ਜ਼ਿਲ੍ਹੇ ’ਚ ਡਰਾਫ਼ਟ ਵੋਟਰ ਸੂਚੀਆਂ ਸਬੰਧੀ ਦਾਅਵੇ ਤੇ ਇਤਰਾਜ਼ ਦਾਇਰ ਕਰਨ ਦੀ ਪ੍ਰਕਿਰਿਆ ਸ਼ੁਰੂ
ਕਪੂਰਥਲਾ, 12 ਨਵੰਬਰ (ਅਮਰਜੀਤ ਕੋਮਲ)-ਵਿਸ਼ੇਸ਼ ਸੰਖੇਪ ਸੁਧਾਈ ਤੋਂ ਬਾਅਦ ਪ੍ਰਕਾਸ਼ਿਤ ਕੀਤੀਆਂ ਡਰਾਫ਼ਟ ਵੋਟਰ ਸੂਚੀਆਂ ਸਬੰਧੀ ਦਾਅਵੇ ਤੇ ਇਤਰਾਜ਼ ਦਾਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਜੋ 11 ਦਸੰਬਰ ਤੱਕ ਜਾਰੀ ਰਹੇਗੀ, ਇਸ ਸਮੇਂ ਦੌਰਾਨ ਪ੍ਰਾਪਤ ਹੋਣ ਵਾਲੇ ਦਾਅਵੇ ਤੇ ਇਤਰਾਜ਼ਾਂ ਦਾ ਪ੍ਰਗਟਾਵਾ 28 ਦਸੰਬਰ ਤੱਕ ਕੀਤਾ ਜਾਵੇਗਾ ਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਂ 4 ਜਨਵਰੀ 2027 ਨੂੰ ਹੋਵੇਗੀ। ਇਹ ਜਾਣਕਾਰੀ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਕਪੂਰਥਲਾ ਜ਼ਿਲ੍ਹੇ ਵਿਚ ਪੈਂਦੇ ਚਾਰ ਵਿਧਾਨ ਸਭਾ ਹਲਕਿਆਂ ਕਪੂਰਥਲਾ, ਸੁਲਤਾਨਪੁਰ ਲੋਧੀ, ਫਗਵਾਡ਼ਾ ਤੇ ਭੁਲੱਥ ਦੀਆਂ ਡਰਾਫ਼ਟ ਵੋਟਰ ਸੂਚੀਆਂ, ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਰਸਮੀ ਤੌਰ ’ਤੇ ਸੌਂਪਣ ਮੌਕੇ ਦਿੱਤੀ।
ਕਪੂਰਥਲਾ, 12 ਨਵੰਬਰ (ਅਮਰਜੀਤ ਕੋਮਲ)-ਵਿਸ਼ੇਸ਼ ਸੰਖੇਪ ਸੁਧਾਈ ਤੋਂ ਬਾਅਦ ਪ੍ਰਕਾਸ਼ਿਤ ਕੀਤੀਆਂ ਡਰਾਫ਼ਟ ਵੋਟਰ ਸੂਚੀਆਂ ਸਬੰਧੀ ਦਾਅਵੇ ਤੇ ਇਤਰਾਜ਼ ਦਾਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਜੋ 11 ਦਸੰਬਰ ਤੱਕ ਜਾਰੀ ਰਹੇਗੀ, ਇਸ ਸਮੇਂ ਦੌਰਾਨ ਪ੍ਰਾਪਤ ਹੋਣ ਵਾਲੇ ਦਾਅਵੇ ਤੇ ਇਤਰਾਜ਼ਾਂ ਦਾ ਪ੍ਰਗਟਾਵਾ 28 ਦਸੰਬਰ ਤੱਕ ਕੀਤਾ ਜਾਵੇਗਾ ਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਂ 4 ਜਨਵਰੀ 2027 ਨੂੰ ਹੋਵੇਗੀ। ਇਹ ਜਾਣਕਾਰੀ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਕਪੂਰਥਲਾ ਜ਼ਿਲ੍ਹੇ ਵਿਚ ਪੈਂਦੇ ਚਾਰ ਵਿਧਾਨ ਸਭਾ ਹਲਕਿਆਂ ਕਪੂਰਥਲਾ, ਸੁਲਤਾਨਪੁਰ ਲੋਧੀ, ਫਗਵਾਡ਼ਾ ਤੇ ਭੁਲੱਥ ਦੀਆਂ ਡਰਾਫ਼ਟ ਵੋਟਰ ਸੂਚੀਆਂ, ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਰਸਮੀ ਤੌਰ ’ਤੇ ਸੌਂਪਣ ਮੌਕੇ ਦਿੱਤੀ। ਉਨ੍ਹਾਂ ਕਿਹਾ ਕਿ 1 ਜਨਵਰੀ 2027 ਦੀ ਯੋਗਤਾ ਮਿਤੀ ਅਨੁਸਾਰ ਵਿਧਾਨ ਸਭਾ ਹਲਕਾ ਭੁਲੱਥ ਵਿਚ ਕੁੱਲ 1,20,643 ਵੋਟਰ ਹਨ, ਜਿਨ੍ਹਾਂ ਵਿਚੋਂ 61,388 ਪੁਰਸ਼, 59,254 ਔਰਤਾਂ ਤੇ ਤੀਜੇ ਲਿੰਗ ਵਾਲਾ ਇਕ ਵੋਟਰ ਸ਼ਾਮਿਲ ਹੈ, ਜਦਕਿ ਕਪੂਰਥਲਾ ਹਲਕੇ ਵਿਚ ਕੁੱਲ 1,30,991 ਵੋਟਰਾਂ ਵਿਚੋਂ 67,130 ਪੁਰਸ਼, 63,851 ਔਰਤਾਂ ਤੇ 10 ਤੀਜੇ ਲਿੰਗ ਦੇ ਵੋਟਰ ਹਨ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਵਿਚ 1,39,813 ਵੋਟਰਾਂ ਵਿਚੋਂ 73,173 ਪੁਰਸ਼, 66,640 ਔਰਤਾਂ ਹਨ, ਜਦਕਿ ਫਗਵਾਡ਼ਾ ਵਿਧਾਨ ਸਭਾ ਹਲਕੇ ਵਿਚ 1,69,608 ਵੋਟਰਾਂ ਵਿਚੋਂ 87,405 ਪੁਰਸ਼, 82,192 ਔਰਤਾਂ ਤੇ 11 ਤੀਜੇ ਲਿੰਗ ਵਾਲੇ ਵੋਟਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਯੋਗ ਨਾਗਰਿਕਾਂ, ਵਿਸ਼ੇਸ਼ ਕਰਕੇ ਨੌਜਵਾਨਾਂ ਅਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੋਟਰ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾਉਣਾ ਯਕੀਨੀ ਬਣਾਉਣ। ਅਕਾਸ਼ ਬਾਂਸਲ ਨੇ ਕਿਹਾ ਕਿ ਜਿਹਡ਼ੇ ਨਾਗਰਿਕ ਯੋਗਤਾ ਮਿਤੀ ਤੱਕ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਨ ਜਾਂ ਕਰਨ ਵਾਲੇ ਹਨ, ਉਹ ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰਤ ਵੋਟਰ ਸੇਵਾਵਾਂ ਪੋਰਟਲ ਰਾਹੀਂ ਫਾਰਮ ਨੰਬਰ 6 ਭਰ ਕੇ ਆਪਣੀ ਵੋਟ ਬਣਵਾ ਸਕਦੇ ਹਨ। ਮੀਟਿੰਗ ਵਿਚ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਵਜੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਤੇ ਜ਼ਿਲ੍ਹਾ ਵਿਰਾਸਤੀ ਸੰਗਠਨ ਦੇ ਪ੍ਰਧਾਨ ਪਰਵਿੰਦਰ ਸਿੰਘ ਢੋਟ, ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਵਲੋਂ ਤਨਵੀਰ ਸਿੰਘ ਰੰਧਾਵਾ, ਕਾਂਗਰਸ ਵਲੋਂ ਪਰਮਿੰਦਰ ਸਿੰਘ, ਭਾਜਪਾ ਵਲੋਂ ਸੌਰਵ ਖੁੱਲਰ ਤੇ ਐਡਵੋਕੇਟ ਪਿਊਸ਼ ਮਨਚੰਦਾ, ਬਹੁਜਨ ਸਮਾਜ ਪਾਰਟੀ ਵੱਲੋਂ ਜਸਵੰਤ ਸਿੰਘ ਤੇ ਰਕੇਸ਼ ਕੁਮਾਰ ਦਾਤਾਰਪੁਰੀ, ਸੀ.ਪੀ.ਆਈ.ਐਮ. ਵਲੋਂ ਬਲਦੇਵ ਸਿੰਘ ਤੇ ਸੀ.ਪੀ.ਆਈ.ਵੱਲੋਂ ਕਾਮਰੇਡ ਕੇ.ਐਲ. ਕੌਸ਼ਲ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।