ਯੂ ਕੈਨ
ਲੇਖਕ : ਜਾਰਜ ਮੈਥਿਓ ਐਡਮਸ
ਅਨੁਵਾਦਕ : ਅਨੂ ਸ਼ਰਮਾ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ ਬਰਨਾਲਾ
ਮੁੱਲ : 250 ਰੁਪਏ, ਸਫ਼ੇ : 168
ਸੰਪਰਕ : 84277-12890

ਪੁਸਤਕ 'ਯੂ ਕੈਨ' ਵਿਚ 77 ਮਿੰਨੀ ਨਿਬੰਧ ਹਨ | ਸਿਰਲੇਖ ਦਾ ਅਰਥ ਮਨੁਖੀ ਮਨੋਵਿਗਿਆਨ ਨਾਲ ਜੁੜਿਆ ਹੋਇਆ ਹੈ | ਭਾਵ ਤੁਸੀਂ ਕਰ ਸਕਦੇ ਹੋ | ਮਨੱੁਖ ਵਿਚ ਹੌਸਲਾ ਤੇ ਉਤਸ਼ਾਹ ਦੀਆਂ ਭਾਵਨਾਵਾਂ ਪੈਦਾ ਕਰਨਾ ਕਿਤਾਬ ਦਾ ਮੰਤਵ ਹੈ | ਜ਼ਿੰਦਗੀ ਸੰਘਰਸ਼ ਹੈ | ਕਿਤਾਬ ਵਿਚ ਇਸ ਸੰਘਰਸ਼ ਵਿਚੋਂ ਪਾਰ ਹੋਣ ਲਈ ਕੁਝ ਵਿਚਾਰ ਸ਼ਬਦੀ ਰੂਪ ਵਿਚ ਹਨ | ਹਰੇਕ ਨਿਬੰਧ ਦੇ ਅੰਤ ਵਿਚ ਕੁਝ ਵਿਦਵਾਨਾਂ ਦੇ ਵਿਚਾਰ ਹਨ | ਇਨ੍ਹਾਂ ਵਿਚ ਨੈਪੋਲੀਅਨ ਹਿਲ ਦੇ ਨਾਲ ਅਨੇਰਸਟ ਹੈਮਿੰਗਵੇ, ਬੈਂਜਾਮਿਨ ਫਰੈਂਕਲਿਨ, ਨੈਪੋਲੀਅਨ ਬੋਨਾਪਾਰਟ, ਇਬਰਾਹਮ ਲਿੰਕਨ, ਹੈਨਰੀ ਵਰਡਸਵਰਥ ਲੌਂਗਫੈਲੋ, ਵਿੰਸਟਨ ਚਰਚਿਲ, ਕੁਈਨ ਐਲਿਜ਼ਾਬੈੱਥ, ਐਮਰਸਨ, ਸਰ ਫਰਾਂਸਿਸ ਬੇਕਨ, ਓਲਿਵਰ ਗੋਲਡਸਮਿਥ ਡਬਲਯੂ ਕਲੇਮੈਂਟ ਸਟੋਨ ਜੋਨਾਥਨ ਸਵਿਫਟ, ਡੋਨਾਲਡ ਕੇਫ ਸਮੇਤ ਦਰਜਨਾਂ ਵਿਦਵਾਨਾਂ ਦੇ ਵਿਚਾਰ ਹਨ | ਕਿਤਾਬ ਦੀ ਭੂਮਿਕਾ ਨੈਪੋਲੀਅਨ ਹਿਲ ਫਾਊਾਡੇਸ਼ਨ ਦੀ ਲਿਖੀ ਹੈ | ਸਭ ਤੋਂ ਜ਼ਿਆਦਾ ਵਿਚਾਰ ਨੈਪੋਲੀਅਨ ਹਿਲ ਦੇ ਹਨ | ਸਿਰਲੇਖ ਨਾਲ ਢੁਕਵੇਂ ਵਿਚਾਰ ਹਨ |
ਕਿਤਾਬ ਦੇ ਨਿਬੰਧ ਅਜੋਕੇ ਮਨੁੱਖ ਦੀਆਂ ਮਾਨਸਿਕ ਸਮੱਸਿਆਵਾਂ ਨਾਲ ਜੁੜੇ ਹੋਏ ਹਨ | ਜਿਵੇਂ ਚਰਿੱਤਰ, ਗ਼ਲਤੀਆਂ, ਆਦਤਾਂ ਸਿੱਖੋ, ਸੋਚੋ, ਉਤਸ਼ਾਹ ਹਿੰਮਤ, ਦਿ੍ਸ਼ਟੀਕੋਣ, ਵਿਸ਼ਵਾਸ, ਲੜਾਈ, ਪ੍ਰਸੰਸਾ, ਭਾਵਨਾਵਾਂ, ਸਮਾਂ, ਕਿਉਂ, ਸੇਵਾ, ਕਲਪਨਾ ਇਮਾਨਦਾਰੀ, ਦਿ੍ੜ੍ਹ ਇਰਾਦਾ, ਨਿਪੁੰਨਤਾ, ਸੰਭਾਵਨਾਵਾਂ, ਅਗਵਾਈ, ਦਿ੍ਸ਼ਟੀ, ਪਹਿਰਾਵਾ, ਵਾਤਾਵਰਨ, ਚਿੰਤਾ, ਜ਼ਰੂਰੀ, ਉਦੇਸ਼, ਸਿ੍ਸ਼ਟਾਚਾਰ, ਨਿਯੰਤਰਣ, ਦਰਸ਼ਕ, ਤੁਹਾਡੀ ਮਾਂ ਆਦਿ ਸਿਰਲੇਖ ਸਪੱਸ਼ਟ ਹਨ | ਜ਼ਿੰਦਗੀ ਦੇ ਕਿਸੇ ਵੀ ਮੋੜ 'ਤੇ ਹਰੇਕ ਬੰਦੇ ਲਈ ਇਹ ਨਿਬੰਧ ਮਾਰਗਦਰਸ਼ਕ ਹਨ | ਜ਼ਿੰਦਗੀ ਦਾ ਕੋਈ ਇਮਤਿਹਾਨ ਹੋਵੇ | ਇਹ ਨਿਬੰਧ ਅਗਵਾਈ ਕਰਦੇ ਹਨ | ਨਿਬੰਧਾਂ ਦੇ ਕੁਝ ਵਾਕ ਵੇਖੋ-ਆਪਣੇ ਸਮੇਂ ਦੀ ਵਧੀਆ ਵਰਤੋਂ ਕਰਨੀ ਸਿੱਖੋ (ਸਮਾਂ) ਆਪਣੀ ਕਲਪਨਾ ਸ਼ਕਤੀ ਵਿਕਸਿਤ ਕਰੋ (ਕਲਪਨਾ) ਇਮਾਨਦਾਰੀ ਪੈਸੇ ਤੋਂ ਵੱਧ ਹੁੰਦੀ ਹੈ (ਇਮਾਨਦਾਰੀ) ਮਹਾਨ ਕੰਮ ਕਰਨ ਵਾਲੇ ਸਾਰੇ ਲੋਕ ਮਹਾਨ ਵਿਚਾਰਕ ਸਨ | (ਸੋਚੋ) ਵਫਾਦਾਰ ਹੋਣ ਦਾ ਅਰਥ ਹੈ ਆਪਣੇ ਪ੍ਰਤੀ ਇਮਾਨਦਾਰ ਹੋਣਾ (ਦਿ੍ੜ੍ਹ ਇਰਾਦਾ) ਜੇ ਤੁਹਾਡੇ 'ਚ ਹਿੰਮਤ ਹੈ ਤਾਂ ਤੁਸੀਂ ਕਦੇ ਅਸਫਲ ਨਹੀਂ ਹੋ ਸਕਦੇ (ਹਿੰਮਤ) ਆਲਸੀਆਂ ਦੀ ਜਿੱਤ ਨਹੀਂ ਹੁੰਦੀ (ਨਿਪੁੰਨਤਾ) ਆਪਣੇ ਵਿਚਾਰਾਂ ਨੂੰ ਸਾਕਾਰਾਤਮਿਕ ਦਿਸ਼ਾ ਦਿਓ (ਵਿਚਾਰ) ਪ੍ਰਸੰਸਾ ਉਤਸ਼ਾਹਿਤ ਤੇ ਉਤੇਜਿਤ ਕਰਦੀ ਹੈ (ਪ੍ਰਸੰਸਾ), ਇਸ ਤਰ੍ਹਾ ਦੇ ਸਾਰਥਿਕ ਵਿਚਾਰ ਕਿਤਾਬ ਵਿਚ ਹਨ | ਅਨੁਵਾਦ ਸਾਧਾਰਨ ਹੈ | ਟਾਈਟਲ 'ਤੇ ਵੀ ਅਨੁਵਾਦਕ ਦਾ ਨਾਂਅ ਚਾਹੀਦਾ ਸੀ | ਪੁਸਤਕ ਹਰੇਕ ਪਾਠਕ ਦੇ ਪੜ੍ਹਨ ਵਾਲੀ ਹੈ |
-ਪਿ੍ੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160
ਕਿਰਤੀ ਲਹਿਰ ਦੀ ਵੀਰਾਂਗਣਾ
ਬੀਬੀ ਰਘਬੀਰ ਕੌਰ
ਲੇਖਕ : ਚਰੰਜੀ ਲਾਲ ਕੰਗਣੀਵਾਲ
ਪ੍ਰਕਾਸ਼ਕ : ਦੇਸ਼ ਭਗਤ ਪ੍ਰਕਾਸ਼ਨ, ਜਲੰਧਰ
ਮੁੱਲ : 250 ਰੁਪਏ, ਸਫ਼ੇ : 168
ਸੰਪਰਕ : 97806-02066

'ਕਿਰਤੀ ਲਹਿਰ ਦੀ ਵੀਰਾਂਗਣਾ ਬੀਬੀ ਰਘਬੀਰ ਕੌਰ' ਦਾ ਜੀਵਨ-ਬਿਰਤਾਂਤ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਸ੍ਰੀ ਚਰੰਜੀ ਲਾਲ ਕੰਗਣੀਵਾਲ ਨੇ ਬੜੀ ਮਿਹਨਤ, ਸਿਦਕ ਅਤੇ ਸਿਰੜ ਨਾਲ ਤਿਆਰ ਕੀਤਾ ਹੈ, ਜੋ ਸਮੂਹ ਪੰਜਾਬੀਆਂ ਦੀ ਪ੍ਰਸੰਸਾ ਤੇ ਹਰਸ਼ ਦਾ ਹੱਕਦਾਰ ਹੈ | ਬੀਬੀ ਜੀ ਅਤੇ ਉਨ੍ਹਾਂ ਦੇ ਪਤੀ ਸ. ਭਗਵਾਨ ਸਿੰਘ ਸ਼ੇਖੂਪੁਰਾ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਅਤੇ ਉਸ ਦੇ ਦੋ ਸਾਥੀਆਂ ਦੀ ਸ਼ਹਾਦਤ ਉਪਰੰਤ ਜਿਸ ਪ੍ਰਕਾਰ ਦੇ ਰੋਹ, ਰੋਸ ਅਤੇ ਆਕ੍ਰੋਸ਼ ਨੂੰ ਸੰਗਠਿਤ ਰੂਪ ਵਿਚ ਪ੍ਰਗਟ ਕੀਤਾ ਸੀ, ਉਸ ਦੀ ਮਿਸਾਲ ਪੰਜਾਬ ਦੇ ਇਤਿਹਾਸ ਵਿਚ ਮਿਲਣੀ ਮੁਸ਼ਕਿਲ ਹੈ | ਗ਼ਦਰ ਪਾਰਟੀ ਦੇ ਅਧੂਰੇ ਰਹਿ ਗਏ ਨਿਸ਼ਾਨਿਆਂ ਨੂੰ ਉਸ ਨੇ ਪੂਰਾ ਕਰਨ ਲਈ ਪੂਰੇ ਪੰਜਾਬ ਵਿਚ ਇਕ ਇਨਕਲਾਬੀ ਲਹਿਰ ਪੈਦਾ ਕਰ ਦਿੱਤੀ ਸੀ ਅਤੇ ਕੁਝ ਗ਼ਦਰੀ ਬਾਬਿਆਂ ਦੇ ਸਹਿਯੋਗ ਨਾਲ ਇਨਕਲਾਬ ਦੀ ਧੁਖ ਰਹੀ ਚਿੰਗਾਰੀ ਨੂੰ ਮਘਾਈ ਰੱਖਿਆ ਸੀ |
