ਮੇਜਰ ਅਜਾਇਬ ਸਿੰਘ ਸਕੂਲ ’ਚ ਦੋ ਰੋਜ਼ਾ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ
ਫ਼ਰੀਦਕੋਟ, 16 ਨਵੰਬਰ (ਜਸਵੰਤ ਸਿੰਘ ਪੁਰਬਾ)- ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵਿਖੇ ਸੀ. ਬੀ.
ਫ਼ਰੀਦਕੋਟ, 16 ਨਵੰਬਰ (ਜਸਵੰਤ ਸਿੰਘ ਪੁਰਬਾ)- ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵਿਖੇ ਸੀ. ਬੀ. ਐਸ. ਈ. ਦੇ ਸਹਿਯੋਗ ਨਾਲ ‘ਆਨੰਦਮਈ ਗਣਿਤ’ ਵਿਸ਼ੇ ’ਤੇ ਦੋ ਰੋਜ਼ਾ ਸਮਰੱਥਾ ਨਿਰਮਾਣ ਪ੍ਰੋਗਰਾਮ ਸਫ਼ਲਤਾ ਪੂਰਵਕ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਉੱਘੇ ਸਿੱਖਿਆ ਮਾਹਿਰ ਅਤੇ ਅੰਤਰਰਾਸ਼ਟਰੀ ਟ੍ਰੇਨਰ ਮੁਨੀਸ਼ ਚੋਪੜਾ ਪ੍ਰਿੰਸੀਪਲ ਭਾਈ ਮਸਤਾਨ ਸਿੰਘ ਪਬਲਿਕ ਸਕੂਲ ਸ੍ਰੀ ਮੁਕਤਸਰ ਸਾਹਿਬ ਨੇ ਆਪਣੇ ਵਿਸ਼ਾਲ ਤਜ਼ਰਬੇ ਅਤੇ ਵਿਸ਼ਾ-ਮੁਹਾਰਤ ਸਦਕਾ ਅਧਿਆਪਕਾਂ ਨੂੰ ਗਣਿਤ ਦੇ ਅਧਿਆਪਨ ਦੀਆਂ ਨਵੀਨਤਮ, ਵਿਦਿਆਰਥੀ-ਕੇਂਦਰਿਤ ਅਤੇ ਗਤੀਵਿਧੀ-ਆਧਾਰਿਤ ਵਿਧੀਆਂ ਤੋਂ ਜਾਣੂੰ ਕਰਵਾਇਆ। ਉਨ੍ਹਾਂ ਗਣਿਤ ਨੂੰ ਵਿਹਾਰਕ ਜੀਵਨ ਨਾਲ ਜੋੜ ਕੇ ਸਰਲ, ਰੌਚਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੜ੍ਹਾਉਣ ਲਈ ਪ੍ਰੇਰਿਤ ਕੀਤਾ। ਡਾ. ਹਰਪ੍ਰੀਤ ਕੌਰ ਪ੍ਰਿੰਸੀਪਲ ਗ੍ਰੀਨ ਵੈਲੀ ਪਬਲਿਕ ਸਕੂਲ ਮਾਛੀਵਾੜਾ ਨੇ ਆਪਣੀ ਪ੍ਰਭਾਵਸ਼ਾਲੀ ਪੇਸ਼ਕਾਰੀ ਅਤੇ ਵਿਲੱਖਣ ਸਿਖਲਾਈ ਸ਼ੈਲੀ ਰਾਹੀਂ ਸੈਸ਼ਨ ਨੂੰ ਬੇਹੱਦ ਰੌਚਕ ਤੇ ਗਿਆਨਵਰਧਕ ਬਣਾਇਆ। ਉਨ੍ਹਾਂ ਰਚਨਾਤਮਕ ਗਤੀਵਿਧੀਆਂ ਅਤੇ ਵਿਹਾਰਕ ਉਦਾਹਰਨਾਂ ਰਾਹੀਂ ਗਣਿਤ ਨੂੰ ਡਰ-ਮੁਕਤ, ਸਰਲ ਅਤੇ ਆਨੰਦਮਈ ਬਣਾਉਣ ਦੀਆਂ ਨਵੀਨਤਮ ਤਕਨੀਕਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੀ ਪ੍ਰਭਾਵਸ਼ਾਲੀ ਅਗਵਾਈ ਨੇ ਅਧਿਆਪਕਾਂ ਨੂੰ ਵਿਸ਼ੇ ਦੀ ਅਧਿਆਪਨ-ਪ੍ਰਕਿਰਿਆ ਵਿਚ ਨਵੀਂ ਦ੍ਰਿਸ਼ਟੀ ਅਪਣਾਉਣ ਲਈ ਪ੍ਰੇਰਿਤ ਕੀਤਾ। ਦੋਵਾਂ ਸਿਖਲਾਈ ਮਾਹਿਰਾਂ ਨੇ ਭਾਗ ਲੈਣ ਵਾਲੇ ਅਧਿਆਪਕਾਂ ਦੇ ਉਤਸ਼ਾਹ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਪੇਂਡੂ ਖੇਤਰ ਵਿਚ ਆਧੁਨਿਕ ਤਕਨਾਲੋਜੀ, ਵਿਲੱਖਣ ਬੁਨਿਆਦੀ ਢਾਂਚੇ ਅਤੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਅਜਿਹੀ ਮਿਆਰੀ ਸੰਸਥਾ ਦੀ ਸਥਾਪਨਾ ਕਰਨ ਲਈ ਡਾ. ਐਸ.ਐਸ. ਬਰਾੜ ਦੀ ਦੂਰਅੰਦੇਸ਼ੀ ਸੋਚ ਅਤੇ ਸਿੱਖਿਆ ਪ੍ਰਤੀ ਸਮਰਪਣ ਦੀ ਵਿਸ਼ੇਸ਼ ਪ੍ਰਸੰਸਾ ਕੀਤੀ। ਇਸ ਮੌਕੇ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਦੇ ਸੰਸਥਾਪਕ ਪ੍ਰਿੰਸੀ ਪਲ ਅਤੇ ਡਾਇਰੈਕਟਰ ਡਾ. ਐਸ.ਐਸ. ਬਰਾੜ ‘ਵਿਕਸਿਤ ਭਾਰਤ 2047’ ਦੇ ਪ੍ਰਮੁੱਖ ਯੋਗਦਾਨੀ ਨੇ ਕਿਹਾ ਕਿ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਧਿਆਪਕਾਂ ਦਾ ਨਿਰੰਤਰ ਪੇਸ਼ੇਵਰ ਵਿਕਾਸ ਅਤੇ ਨਵੀਨਤਮ ਅਧਿਆਪਨ ਤਕਨੀਕਾਂ ਨੂੰ ਅਪਣਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਵਿਦਿਆਰਥੀਆਂ ’ਚ ਉਤਸੁਕਤਾ, ਸਿਰਜਣਾਤਮਕਤਾ ਅਤੇ ਤਰਕਸ਼ੀਲ ਸੋਚ ਵਿਕਸਿਤ ਕਰਦਿਆਂ ਗਣਿਤ ਨੂੰ ਡਰ ਦੀ ਬਜਾਏ ਆਨੰਦ ਅਤੇ ਖੋਜ ਦਾ ਵਿਸ਼ਾ ਬਣਾਉਣ। ਉਨ੍ਹਾਂ ਦੋਵਾਂ ਸਰੋਤ ਵਿਅਕਤੀਆਂ ਦਾ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਧੰਨਵਾਦ ਵੀ ਕੀਤਾ।