ਮੈਡੀਕਲ ਸਟੋਰ ਵਾਲੇ ਪਾਸੋਂ ਫਿਰੌਤੀ ਮੰਗਣ ਤੇ ਪੈਸੇ ਨਾ ਮਿਲਣ ’ਤੇ ਉਸ ਦੇ ਘਰ ’ਤੇ ਗੋਲੀਆਂ ਚਲਾਉਣ ਦਾ ਮਾਮਲਾ ਹੋਇਆ ਹੱਲ
ਕਪੂਰਥਲਾ, 13 ਨਵੰਬਰ (ਸਡਾਨਾ)-ਮੈਡੀਕਲ ਸਟੋਰ ਡਡਵਿੰਡੀ ਦੇ ਮਾਲਕ ਪਾਸੋਂ ਫਿਰੌਤੀ ਮੰਗਣ ਅਤੇ ਫਿਰੌਤੀ ਨਾ ਦੇਣ ’ਤੇ ਉਸ ਦੇ ਘਰ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਨੂੰ ਹੱਲ ਕਰਦਿਆਂ ਕਪੂਰਥਲਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ.
ਕਪੂਰਥਲਾ, 13 ਨਵੰਬਰ (ਸਡਾਨਾ)-ਮੈਡੀਕਲ ਸਟੋਰ ਡਡਵਿੰਡੀ ਦੇ ਮਾਲਕ ਪਾਸੋਂ ਫਿਰੌਤੀ ਮੰਗਣ ਅਤੇ ਫਿਰੌਤੀ ਨਾ ਦੇਣ ’ਤੇ ਉਸ ਦੇ ਘਰ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਨੂੰ ਹੱਲ ਕਰਦਿਆਂ ਕਪੂਰਥਲਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਗੌਰਵ ਤੂਰਾ ਨੇ ਦੱਸਿਆ ਕਿ ਬੀਤੀ 23 ਅਕਤੂਬਰ ਨੂੰ ਮੈਡੀਕਲ ਸਟੋਰ ਡਡਵਿੰਡੀ ਦੇ ਮਾਲਕ ਨੂੰ ਵਿਦੇਸ਼ੀ ਵਟਸਐਪ ਨੰਬਰ ਤੋਂ 50 ਲੱਖ ਰੁਪਏ ਫਿਰੌਤੀ ਸਬੰਧੀ ਮੰਗ ਕੀਤੀ ਗਈ ਤੇ ਫਿਰੌਤੀ ਨਾ ਦੇਣ ’ਤੇ ਉਸ ਨੂੰ ਡਰਾਉਣ ਲਈ ਉਸ ਦੇ ਘਰ ਪਿੰਡ ਮੋਠਾਂਵਾਲ ਵਿਖੇ ਗੋਲੀਆਂ ਚਲਾਈਆਂ ਗਈਆਂ। ਜਿਸ ਤਹਿਤ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਸੀ। ਐਸ.ਐਸ.ਪੀ. ਨੇ ਦੱਸਿਆ ਕਿ ਐਸ.ਪੀ.ਡੀ. ਹਰਿੰਦਰ ਸਿੰਘ ਗਿੱਲ, ਏ.ਐਸ.ਪੀ. ਸੁਲਤਾਨਪੁਰ ਲੋਧੀ ਧਰਿੰਦਰ ਵਰਮਾ ਦੀ ਦੇਖ ਰੇਖ ਹੇਠ ਵੱਖ-ਵੱਖ ਟੀਮਾਂ ਬਣਾਈਆਂ ਗਈਆਂ, ਜਿਸ ਵਿਚ ਸੀ.ਆਈ.