ਗਿੱਦੜਬਾਹਾ ’ਚ ਬੇਸਹਾਰਾ ਪਸ਼ੂਆਂ ਅਤੇ ਲਾਵਾਰਸ ਕੁੱਤਿਆਂ ਦੀ ਭਰਮਾਰ
ਗਿੱਦੜਬਾਹਾ, 13 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਸ਼ਹਿਰ ਤੇ ਇਲਾਕੇ ਭਰ ਵਿਚ ਬੇਸਹਾਰਾ ਪਸ਼ੂਆਂ ਅਤੇ ਲਾਵਾਰਸ ਕੁੱਤਿਆਂ ਦੀ ਭਰਮਾਰ ਹੈ। ਬੇਸਹਾਰਾ ਪਸ਼ੂਆਂ ਵਲੋਂ ਆਮ ਲੋਕਾਂ ਨੂੰ ਜ਼ਖ਼ਮੀ ਕਰਨ ਦੀਆ ਰੋਜ਼ਾਨਾ ਹੀ ਖ਼ਬਰਾਂ ਮਿਲ ਰਹੀਆਂ ਹਨ।
ਗਿੱਦੜਬਾਹਾ, 13 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਸ਼ਹਿਰ ਤੇ ਇਲਾਕੇ ਭਰ ਵਿਚ ਬੇਸਹਾਰਾ ਪਸ਼ੂਆਂ ਅਤੇ ਲਾਵਾਰਸ ਕੁੱਤਿਆਂ ਦੀ ਭਰਮਾਰ ਹੈ। ਬੇਸਹਾਰਾ ਪਸ਼ੂਆਂ ਵਲੋਂ ਆਮ ਲੋਕਾਂ ਨੂੰ ਜ਼ਖ਼ਮੀ ਕਰਨ ਦੀਆ ਰੋਜ਼ਾਨਾ ਹੀ ਖ਼ਬਰਾਂ ਮਿਲ ਰਹੀਆਂ ਹਨ। ਜ਼ਿਕਰਯੋਗ ਹੈ ਕਿ ਸ਼ਹਿਰ ਗਿੱਦੜਬਾਹਾ ਤੋਂ ਇਲਾਵਾ ਪਿੰਡਾਂ ਵਿਚ ਵੀ ਬੇਸਹਾਰਾ ਪਸ਼ੂਆਂ ਅਤੇ ਲਾਵਾਰਸ ਕੁੱਤਿਆਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿੰਡਾਂ ਵਿਚ ਇਹ ਪਸ਼ੂ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਕਰਦੇ ਹਨ, ਜਿਸ ਕਰਕੇ ਅਕਸਰ ਹੀ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਬਚਾਉਣ ਲਈ ਰਾਤਾਂ ਜਾਗ ਕੇ ਰਾਖੀ ਕਰਨੀ ਪੈਂਦੀ ਹੈ। ਸ਼ਹਿਰਾਂ ਵਿਚ ਇਹ ਪਸ਼ੂ ਗਲੀਆਂ, ਮੁਹੱਲਿਆਂ ਵਿਚ ਹਰਲ-ਹਰਲ ਕਰਦੇ ਝੁੰਡਾਂ ’ਚ ਫਿਰਦੇ ਹਨ। ਕਈ ਮਾਰੂ ਢੱਠੇ ਆਮ ਲੋਕਾਂ ਨੂੰ ਜ਼ਖ਼ਮੀ ਵੀ ਕਰ ਦਿੰਦੇ ਹਨ। ਪਿਉਰੀ ਫਾਟਕ ਤੇ ਲੰਬੀ ਵਾਲੇ ਰੇਲਵੇ ਫਾਟਕ ਕੋਲ ਤਾਂ ਦਰਜਨਾਂ ਦੀ ਗਿਣਤੀ ਵਿਚ ਪਸ਼ੂ ਦੇ ਝੁੰਡ ਦੇਖੇ ਜਾ ਰਹੇ ਹਨ। ਰੇਲ ਗੱਡੀ ਦੇ ਆਉਣ ਸਮੇਂ ਜਦੋਂ ਫਾਟਕ ਬੰਦ ਹੋ ਜਾਂਦਾ ਹੈ ਤਾਂ ਕਈ ਵਾਰ ਇਕੱਠੇ ਹੋਏ ਭੂਤਰੇ ਢੱਠੇ ਆਪਸ ਵਿਚ ਭਿੜਦੇ ਹੋਣ ਕਰਕੇ ਆਮ ਲੋਕਾਂ ਅਤੇ ਵਾਹਨਾਂ ਦਾ ਵੀ ਨੁਕਸਾਨ ਕਰਦੇ ਹਨ। ਇਸੇ ਤਰ੍ਹਾਂ ਕੁੱਤਿਆਂ ਦੀ ਭਰਮਾਰ ਤੋਂ ਵੀ ਸ਼ਹਿਰ ਵਾਸੀ ਪ੍ਰੇਸ਼ਾਨ ਹਨ। ਗਲੀਆਂ ਵਿਚ ਅਕਸਰ ਹੀ ਛੋਟੇ ਬੱਚਿਆਂ ਨੂੰ ਮਾਪੇ ਇਕੱਲੇ ਬਾਹਰ ਭੇਜਣ ਤੋਂ ਡਰਦੇ ਹਨ। ਕਈ ਵਾਰ ਹਲਕੇ ਹੋਏ ਕੁੱਤੇ ਆਮ ਲੋਕਾਂ ਨੂੰ ਕੱਟ ਦਿੰਦੇ ਹਨ। ਵਕੀਲ ਨਰਾਇਣ ਸਿੰਗਲਾ ਨੇ ਦੱਸਿਆ ਕਿ ਬੀਤੇ ਦਿਨ ਕੁਝ ਕੁੱਤਿਆਂ ਨੇ ਚਾਰ-ਪੰਜ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਕੱਟਣ ਕਰਕੇ ਉਨ੍ਹਾਂ ਨੂੰ ਹਸਪਤਾਲ ਵਿਚੋਂ ਆਪਣਾ ਇਲਾਜ ਕਰਵਾਉਣਾ ਪੈ ਰਿਹਾ ਹੈ। ਇਸੇ ਤਰ੍ਹਾਂ ਕੁੱਤਿਆਂ ਨੂੰ ਲੈ ਕੇ ਇਕ ਐਨ.ਜੀ.ਓ. ਚਲਾ ਰਹੀ ਲੜਕੀ ਤੇ ਇਕ ਪਰਿਵਾਰ ਆਪਸ ਵਿਚ ਉਲਝ ਗਏ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਸੰਭਾਲਣ ਲਈ ਉਚੇਚੇ ਤੌਰ ’ਤੇ ਪ੍ਰਬੰਧ ਕਰਨੇ ਚਾਹੀਦੇ ਹਨ।