ਪਲਸ ਪੋਲੀਓ ਮੁਹਿੰਮ ਸੰਬੰਧੀ ਐਸ. ਐਮ. ਓ. ਵਲੋਂ ਸੁਪਰਵਾਈਜ਼ਰਾਂ ਨਾਲ ਮੀਟਿੰਗ
ਦੋਦਾ, 19 ਨਵੰਬਰ (ਰਵੀਪਾਲ)-ਸੀਨੀਅਰ ਮੈਡੀਕਲ ਅਫ਼ਸਰ ਸੀ. ਐਚ.
ਦੋਦਾ, 19 ਨਵੰਬਰ (ਰਵੀਪਾਲ)-ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ. ਦੋਦਾ ਡਾ. ਮਿਰਨਾਲ ਬਾਂਸਲ ਵਲੋਂ 22, 23 ਤੇ 24 ਨਵੰਬਰ ਨੂੰ ਮਨਾਏ ਜਾਣ ਵਾਲੇ ਨੈਸ਼ਨਲ ਪਲਸ ਪੋਲੀਓ ਪ੍ਰੋਗਰਾਮ ਦੀਆਂ ਤਿਆਰੀਆਂ ਸੰਬੰਧੀ ਸਮੂਹ ਸੁਪਰਵਾਈਜ਼ਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡਾ. ਮਿਰਨਾਲ ਬਾਂਸਲ ਨੇ ਦੱਸਿਆ ਕਿ ਇਸ ਤਿੰਨ ਰੋਜ਼ਾ ਮੁਹਿੰਮ ਤਹਿਤ ਬਲਾਕ ਦੋਦਾ ਦੇ 0 ਤੋਂ 5 ਸਾਲ ਤੱਕ ਦੀ ਉਮਰ ਦੇ ਲਗਪਗ 13,000 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਕੰਮ ਨੂੰ ਸੁਚੱਜੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਬਲਾਕ ’ਚ 78 ਰੈਗੂਲਰ ਬੂਥ ਟੀਮਾਂ ਅਤੇ 3 ਮੋਬਾਈਲ ਟੀਮਾਂ ਨਿਯੁਕਤ ਕੀਤੀਆਂ ਗਈਆਂ ਹਨ। ਉਨ੍ਹਾਂ ਸਮੂਹ ਸੁਪਰਵਾਈਜ਼ਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਅਧੀਨ ਆਉਂਦੇ ਖੇਤਰਾਂ ਵਿਚ ਮੁਹਿੰਮ ਦੀ ਪੂਰੀ ਤਿਆਰੀ ਯਕੀਨੀ ਬਣਾਉਣ ਅਤੇ ਕੋਈ ਵੀ ਬੱਚਾ ਪੋਲੀਓ ਰੋਕੂ ਬੂੰਦਾਂ ਪੀਣ ਤੋਂ ਵਾਂਝਾ ਨਾ ਰਹੇ। ਇਸ ਦੇ ਨਾਲ ਹੀ ਟੀਮਾਂ ਦੀਆਂ ਡਿਊਟੀਆਂ, ਬੂਥਾਂ ਦੀ ਸਥਿਤੀ, ਘਰ-ਘਰ ਪਹੁੰਚ ਅਤੇ ਮੋਬਾਈਲ ਟੀਮਾਂ ਰਾਹੀਂ ਕਵਰ ਕੀਤੇ ਜਾਣ ਵਾਲੇ ਖੇਤਰਾਂ ਦੀ ਵਿਸ਼ੇਸ਼ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਗਏ। ਡਾ. ਬਾਂਸਲ ਨੇ ਕਿਹਾ ਕਿ ਪੋਲੀਓ ਵਰਗੀ ਗੰਭੀਰ ਬਿਮਾਰੀ ਦੇ ਖ਼ਾਤਮੇ ਲਈ ਹਰ ਬੱਚੇ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣਾ ਬਹੁਤ ਜ਼ਰੂਰੀ ਹੈ। ਇਸ ਲਈ ਸਿਹਤ ਵਿਭਾਗ ਦੇ ਸਮੂਹ ਅਧਿਕਾਰੀ ਤੇ ਕਰਮਚਾਰੀ ਪੂਰੀ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਉਣ ਤਾਂ ਜੋ ਇਸ ਮੁਹਿੰਮ ਨੂੰ ਸਫ਼ਲ ਬਣਾਇਆ ਜਾ ਸਕੇ। ਇਸ ਮੌਕੇ ਰਮਿੰਦਰ ਪਾਲ ਕੌਰ ਸੁਪਰਵਾਈਜ਼ਰ, ਰਾਣੋ ਕੌਰ ਸੁਪਰਵਾਈਜ਼ਰ, ਰਾਣੀ ਕੌਰ ਸੁਪਰਵਾਈਜ਼ਰ, ਕੁਲਵਿੰਦਰ ਸਿੰਘ ਸੁਪਰਵਾਈਜ਼ਰ, ਗੌਰਵ ਕੁਮਾਰ, ਰਮਨਦੀਪ ਕੌਰ, ਗਗਨਦੀਪ ਸਿੰਘ ਸੁਪਰਵਾਈਜ਼ਰ, ਚਮਕੌਰ ਸਿੰਘ ਸੁਪਰਵਾਈਜ਼ਰ , ਅਰਵਿੰਦਰ ਕੌਰ ਸੁਪਰਵਾਈਜ਼ਰ ਸਮੇਤ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ।