ਪਿੰਡ ਖੈੜਾ ਬੇਟ ਵਿਖੇ ਐਨ.ਆਰ.ਆਈ. ਪਰਿਵਾਰ ਦੇ ਘਰ ਨੂੰ ਅਣਪਛਾਤਿਆਂ ਲਗਾਈ ਅੱਗ
ਭੰਡਾਲ ਬੇਟ/ਫੱਤੂਢੀਂਗਾ, 19 ਸਤੰਬਰ (ਜੋਗਿੰਦਰ ਸਿੰਘ ਜਾਤੀਕੇ/ ਬਲਜੀਤ ਸਿੰਘ)-ਥਾਣਾ ਫੱਤੂਢੀਂਗਾ ਅਧੀਨ ਪੈਂਦੇ ਪਿੰਡ ਖੈੜਾ ਬੇਟ ਦੇ ਵਿਦੇਸ਼ ਰਹਿੰਦੇ ਇੱਕ ਐਨ. ਆਰ.
ਭੰਡਾਲ ਬੇਟ/ਫੱਤੂਢੀਂਗਾ, 19 ਸਤੰਬਰ (ਜੋਗਿੰਦਰ ਸਿੰਘ ਜਾਤੀਕੇ/ ਬਲਜੀਤ ਸਿੰਘ)-ਥਾਣਾ ਫੱਤੂਢੀਂਗਾ ਅਧੀਨ ਪੈਂਦੇ ਪਿੰਡ ਖੈੜਾ ਬੇਟ ਦੇ ਵਿਦੇਸ਼ ਰਹਿੰਦੇ ਇੱਕ ਐਨ.ਆਰ.ਆਈ. ਪਰਿਵਾਰ ਦੇ ਘਰ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਨਿਸ਼ਾਨਾ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਦੇਰ ਰਾਤ ਕੁੱਝ ਅਣਪਛਾਤੇ ਵਿਅਕਤੀ ਘਰ ਵਿਚ ਦਾਖਲ ਹੋਏ ਅਤੇ ਖੜ੍ਹੀ ਸਕਾਰਪੀਓ ਗੱਡੀ ਅਤੇ ਕੁਝ ਘਰੇਲੂ ਸਾਮਾਨ ਨੂੰ ਅੱਗ ਲਗਾ ਦਿੱਤੀ | ਇਸ ਘਟਨਾ ਦਾ ਪਤਾ ਆਂਢ-ਗੁਆਂਢ ਵਿਚ ਰਹਿੰਦੇ ਲੋਕਾਂ ਨੂੰ ਉਸ ਵੇਲੇ ਲੱਗਾ ਜਦੋਂ ਅੱਗ ਲੱਗਣ ਕਾਰਨ ਗੱਡੀ ਦੇ ਟਾਇਰ ਫਟਣੇ ਸ਼ੁਰੂ ਹੋ ਗਏ ਤੇ ਜ਼ੋਰਦਾਰ ਧਮਾਕਾ ਹੋਇਆਂ | ਜਿਸ ਤੋਂ ਬਾਅਦ ਆਂਢ-ਗੁਆਂਢ ਦੇ ਲੋਕਾਂ ਵਲੋਂ ਕਾਫ਼ੀ ਮਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ ਤੇ ਤੁਰੰਤ ਐਨ.ਆਰ.ਆਈ. ਪਰਿਵਾਰ ਨੂੰ ਫ਼ੋਨ ’ਤੇ ਸੂਚਨਾ ਦਿੱਤੀ ਗਈ | ਇਹ ਘਟਨਾ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਖੈੜਾ ਬੇਟ ਦੀ ਹੈ, ਜਿੱਥੋਂ ਦਾ ਕੁਲਵੰਤ ਸਿੰਘ ਖੈੜਾ ਪੁੱਤਰ ਨੰਬਰਦਾਰ ਕਰਨੈਲ ਸਿੰਘ ਦਾ ਪਰਿਵਾਰ ਲੰਮੇ ਸਮੇਂ ਤੋਂ ਵਿਦੇਸ਼ ਵਿਚ ਰਹਿ ਰਿਹਾ ਹੈ | ਪੱਤਰਕਾਰਾਂ ਨਾਲ ਫ਼ੋਨ ’ਤੇ ਗੱਲਬਾਤ ਕਰਦਿਆਂ ਐਨ.ਆਰ.ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਉਸ ਦਾ ਇੱਕ ਸਥਾਨਕ ਧਾਰਮਿਕ ਡੇਰੇ ਨਾਲ ਵਿਵਾਦ ਚੱਲ ਰਿਹਾ ਹੈ ਅਤੇ ਉਸ ਨੂੰ ਪੂਰਾ ਸ਼ੱਕ ਹੈ ਕਿ ਇਸ ਘਟਨਾ ਨੂੰ ਉਕਤ ਡੇਰੇ ਦੇ ਵਿਅਕਤੀਆਂ ਵਲੋਂ ਹੀ ਅੰਜਾਮ ਦਿੱਤਾ ਗਿਆ ਹੈ | ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਪਾਸੋਂ ਇਸ ਘਟਨਾ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ | ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਫੱਤੂਢੀਂਗਾ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ਮਾਮਲੇ ਨੂੰ ਲੈ ਕੇ ਕੈਨੇਡਾ ਵਾਸੀ ਪੀੜਤ ਕੁਲਵੰਤ ਸਿੰਘ ਖੈੜਾ ਨੇ ਇਕ ਵੀਡੀਓ ਜਾਰੀ ਕੀਤਾ ਹੈ |