ਸ਼ਹਿਰ ਵਿਚ ਲੋਕ ਹਿਤਾਂ ਨੂੰ ਅੱਖੋਂ ਪਰੋਖੇ ਕਰਨ ਵਾਲੇ ਕਿਸੇ ਕਾਰਜ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਸਲਵਾਨ, ਵਾਲੀਆ
8.70 ਕਰੋੜ ਵਾਲਾ ਟੈਂਡਰ ਰੱਦ ਕਰਨ ਲਈ ਡੀ.ਸੀ. ਦਾ ਕੀਤਾ ਧੰਨਵਾਦ
ਕਪੂਰਥਲਾ, 8 ਅਗਸਤ (ਵਿ. ਪ੍ਰ.)
ਕਪੂਰਥਲਾ, 8 ਅਗਸਤ (ਵਿ.ਪ੍ਰ.)-ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦੀਪਕ ਸਲਵਾਨ ਤੇ ਉਪ ਪ੍ਰਧਾਨ ਰਜਿੰਦਰ ਸਿੰਘ ਵਾਲੀਆ ਨੇ ਇਕ ਬਿਆਨ ਵਿਚ ਨਗਰ ਨਿਗਮ ਵਲੋਂ ਸ਼ਹਿਰ ਦੀਆਂ ਸੜਕਾਂ ਸਬੰਧੀ 8.70 ਕਰੋੜ ਰੁਪਏ ਦਾ ਨਿਰਧਾਰਿਤ ਸ਼ਰਤਾਂ ਪੂਰੀਆਂ ਨਾ ਕਰਨ ‘ਤੇ ਟੈਂਡਰ ਰੱਦ ਕਰਨ ਲਈ ਡਿਪਟੀ ਕਮਿਸ਼ਨਰ ਕਪੂਰਥਲਾ ਅਕਾਸ਼ ਬਾਂਸਲ ਦਾ ਧੰਨਵਾਦ ਕੀਤਾ | ਇਨ੍ਹਾਂ ਕਿਹਾ ਕਿ ਇਸ ਟੈਂਡਰ ਨੂੰ ਰੱਦ ਕਰਵਾਉਣ ਲਈ ਕਾਂਗਰਸ ਦੇ ਸਾਬਕਾ ਕੌਂਸਲਰ ਬਲਜੀਤ ਸਿੰਘ ਕਾਲਾ ਨੇ ਡਾਇਰੈਕਟਰ ਲੋਕਲ ਬਾਡੀ ਪੰਜਾਬ, ਡਿਪਟੀ ਕਮਿਸ਼ਨਰ ਕਪੂਰਥਲਾ, ਨਗਰ ਨਿਗਮ ਦੀ ਕਮਿਸ਼ਨਰ ਤੇ ਨਿਗਮ ਦੇ ਐਸ.ਸੀ. ਨੂੰ ਇਕ ਲਿਖਤੀ ਸ਼ਿਕਾਇਤ ਦਿੱਤੀ ਸੀ , ਜਿਸ ਵਿਚ ਉਨ੍ਹਾਂ ਕਿਹਾ ਕਿ ਸੀ ਕਿ ਜਿਸ ਫ਼ਰਮ ਨੂੰ ਇਹ ਟੈਂਡਰ ਦਿੱਤਾ ਜਾ ਰਿਹਾ ਹੈ ਉਹ ਟੈਂਡਰ ਦੀਆਂ ਲਾਜ਼ਮੀ ਸ਼ਰਤਾਂ ਤੇ ਯੋਗ ਮਾਪਦੰਡ ਪੂਰੇ ਨਹੀਂ ਕਰਦੀ | ਕਾਂਗਰਸ ਆਗੂਆਂ ਨੇ ਕਿਹਾ ਕਿ ਉਹ ਸ਼ਹਿਰ ਵਿਚ ਅਜਿਹਾ ਕੋਈ ਵੀ ਕਾਰਜ ਨਹੀਂ ਹੋਣ ਦੇਣਗੇ ਜੋ ਲੋਕ ਹਿੱਤਾਂ ਨੂੰ ਅੱਖੋਂ ਪਰੋਖੇ ਕਰਕੇ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਕਾਂਗਰਸ ਸ਼ਹਿਰ ਵਿਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨਾਲ ਕਿਸੇ ਵੀ ਕੀਮਤ ‘ਤੇ ਸਮਝੌਤਾ ਨਹੀਂ ਕਰੇਗੀ ਤੇ ਉਨ੍ਹਾਂ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ | ਇਸਤੋਂ ਪਹਿਲਾਂ ਸ਼ਹਿਰ ਦੇ ਕਾਂਗਰਸ ਆਗੂਆਂ ਤੇ ਵਰਕਰਾਂ ਦੀ ਇਕ ਮੀਟਿੰਗ ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦੀਪਕ ਸਲਵਾਨ ਦੀ ਅਗਵਾਈ ਵਿਚ ਹੋਈ | ਜਿਸ ਵਿਚ ਸ਼ਹਿਰ ਨਾਲ ਸਬੰਧਿਤ ਜ਼ਰੂਰੀ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਅਜਮੇਰ ਸਿੰਘ ਸਨੀ ਬੱਲ, ਤਰਸੇਮ ਲਾਲ, ਨਵਜੋਤ ਸਿੰਘ ਵਾਲੀਆ, ਨਰੈਣ ਵਸ਼ਿਸ਼ਟ, ਬਲਜੀਤ ਸਿੰਘ ਕਾਲਾ, ਮਨਮੋਹਨ ਸਿੰਘ ਬਾਜਵਾ, ਧੀਰਜ ਭੱਟੀ, ਪ੍ਰੇਮ ਅਟਵਾਲ, ਸਿੰਮਾ ਵਾਲੀਆ, ਸੋਮਨਾਥ, ਸੁਮੀਤ ਆਦਿ ਹਾਜ਼ਰ ਸਨ |