਧ ਸੌਂਪਿਆ ਗਿਆ ਹੈ।
ਇਸੇ ਤਰ੍ਹਾਂ ਸੰਦੀਪ ਰਿਸ਼ੀ, ਆਈ.ਏ.ਐੱਸ. (2015), ਨੂੰ ਮੁੱਖ ਪ੍ਰਸ਼ਾਸਕ, ਗ੍ਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ), ਐਸ.ਏ.ਐਸ. ਨਗਰ ਅਤੇ ਮੁੱਖ ਪ੍ਰਸ਼ਾਸਕ, ਗਮਾਡਾ, ਐਸ.ਏ.ਐਸ. ਨਗਰ ਦੇ ਅਹੁਦੇ ’ਤੇ ਜਾਰੀ ਰੱਖਦਿਆਂ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ।
ਨਿਕਾਸ ਕੁਮਾਰ, ਆਈ.ਏ.ਐਸ. (2020) ਨੂੰ ਵਧੀਕ ਸਕੱਤਰ, ਆਮ ਰਾਜ ਪ੍ਰਬੰਧ ਤੇ ਤਾਲਮੇਲ ਵਿਭਾਗ ਨਿਯੁਕਤ ਕੀਤਾ ਗਿਆ ਹੈ। ਸਰਕਾਰ ਵਲੋਂ ਜਾਰੀ ਹੁਕਮਾਂ ਵਿਚ ਸਬੰਧਤ ਅਧਿਕਾਰੀਆਂ ਨੂੰ ਆਪਣੀ ਨਵੀਂ ਤਾਇਨਾਤੀ ਵਾਲੀ ਥਾਂ ’ਤੇ ਤੁਰੰਤ ਅਹੁਦਾ ਸੰਭਾਲਣ ਦੇ ਨਿਰਦੇਸ਼ ਦਿੱਤੇ ਗਏ ਹਨ।