ਏ. ਤੇ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਇਸ ਮਾਮਲੇ ਨੂੰ ਹੱਲ ਕਰਕੇ ਕਥਿਤ ਦੋਸ਼ੀ ਗੁਰਚੇਤ ਸਿੰਘ ਉਰਫ਼ ਚੇਤਾ ਵਾਸੀ ਪਿੰਡ ਭੀਮ ਕਦੀਮ ਤੇ ਮਨਦੀਪ ਸਿੰਘ ਉਰਫ਼ ਗੋਲੀ ਵਾਸੀ ਪਿੰਡ ਚੱਕ ਕੋਟਲਾ ਸੁਲਤਾਨਪੁਰ ਲੋਧੀ ਨੂੰ ਗ੍ਰਿਫ਼ਤਾਰ ਕੀਤਾ ਤੇ ਇਨ੍ਹਾਂ ਦੇ ਕਬਜ਼ੇ ਵਿਚੋਂ ਦੋ ਦੇਸੀ ਪਿਸਟਲ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕਥਿਤ ਦੋਸ਼ੀ ਮਨਦੀਪ ਸਿੰਘ ਵਲੋਂ ਸ਼ਿਕਾਇਤਕਰਤਾ ਸਬੰਧੀ ਜਾਣਕਾਰੀ ਇਕੱਠੀ ਕਰਕੇ ਵਿਦੇਸ਼ ਬੈਠੇ ਆਪਣੇ ਗਿਰੋਹ ਦੇ ਮੁਖੀ ਯਾਦਵਿੰਦਰ ਸਿੰਘ ਉਰਫ਼ ਯਾਦਾ ਵਾਸੀ ਜ਼ਿਲ੍ਹਾ ਤਰਨ ਤਾਰਨ ਦਿੱਤੀ ਤੇ ਉਸ ਵਲੋਂ ਵੀ 50 ਲੱਖ ਰੁਪਏ ਦੀ ਫਿਰੌਤੀ ਮੰਗ ਕੀਤੀ ਗਈ ਤੇ ਪੈਸੇ ਨਾ ਮਿਲਣ ’ਤੇ ਉਕਤ ਦੋਵਾਂ ਕਥਿਤ ਦੋਸ਼ੀਆਂ ਨੇ ਉਸ ਦੇ ਘਰ ’ਤੇ ਗੋਲੀਆਂ ਚਲਾਈਆਂ। ਐਸ.ਐਸ.ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਪੰਜ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਨ੍ਹਾਂ ਪਾਸੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਨਦੀਪ ਸਿੰਘ ਉਰਫ਼ ਗੋਲੀ ਵਿਰੁੱਧ ਥਾਣਾ ਸੁਲਤਾਨਪੁਰ ਲੋਧੀ ਵਿਖੇ ਪਹਿਲਾਂ ਵੀ ਇਕ ਮਾਮਲਾ ਦਰਜ ਹੈ। ਐਸ.ਐਸ.ਪੀ. ਗੌਰਵ ਤੂਰਾ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਤਰਨ ਤਾਰਨ ਵਿਖੇ ਵੀ ਫਿਰੌਤੀ ਸਬੰਧੀ ਇਕ ਥਾਂ ’ਤੇ ਗੋਲੀਆਂ ਚਲਾਈਆਂ ਸਨ ਤੇ ਕਪੂਰਥਲਾ ਵਿਖੇ ਵੀ ਇਕ ਵਪਾਰੀ ਨੂੰ ਫਿਰੌਤੀ ਲਈ ਇਸ ਗਿਰੋਹ ਵਲੋਂ ਧਮਕੀ ਭਰਿਆ ਫ਼ੋਨ ਕੀਤਾ ਗਿਆ ਸੀ। ਇਸ ਮੌਕੇ ਐਸ.ਐਸ.ਪੀ. ਦੇ ਨਾਲ ਐਸ.ਪੀ.ਡੀ. ਹਰਿੰਦਰ ਸਿੰਘ ਗਿੱਲ, ਏ.ਐਸ.ਪੀ. ਧਰਿੰਦਰ ਵਰਮਾ, ਸੀ.ਆਈ.ਏ. ਇੰਚਾਰਜ ਰਮਨ ਕੁਮਾਰ, ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਸਬ ਇੰਸਪੈਕਟਰ ਦਵਿੰਦਰਪਾਲ ਤੇ ਹੋਰ ਹਾਜ਼ਰ ਸਨ।