ਪਿੰਡ ਜੰਡੋਕੇ-ਰੰਧਾਵਾ ਸੜਕ ’ਤੇ ਸੇਮ ਨਾਲੇ ਦੇ ਪੁਲ ਦੀਆਂ ਸੁਰੱਖਿਆ ਐਂਗਲਾਂ ਨਕਾਰਾ
ਤੰਗ ਪੁਲ ਅਤੇ ਟੁੱਟੀ ਸੁਰੱਖਿਆ ਵਿਵਸਥਾ ਕਾਰਨ ਹਾਦਸੇ ਵਾਪਰਨ ਦਾ ਖ਼ਦਸ਼ਾ
ਸ੍ਰੀ ਮੁਕਤਸਰ ਸਾਹਿਬ, 27 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪਿੰਡ ਜੰਡੋਕੇ ਤੋਂ ਰੰਧਾਵਾ ਨੂੰ ਜੋੜਨ ਵਾਲੀ ਸੰਪਰਕ ਸੜਕ ’ਤੇ ਲੰਗਿਆਣਾ ਡਰੇਨ ਉਪਰ ਬਣਿਆ ਪੁਲ ਕਥਿਤ ਤੌਰ ’ਤੇ ਲੋੜੀਂਦੀ ਸੁਰੱਖਿਆ ਵਿਵਸਥਾ ਦੀ ਘਾਟ ਕਾਰਨ ਰਾਹਗੀਰਾਂ ਲਈ ਖ਼ਤਰੇ ਦਾ ਕਾਰਨ ਬਣਿਆ ਹੋਇਆ ਹੈ। ਪੁਲ ਵਾਲੀ ਥਾਂ ’ਤੇ ਸੜਕ ਵਿਚ ਮੋੜ ਹੋਣ ਦੇ ਨਾਲ-ਨਾਲ ਪੁਲ ਵੀ ਕਾਫ਼ੀ ਤੰਗ ਹੈ, ਜਦਕਿ ਪੁਲ ਦੇ ਆਲੇ-ਦੁਆਲੇ ਸੁਰੱਖਿਆ ਲਈ ਲਾਈਆਂ ਗਈਆਂ ਲੋਹੇ ਦੀਆਂ ਐਂਗਲਾਂ ਵੀ ਨਕਾਰਾ ਹੋ ਚੁੱਕੀਆਂ ਹਨ।
ਪ
ਪਿੰਡ ਜੰਡੋਕੇ ਤੋਂ ਰੰਧਾਵਾ ਵਿਚਕਾਰ ਸੇਮਨਾਲੇ ਦੇ ਤੰਗ ਪੁਲ ਅਤੇ ਨਕਾਰਾ ਹੋਈਆਂ ਸੁਰੱਖਿਆ ਐਂਗਲਾਂ ਦਿਖਾਉਂਦੇ ਹੋਏ ਜਗਜੀਤ ਸਿੰਘ ਹਨੀ ਫ਼ੱਤਣਵਾਲਾ। ਤਸਵੀਰ: ਭੁੱਟੀਵਾਲਾ
28-09-2026
ਸ੍ਰੀ ਮੁਕਤਸਰ ਸਾਹਿਬ, 27 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪਿੰਡ ਜੰਡੋਕੇ ਤੋਂ ਰੰਧਾਵਾ ਨੂੰ ਜੋੜਨ ਵਾਲੀ ਸੰਪਰਕ ਸੜਕ ’ਤੇ ਲੰਗਿਆਣਾ ਡਰੇਨ ਉਪਰ ਬਣਿਆ ਪੁਲ ਕਥਿਤ ਤੌਰ ’ਤੇ ਲੋੜੀਂਦੀ ਸੁਰੱਖਿਆ ਵਿਵਸਥਾ ਦੀ ਘਾਟ ਕਾਰਨ ਰਾਹਗੀਰਾਂ ਲਈ ਖ਼ਤਰੇ ਦਾ ਕਾਰਨ ਬਣਿਆ ਹੋਇਆ ਹੈ। ਪੁਲ ਵਾਲੀ ਥਾਂ ’ਤੇ ਸੜਕ ਵਿਚ ਮੋੜ ਹੋਣ ਦੇ ਨਾਲ-ਨਾਲ ਪੁਲ ਵੀ ਕਾਫ਼ੀ ਤੰਗ ਹੈ, ਜਦਕਿ ਪੁਲ ਦੇ ਆਲੇ-ਦੁਆਲੇ ਸੁਰੱਖਿਆ ਲਈ ਲਾਈਆਂ ਗਈਆਂ ਲੋਹੇ ਦੀਆਂ ਐਂਗਲਾਂ ਵੀ ਨਕਾਰਾ ਹੋ ਚੁੱਕੀਆਂ ਹਨ। ਇਸ ਕਾਰਨ ਇੱਥੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਹਾਦਸੇ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਅਤੇ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਦੱਸਿਆ ਕਿ ਜੰਡੋਕੇ ਤੋਂ ਰੰਧਾਵਾ ਨੂੰ ਜਾਣ ਵਾਲੀ ਇਸ ਸੜਕ ਰਾਹੀਂ ਆਸਪਾਸ ਦੇ ਕਈ ਪਿੰਡਾਂ ਦੇ ਲੋਕ ਰੋਜ਼ਾਨਾ ਆਵਾਜਾਈ ਕਰਦੇ ਹਨ। ਖੇਤੀਬਾੜੀ ਨਾਲ ਸੰਬੰਧਿਤ ਵਾਹਨਾਂ ਤੋਂ ਇਲਾਵਾ ਮੋਟਰਸਾਈਕਲਾਂ, ਕਾਰਾਂ ਅਤੇ ਹੋਰ ਵਾਹਨਾਂ ਦੀ ਵੀ ਇਸ ਰਸਤੇ ’ਤੇ ਆਵਾਜਾਈ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਪੁਲ ਦੀ ਚੌੜਾਈ ਘੱਟ ਹੋਣ ਕਾਰਨ ਇਕ ਸਮੇਂ ਦੋ ਵਾਹਨਾਂ ਦੇ ਲੰਘਣ ਸਮੇਂ ਮੁਸ਼ਕਿਲ ਪੇਸ਼ ਆਉਂਦੀ ਹੈ। ਇਸ ਤੋਂ ਇਲਾਵਾ ਪੁਲ ਦੇ ਦੋਵੇਂ ਪਾਸਿਆਂ ਸੁਰੱਖਿਆ ਲਈ ਲਾਈਆਂ ਗਈਆਂ ਐਂਗਲਾਂ ਦੇ ਨਕਾਰਾ ਹੋ ਜਾਣ ਕਾਰਨ ਪੁਲ ਦੇ ਕਿਨਾਰਿਆਂ ’ਤੇ ਸੁਰੱਖਿਆ ਦਾ ਪ੍ਰਬੰਧ ਵੀ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਦੀਆਂ ਦੇ ਮੌਸਮ ਵਿਚ ਧੁੰਦ ਪੈਣ ਸਮੇਂ ਇਹ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪੁਲ ਦੇ ਆਲੇ-ਦੁਆਲੇ ਸੁਰੱਖਿਆ ਐਂਗਲਾਂ ਦੀ ਮੁਰੰਮਤ ਜਾਂ ਨਵੀਂ ਸੁਰੱਖਿਆ ਵਿਵਸਥਾ ਕਰਨ ਦੇ ਨਾਲ-ਨਾਲ ਪੁਲ ਦੀ ਚੌੜਾਈ ਵਧਾਉਣ ਸੰਬੰਧੀ ਵੀ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਇਲਾਕਾ ਵਾਸੀਆਂ ਨੇ ਵੀ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਇਸ ਪੁਲ ਦੀ ਸਥਿਤੀ ਦਾ ਮੌਕੇ ’ਤੇ ਜਾਇਜ਼ਾ ਲੈ ਕੇ ਲੋੜੀਂਦੀ ਮੁਰੰਮਤ ਕਰਵਾਈ ਜਾਵੇ ਅਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣ, ਤਾਂ ਜੋ ਆਉਣ ਵਾਲੇ ਸਮੇਂ ਵਿਚ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਹੋ ਸਕੇ। ਹਨੀ ਫ਼ੱਤਣਵਾਲਾ ਨੇ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲ ਦੀ ਸਾਰ ਲਈ ਜਾਵੇ ਅਤੇ ਲੋੜੀਂਦੇ ਸੁਰੱਖਿਆ ਪ੍ਰਬੰਧ ਤੁਰੰਤ ਕੀਤੇ ਜਾਣ।