ਦਰਜਨ ਭਰ ਪਿੰਡਾਂ ਦੇ ਕਿਸਾਨਾਂ ਨੂੰ ਮੰਡੀ ’ਚ ਜਿਨਸਾਂ ਲੈ ਜਾਣ ’ਚ ਮਿਲੇਗੀ ਮਦਦ
ਸੁਲਤਾਨਪੁਰ ਲੋਧੀ, 17 ਅਕਤੂਬਰ (ਨਰੇਸ਼ ਹੈਪੀ)-ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਮੰਡ ਇਲਾਕੇ ਵਿਚ ਬਣ ਰਹੀ ਸੜਕ ਵਿਕਾਸ ਦਾ ਨਵਾਂ ਮੀਲ ਪੱਥਰ ਸਾਬਿਤ ਹੋਵੇਗੀ | ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਬਣ ਰਹੀ ਇਸ ਸੜਕ ਪੰਜਾਬ ਰਾਜ ਮੰਡੀ ਬੋਰਡ ਦੀ ਨਿਗਰਾਨੀ ਹੇਠ ਬਣਾਈ ਜਾ ਰਹੀ ਹੈ | ਫੱਤੇਵਾਲ ਗਊਸ਼ਾਲਾ ਤੋਂ ਇਸ ਦੇ ਬਣਨ ਦੀ ਸ਼ੁਰੂਆਤ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਇਹ ਸੜਕ ਮੰਡਲ ਇਲਾਕੇ ਦੀ ਤਸਵੀਰ ਅਤੇ ਕਿਸਾਨਾਂ ਦੀ ਤਕਦੀਰ ਬਦਲਕੇ ਰੱਖ ਦੇਵੇਗੀ | ਇਹ ਸੜਕ ਬਣਨ ਨਾਲ ਦਰਜਨ ਭਰ ਪਿੰਡਾਂ ਦੇ ਲੋਕਾਂ ਨੂੰ ਸਿੱਧਾ ਲਾਭ ਹੋਵੇਗਾ | ਸੰਤ ਸੀਚੇਵਾਲ ਨੇ ਕਿਹਾ ਕਿ ਸੜਕਾਂ ਇਲਾਕੇ ਦੀਆਂ ਜੀਵਨ ਰੇਖਾਵਾਂ ਵਾਂਗ ਹੁੰਦੀਆਂ ਹਨ | ਕਿਸਾਨਾਂ ਆਪਣੇ ਖੇਤਾਂ ਵਿਚੋਂ ਫ਼ਸਲਾਂ ਨੂੰ ਬੜੇ ਸੌਖੇ ਢੰਗ ਨਾਲ ਮੰਡੀਆਂ ਤੱਕ ਲੈ ਜਾ ਸਕਣਗੇ | ਉਨ੍ਹਾਂ ਦੱਸਿਆ ਕਿ ਫੱਤੇਵਾਲ, ਗਾਮੇਵਾਲ, ਜਾਮੇਵਾਲ, ਮੰਡ ਸਿੰਘ ਪੁਰ, ਗੁੱਦੇ, ਮੰਡ ਆਹਲੀ ਕਲਾਂ, ਆਹਲੀ ਖ਼ੁਰਦ ਅਤੇ ਆਹਲੀ ਕਲਾਂ ਸਮੇਤ ਹੋਰ ਇਲਾਕੇ ਦੇ ਪਿੰਡ ਸ਼ਾਮਿਲ ਹਨ | ਉਹਨਾਂ ਦੱਸਿਆ ਕਿ ਇਹ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਉਦਮ ਸਦਕਾ ਹੀ ਆਜ਼ਾਦੀ ਤੋਂ ਬਾਅਦ ਇੱਥੇ ਪੱਕੀ ਸੜਕ ਬਣਨ ਲੱਗੀ ਹੈ, ਜਿਸਦਾ ਇਲਾਕੇ ਦੇ ਕਿਸਾਨਾਂ ਨੂੰ ਵੱਡਾ ਲਾਭ ਹੋਵੇਗਾ |