ਬੀਬੀ ਰਘਬੀਰ ਕੌਰ 1937 ਈ. ਦੀ ਪਹਿਲੀ ਪੰਜਾਬ ਅਸੈਂਬਲੀ ਦੇ ਮਾਣਯੋਗ ਵਿਧਾਇਕ ਵੀ ਚੁਣੇ ਗਏ ਸਨ | ਉਨ੍ਹਾਂ ਦਾ ਜਨਮ 20ਵੀਂ ਸਦੀ ਦੇ ਆਰੰਭ ਵਿਚ ਪਿੰਡ ਢੰਡ ਵਿਖੇ ਹੋਇਆ ਸੀ | ਉਸ ਦਾ ਪਤੀ ਭਗਵਾਨ ਸਿੰਘ ਸ਼ੇਖੂਪੁਰੀਆ, ਸ਼ੇਖੂਪੁਰ ਤੋਂ ਕਾਬਲ ਤੱਕ ਟੈਕਸੀ ਚਲਾਇਆ ਕਰਦੇ ਸੀ | ਉਹ ਕਾਬਲ ਅਤੇ ਪੰਜਾਬ ਦੇ ਰੂਪੋਸ਼ ਗ਼ਦਰੀਆਂ ਦੇ ਦਰਮਿਆਨ ਇਕ ਕੜੀ ਦਾ ਕੰਮ ਕਰਦਾ ਸੀ | ਬਰਤਾਨਵੀ ਸਰਕਾਰ ਦੀ ਉਸ ਉੱਪਰ ਤਿੱਖੀ ਨਜ਼ਰ ਸੀ ਅਤੇ ਉਹ ਕਈ ਵਾਰ ਗਿ੍ਫ਼ਤਾਰ ਵੀ ਹੋ ਚੁੱਕਾ ਸੀ | ਉਸੇ ਦੀ ਪ੍ਰੇਰਨਾ ਨਾਲ ਬੀਬੀ ਰਘਬੀਰ ਕੌਰ ਆਜ਼ਾਦੀ ਦੇ ਸੰਗਰਾਮ ਵਿਚ ਕੁੱਦੀ | ਉਸ ਦੀ ਪਹਿਲੀ ਗਿ੍ਫ਼ਤਾਰੀ 1930 ਈ. ਵਿਚ ਹੋਈ, ਜਦੋਂ ਉਹ ਅੰਗਰੇਜ਼ ਸਰਕਾਰ ਵਿਰੁੱਧ ਲੱਗੇ ਇਕ ਧਰਨੇ ਵਿਚ ਸ਼ਾਮਿਲ ਸੀ | ਇਨ੍ਹਾਂ ਦਿਨਾਂ ਵਿਚ ਭਾਰਤ ਨੌਜਵਾਨ ਸਭਾ, ਹਿੰਦੁਸਤਾਨ ਸੋਸ਼ਲਿਸਟ ਪਾਰਟੀ ਅਤੇ ਕਿਰਤੀ ਕਿਸਾਨ ਪਾਰਟੀ ਆਜ਼ਾਦੀ ਦੀ ਪ੍ਰਾਪਤੀ ਲਈ ਜ਼ਬਰਦਸਤ ਸੰਘਰਸ਼ ਕਰ ਰਹੀਆਂ ਹਨ |
ਸ੍ਰੀ ਚਰੰਜੀ ਲਾਲ ਦੀ ਇਹ ਪੁਸਤਕ ਉਸ ਮਿੱਥ ਨੂੰ ਤੋੜਦੀ ਹੈ ਕਿ ਪੰਜਾਬ ਦੀਆਂ ਔਰਤਾਂ ਨੇ ਆਜ਼ਾਦੀ ਦੀ ਇਨਕਲਾਬੀ ਲਹਿਰ ਵਿਚ ਕੋਈ ਵਿਸ਼ੇਸ਼ ਯੋਗਦਾਨ ਨਹੀਂ ਪਾਇਆ, ਜਦੋਂ ਕਿ ਵਾਸਤਵਿਕਤਾ ਇਸ ਦੇ ਬਿਲਕੁਲ ਉਲਟ ਹੈ | ਅਸੀਂ ਮਰਦ ਲੇਖਕਾਂ ਅਤੇ ਚਿੰਤਕਾਂ ਨੇ ਪਿਤਰਕੀ ਚਰਿੱਤਰ ਦੇ ਕਾਰਨ ਇਸਤਰੀਆਂ ਦੀ ਭੂਮਿਕਾ ਨੂੰ ਲੁਕਾਈ ਰੱਖਿਆ ਹੈ, ਉਜਾਗਰ ਹੀ ਨਹੀਂ ਹੋਣ ਦਿੱਤਾ | ਦੇਸ਼ ਭਗਤ ਯਾਦਗਾਰੀ ਭਵਨ ਦੀ ਲਾਇਬ੍ਰੇਰੀ ਅਤੇ ਕੁਝ ਹੋਰ ਟਿਕਾਣਿਆਂ ਤੋਂ ਪੁਰਾਣੀਆਂ ਅਖ਼ਬਾਰਾਂ, ਰਸਾਲਿਆਂ ਅਤੇ ਪੁਲਿਸ ਦੀਆਂ ਰਿਪੋਰਟਾਂ ਨੂੰ ਘੋਖ ਕੇ ਸ੍ਰੀ ਚਰੰਜੀ ਲਾਲ ਨੇ ਜੋ ਦਸਤਾਵੇਜ਼ ਤਿਆਰ ਕੀਤਾ ਹੈ, ਇਹ ਬਹੁਤ ਸ਼ਲਾਘਾਯੋਗ ਹੈ, ਅਸੀਂ ਇਸ ਪੁਸਤਕ ਦਾ ਸਵਾਗਤ ਕਰਦੇ ਹਾਂ |
ਸ਼ਹਾਦਤ ਦੀਆਂ ਪੈੜਾਂ
ਲੇਖਿਕਾ : ਡਾ. ਜਗਦੀਸ਼ ਕੌਰ ਵਾਡੀਆ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 144
ਸੰਪਰਕ : 98555-84298

ਡਾ. ਜਗਦੀਸ਼ ਕੌਰ ਵਾਡੀਆ (1944-2021) ਪੰਜਾਬ ਦੇ ਪ੍ਰਸਿੱਧ ਸਾਹਿਤਕ-ਸੱਭਿਆਚਾਰ ਅਦਾਰੇ 'ਭਾਸ਼ਾ ਵਿਭਾਗ' ਵਿਚੋਂ ਸਹਾਇਕ ਡਾਇਰੈਕਟਰ ਵਜੋਂ 2002 ਈ. ਵਿਚ ਸੇਵਾਮੁਕਤ ਹੋਏ ਸਨ | ਉਨ੍ਹਾਂ ਨੇ ਪੰਜਾਬੀ, ਪਬਲਿਕ ਐਡ ਅਤੇ ਅੰਗਰੇਜ਼ੀ ਸਾਹਿਤ ਵਿਚ ਪੋਸਟ ਗ੍ਰੈਜੂਏਟ ਡਿਗਰੀਆਂ ਲੈ ਰੱਖੀਆਂ ਸਨ | ਉਹ ਇਕ ਖੋਜ-ਅਫ਼ਸਰ ਦੇ ਨਾਲ-ਨਾਲ ਸਿਰਜਣਾਤਮਿਕ ਲੇਖਕ ਅਤੇ ਸਫ਼ਲ ਅਨੁਵਾਦਕ ਵੀ ਸੀ | ਉਨ੍ਹਾਂ ਨੇ ਪ੍ਰਸਿੱਧ ਦਾਰਸ਼ਨਿਕ ਲੇਖਕ ਖ਼ਲੀਲ ਜਿਬਰਾਨ ਸਾਹਿਬ ਦੀਆਂ ਲਗਭਗ ਸਾਰੀਆਂ ਪੁਸਤਕਾਂ ਦਾ ਅਨੁਵਾਦ ਕਰ ਰੱਖਿਆ ਸੀ | ਆਪਣੇ ਜੀਵਨ ਵਿਚ ਉਨ੍ਹਾਂ ਲਗਭਗ 60 ਪੁਸਤਕਾਂ ਦੀ ਰਚਨਾ ਕੀਤੀ | ਇਸ ਪ੍ਰਕਾਰ ਸਾਹਿਤਕ ਜਗਤ ਵਿਚ ਉਹ ਸੁਪ੍ਰਸਿੱਧ ਲੇਖਿਕਾ ਸਨ | ਗੁਰ ਇਤਿਹਾਸ ਦੇ ਲੇਖਣ ਵਿਚ ਵੀ ਆਪ ਦੀ ਵਿਸ਼ੇਸ਼ ਰੁਚੀ ਰਹੀ | 'ਸ਼ਹਾਦਤ ਦੀਆਂ ਪੈੜਾਂ' ਵਿਚ ਉਨ੍ਹਾਂ ਨੇ ਸਿੱਖ ਇਤਿਹਾਸ ਦੇ ਸ਼ਹੀਦਾਂ ਦਾ ਜੀਵਨ-ਬਿਰਤਾਂਤ ਲਿਖਿਆ ਹੈ |
ਪੁਸਤਕ ਦੇ ਆਰੰਭ ਵਿਚ 'ਸਿੱਖ ਸ਼ਹਾਦਤ' ਦੇ ਸੰਕਲਪ ਨੂੰ ਪਰਿਭਾਸ਼ਿਤ ਕਰਨ ਪਿੱਛੋਂ ਉਸ ਨੇ ਸ੍ਰੀ ਗੁਰੂ ਅਰਜਨ ਦੇਵ, ਸ੍ਰੀ ਗੁਰੂ ਤੇਗ ਬਹਾਦਰ, ਮਾਤਾ ਗੁਜਰੀ ਜੀ, ਛੋਟੇ-ਵੱਡੇ ਸਾਹਿਬਜ਼ਾਦਿਆਂ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਬੀਬੀ ਹਰਸ਼ਰਨ ਕੌਰ, ਬੀਬੀ ਬਸੰਤ ਕੌਰ (ਸੁਪਤਨੀ ਭਾਈ ਮਨੀ ਸਿੰਘ), ਬੀਬੀ ਭਾਗ ਕੌਰ (ਮਾਤਾ ਭਾਗੋ) ਅਤੇ ਹੋਰ ਬਹੁਤ ਸਾਰੇ ਸਿੰਘ ਸ਼ਹੀਦਾਂ ਨੂੰ ਸਜਦਾ ਕੀਤਾ ਹੈ | ਇਉਂ ਇਹ ਪੁਸਤਕ ਸਿੱਖ ਇਤਿਹਾਸ ਪ੍ਰਤੀ ਉਸ ਦੀ ਖੋਜ ਅਤੇ ਸ਼ਰਧਾ ਦਾ ਇਕ ਪ੍ਰਮਾਣਿਕ ਬਿਰਤਾਂਤ ਪੇਸ਼ ਕਰਦੀ ਹੈ | ਪ੍ਰਕਾਸ਼ਕ (ਸਪਤਰਿਸ਼ੀ) ਅਨੁਸਾਰ ਇਹ ਡਾ. ਸਾਹਿਬਾ ਦੀ ਅੰਤਿਮ ਪੁਸਤਕ ਹੈ | ਇਸ ਕਾਰਨ ਵੀ ਇਸ ਰਚਨਾ ਦਾ ਨੋਟਿਸ ਲੈਣਾ ਬਣਦਾ ਹੈ |
ਇਕ ਸਿੱਧਹਸਤ ਲੇਖਿਕਾ ਹੋਣ ਕਾਰਨ ਉਸ ਦੀ ਗੱਦ-ਸ਼ੈਲੀ ਮਧੁਰ ਅਤੇ ਸਰਸ ਹੈ | ਸਮੱਗਰੀ ਵਿਚ ਕਿਸੇ ਪ੍ਰਕਾਰ ਦੇ ਕਰਾਮਾਤੀ ਵੇਰਵਿਆਂ ਜਾਂ ਮਨਮਤਿ ਅੰਕਿਤ ਕਰਨ ਤੋਂ ਗੁਰੇਜ਼ ਕੀਤਾ ਗਿਆ ਹੈ | ਇਹ ਪੁਸਤਕ ਪ੍ਰਮਾਣਿਤ ਕਰਦੀ ਹੈ ਕਿ ਸਿੱਖ ਕੌਮ ਮੌਤ ਤੋਂ ਡਰਨ ਦੀ ਬਜਾਏ ਅੱਗੇ ਹੋ ਕੇ ਇਸ ਨੂੰ ਆਪ 'ਵਰਦੀ' (ਮੌਤ-ਲਾੜੀ ਦੇ ਸੰਕਲਪ ਵਜੋਂ) ਹੈ | ਇਸ ਕੌਮ ਨੂੰ ਆਤੰਕਿਤ ਜਾਂ ਭੈਭੀਤ ਨਹੀਂ ਕੀਤਾ ਜਾ ਸਕਦਾ ਹੈ | ਅਸੀਂ ਆਪਣੇ ਸਮਕਾਲੀ ਦੌਰ ਵਿਚ ਸਿੰਘਾਂ ਦੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦੇ ਅਨੇਕ ਪ੍ਰਮਾਣ ਦੇਖ ਚੁੱਕੇ ਹਾਂ, ਪਰ ਸ਼ੋਕ ਦੀ ਗੱਲ ਹੈ ਕਿ ਯੂਨੀਵਰਸਿਟੀਆਂ ਨਾਲ ਜੁੜੇ ਅਤੇ ਹੋਰ ਅਕਾਦਮਿਕ ਇਤਿਹਾਸਕਾਰ ਇਨ੍ਹਾਂ ਸ਼ਹੀਦੀਆਂ ਦਾ ਬਣਦਾ ਨੋਟਿਸ ਨਹੀਂ ਲੈ ਰਹੇ | ਇਸ ਜੜ੍ਹਤਾ ਅਤੇ ਨਾਸ਼ੁਕਰੇਪਣ ਨੂੰ ਤੋੜਨ ਦੀ ਜ਼ਰੂਰਤ ਹੈ | ਮੈਂ ਡਾ. ਵਾਡੀਆ ਦੀ ਮਿਹਨਤ ਅਤੇ ਸਿਦਕਦਿਲੀ ਦੇ ਸਦਕੇ ਜਾਂਦਾ ਹਾਂ |
