08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਕਾਲਾ ਸੰਘਿਆਂ ਮੇਨ ਬਾਜ਼ਾਰ ਵਿਖੇ ਅੱਧੀ ਰਾਤ ਨੂੰ ਚੱਲੀਆਂ ਗੋਲੀਆਂ, ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਕਾਲਾ ਸੰਘਿਆਂ (ਕਪੂਰਥਲਾ), 8 ਅਗਸਤ (ਬਲਜੀਤ ਸਿੰਘ ਸੰਘਾ) - ਜ਼ਿਲ੍ਹਾ ਕਪੂਰਥਲਾ ਦੇ ਇਤਿਹਾਸਿਕ ਕਸਬਾ ਕਾਲਾ...

Ad Position 21
No active advertisement
ਅਜੀਤ ਡੈਸਕ 08-08-2026

ਕਾਲਾ ਸੰਘਿਆਂ (ਕਪੂਰਥਲਾ), 8 ਅਗਸਤ (ਬਲਜੀਤ ਸਿੰਘ ਸੰਘਾ) - ਜ਼ਿਲ੍ਹਾ ਕਪੂਰਥਲਾ ਦੇ ਇਤਿਹਾਸਿਕ ਕਸਬਾ ਕਾਲਾ ਸੰਘਿਆਂ ਵਿਖੇ ਬੀਤੀ ਦੇਰ ਰਾਤ ਅਣਪਛਾਤਿਆਂ ਵਲੋਂ ਚਲਾਈਆਂ ਗੋਲੀਆਂ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਾਲਾ ਸੰਘਿਆਂ ਦੇ ਮੇਨ ਬਾਜ਼ਾਰ ਵਿਖੇ ਕੱਪੜਾ ਕਾਰੋਬਾਰੀ ਕੁਲਦੀਪ ਕੁਮਾਰ ਲੂੰਬਾ ਦੀ ਦੁਕਾਨ ਅਤੇ ਦੁਕਾਨ ਦੇ ਉੱਪਰ ਹੀ ਬਣੀ ਰਿਹਾਇਸ਼ ਤੇ ਬੀਤੀ 7-8 ਅਗਸਤ ਦੀ ਦਰਮਿਆਨੀ ਰਾਤ ਕਰੀਬ ਡੇਢ ਵਜੇ ਇਕ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਵਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ।

ਗੋਲ਼ੀਆਂ ਦੀ ਅਵਾਜ਼ ਸੁਣ ਕੇ ਨਜ਼ਦੀਕ ਡਿਊਟੀ ਦੇ ਰਹੇ ਮੇਨ ਬਾਜ਼ਾਰ ਦੀਆਂ ਦੁਕਾਨਾਂ ਦੇ ਪਹਿਰੇਦਾਰਾਂ ਨੇ ਕੁਲਦੀਪ ਕੁਮਾਰ ਲੂੰਬਾ ਤੇ ਉਸ ਦੇ ਪਰਿਵਾਰ ਨੂੰ ਉਠਾਇਆ ਤੇ ਲੂੰਬਾ ਨੇ ਪਿੰਡ ਦੇ ਮੋਹਤਬਰਾਂ ਨੂੰ ਟੈਲੀਫੋਨ ਕਰਕੇ ਬੁਲਾਇਆ ਅਤੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ। ਘਟਨਾ ਦੀ ਸੂਚਨਾ ਮਿਲਣ ਉਪਰੰਤ ਮੌਕੇ ਤੇ ਕਾਲਾ ਸੰਘਿਆਂ ਪੁਲਿਸ ਚੌਂਕੀ ਦੇ ਮੁਲਾਜ਼ਮ ਅਤੇ ਕਪੂਰਥਲਾ ਦੇ ਥਾਣਾ ਸਦਰ ਦੇ ਥਾਣਾ ਮੁਖੀ ਸਬ ਇੰਸਪੈਕਟਰ ਮੇਜਰ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਜਗ੍ਹਾ ਤੇ ਪਹੁੰਚੇ।

ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋਈ ਘਟਨਾ ਮੁਤਾਬਕ ਅਣਪਛਾਤਿਆਂ ਵਲੋਂ ਕੁਲਦੀਪ ਕੁਮਾਰ ਲੂੰਬਾ ਦੀ ਦੁਕਾਨ ਤੇ ਘਰ ਤੇ 4 ਰਾਊਂਡ ਫਾਇਰ ਕੀਤੇ ਗਏ ਜਿਨ੍ਹਾਂ ਵਿਚੋਂ ਇਕ ਗੋਲੀ ਦੁਕਾਨ ਦਾ ਸ਼ਟਰ ਚੀਰ ਕੇ ਅਗਲੇ ਪਾਸੇ ਲੱਗੇ ਸ਼ੀਸ਼ੇ (ਟਫਨ) ਵਿਚ ਲੱਗੀ ਤੇ ਸ਼ੀਸ਼ਾ ਚਕਨਾਚੂਰ ਹੋ ਗਿਆ। ਇਨ੍ਹਾਂ ਚੱਲੀਆਂ ਗੋਲੀਆਂ ਦੇ ਖੋਲ ਵੀ ਬਰਾਮਦ ਕਰ ਲਏ ਗਏ ਹਨ। ਗੋਲ਼ੀਆਂ ਚੱਲਣ ਦੀ ਘਟਨਾ ਤੋਂ ਬਾਅਦ ਫੈਲੀ ਦਹਿਸ਼ਤ ਕਾਰਨ ਅੱਜ ਦਿਨ ਵੇਲੇ ਬਜ਼ਾਰ ਵਿਚ ਦੁਕਾਨਾਂ ਤੇ ਗ੍ਰਾਹਕ ਵੀ ਨਾ ਦੇ ਬਰਾਬਰ ਵਿਖਾਈ ਦਿੱਤੇ।

ਕਾਲ਼ਾ ਸੰਘਿਆਂ ਪੁਲਿਸ ਚੌਂਕੀ ਇੰਚਾਰਜ਼ ਏ. ਐਸ. ਆਈ. ਅਮਰਜੀਤ ਸਿੰਘ ਨੇ ਕਿਹਾ ਕਿ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਲਗਾਤਾਰ ਤਫਤੀਸ਼ ਜਾਰੀ ਹੈ। ਘਟਨਾ ਨੂੰ ਹਰ ਪਹਿਲੂ ਤੋਂ ਵੇਖਿਆ ਜਾ ਰਿਹਾ ਹੈ ਅਤੇ ਪੁਲਿਸ ਸੂਤਰਾਂ ਰਾਹੀਂ ਗੋਲੀਆਂ ਚਲਾਉਣ ਵਾਲਿਆਂ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਲਦ ਹੀ ਗੋਲੀਆਂ ਚਲਾਉਣ ਵਾਲੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਵਲੋਂ ਕ੍ਰਾਸ-ਬਾਰਡਰ ਨਸ਼ਾ ਤਸਕਰੀ ਮਡਿਊਲ ਦਾ ਪਰਦਾਫਾਸ਼, ਦੋ ਕਾਬੂ
Ad Position 24