-ਮੋਬਾਈਲ : 98760-52136
ਨਸ਼ੀਲੇ ਪਦਾਰਥ ਅਤੇ ਸਾਮਰਾਜਵਾਦ
ਲੇਖਕ : ਭੂਪਿੰਦਰ ਸਿੰਘ ਚੌਕੀਮਾਨ (ਧਾਲੀਵਾਲ)
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 99145-49724

ਇਹ ਸ਼ਲਾਘਾ ਕਰਨੀ ਬਣਦੀ ਹੈ ਕਿ ਇਸ ਸਮਾਜ ਨੂੰ ਚੰਗੇਰੀ ਸੇਧ ਦੇਣ ਲਈ ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ ਨੇ ਬਹੁਤ ਮੁੱਲਵਾਨ ਪੁਸਤਕਾਂ ਪ੍ਰਕਾਸ਼ਿਤ ਕਰਕੇ ਜਿਥੇ ਲੋਕਾਂ ਨੂੰ ਵਿਗਿਆਨਕ ਸੋਚ ਦੇ ਧਾਰਨੀ ਬਣਾਇਆ, ਉਥੇ ਮਾਂ-ਬੋਲੀ ਪੰਜਾਬੀ ਦੇ ਸਾਹਿਤ ਨੂੰ ਵੀ ਮਨੋਹਰ ਪੁਸਤਕਾਂ ਦਿੱਤੀਆਂ ਹਨ | ਇਸੇ ਲੜੀ ਵਿਚ 'ਨਸ਼ੀਲੇ ਪਦਾਰਥ ਅਤੇ ਸਾਮਰਾਜਵਾਦ' ਪੁਸਤਕ ਸੇਵਾ ਮੁਕਤ, ਡਿਪਟੀ ਕਮਾਂਡਰ ਬੀ.ਐਸ.ਐਫ. ਲੇਖਕ ਭੂਪਿੰਦਰ ਸਿੰਘ ਚੌਕੀਮਾਨ (ਧਾਲੀਵਾਲ) ਨੇ ਸੰਸਾਰ ਪੱਧਰ 'ਤੇ ਪ੍ਰਾਚੀਨ ਕਾਲ ਤੋਂ ਹੁਣ ਤੱਕ ਸਾਮਰਾਜੀ ਤਾਕਤਾਂ ਦੀ ਨਸ਼ਿਆਂ ਅਤੇ ਹੋਰ ਕੀਮਤੀ ਵਸਤਾਂ ਦੀ ਦਲਾਲਬਾਜ਼ੀ ਅਤੇ ਗ਼ੈਰ-ਕਾਨੂੰਨੀ ਕਾਰੋਬਾਰ ਦਾ ਪਰਦਾਫਾਸ਼ ਕੀਤਾ ਹੈ | ਸਾਡੇ ਦੇਸ਼ ਵਿਚ ਨਸ਼ਿਆਂ ਦਾ ਧੰਦਾ ਰੁਕਣ ਵਿਚ ਨਹੀਂ ਆ ਰਿਹਾ | 'ਯੁੱਧ ਨਸ਼ਿਆਂ ਵਿਰੁੱਧ' ਸਰਕਾਰ ਮਹਿਜ਼ ਨਾਅਰਿਆਂ ਦਾ ਪ੍ਰਦਰਸ਼ਨ ਕਰਨ ਵਾਲੀ ਰਹਿ ਗਈ | ਨਸ਼ਿਆਂ ਦੀ ਜੜ੍ਹ ਅਤੇ ਇਸ ਦੇ ਵਪਾਰੀਕਰਨ ਦੇ ਸੋਮਿਆਂ ਬਾਰੇ ਹਥਲੀ ਪੁਸਤਕ ਬਹੁਤ ਖੋਜ ਭਰਪੂਰ ਜਾਣਕਾਰੀ ਦਿੰਦੀ ਹੈ | ਲੇਖਕ ਨੇ ਇਸ ਪੁਸਤਕ ਦੀ ਸਮੱਗਰੀ ਨੂੰ ਪੇਸ਼ ਕਰਨ ਲਈ ਸੰਸਾਰ ਭਰ ਦੇ ਦੇਸ਼ਾਂ 'ਚ ਅਫ਼ੀਮ ਤੋਂ ਸ਼ੁਰੂ ਹੋਈ ਇਜਾਰੇਦਾਰੀ ਦਾ ਹੈਰਾਨ ਕਰਨ ਵਾਲਾ ਧੰਦਾ ਪੇਸ਼ ਕਰਕੇ ਅੱਖਾਂ ਖੋਲ੍ਹੀਆਂ ਹਨ | ਪੰਜਾਬੀ ਵਿਚ ਨਸ਼ੀਲੇ ਪਦਾਰਥਾਂ ਦੇ ਦੁਰ-ਉਪਯੋਗੀ ਤਾਣੇ-ਬਾਣੇ ਬਾਰੇ ਅਜਿਹੀ ਪੁਸਤਕ ਸਰਕਾਰਾਂ, ਪੁਲਿਸ ਅਧਿਕਾਰੀਆਂ, ਵਕੀਲਾਂ, ਅਧਿਆਪਕਾਂ, ਮਾਪਿਆਂ, ਅਦਾਲਤਾਂ ਤੇ ਆਮ-ਪਾਠਕਾਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ | ਲੇਖਕ ਨੇ ਇਸ ਤੋਂ ਪਹਿਲਾਂ 10 ਪੁਸਤਕਾਂ ਮਹੱਤਵਪੂਰਨ ਵਿਸ਼ਿਆਂ 'ਤੇ ਲਿਖੀਆਂ ਹਨ | ਇਸ ਪੁਸਤਕ ਦੇ 10 ਕਾਂਡ ਹਨ | ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਕਿਵੇਂ ਮਾਲਾ-ਮਾਲ ਹੋਇਆ ਜਾਂਦਾ ਅਤੇ ਰਾਜਸੀ-ਪਾਰਟੀਆਂ ਕਿਵੇਂ ਇਸ ਧੰਦੇ ਰਾਹੀਂ ਆਪਣੀ ਸੱਤਾ ਹਥਿਆਉਂਦੀਆਂ ਹਨ | ਕੁਝ ਦਿਲਚਸਪ ਗੱਲਾਂ ਉਘਾੜੀਆਂ ਗਈਆਂ ਹਨ | ਪੋਸਤ ਦੀ ਫ਼ਸਲ ਤੋਂ ਅਫ਼ੀਮ (1300 ਬੀ. ਸੀ. ਈਸਾ ਤੋਂ ਪਹਿਲਾਂ) ਮਿਸਰ ਦੀ ਰਾਜਧਾਨੀ ਜੋ ਦੇਬੇਜ ਵਿਚ ਸੀ, ਸ਼ੁਰੂ ਹੋਈ | ਭਾਰਤ ਵਿਚ ਈਸਟ ਇੰਡੀਆ ਕੰਪਨੀ ਰਾਹੀਂ ਬੰਗਾਲ 'ਚ ਅਫ਼ੀਮ ਤਿਆਰ ਕਰਕੇ ਚੀਨ ਨੂੰ ਭੇਜੀ ਜਾਂਦੀ ਸੀ ਤੇ ਫਿਰ ਯੂਰਪੀਅਨ ਦੇਸ਼ਾਂ ਵਿਚ | ਤੰਬਾਕੂ ਪੀਣ ਦੀ ਆਦਤ ਚੀਨ ਵਿਚ ਅਮਰੀਕਨਾਂ ਦੁਆਰਾ ਸ਼ੁਰੂ ਕਰਵਾਈ ਗਈ | ਅਫ਼ੀਮ ਦੇ ਵਪਾਰ ਸਦਕਾ ਹੀ ਬਿ੍ਟਿਸ਼ ਰਾਜ ਨੇ ਸੰਸਾਰ 'ਤੇ ਧਾਕ ਜਮਾਈ | ਤਸਕਰੀ ਦੀ ਸੰਪਤੀ ਨਾਲ ਅਮੀਰ ਹੋਏ 167 ਅਰਬਪਤੀ ਹਨ, 2023 ਦੇ ਅੰਕੜਿਆਂ ਅਨੁਸਾਰ | ਅਫ਼ੀਮ ਨੂੰ ਸੋਨੇ ਦੇ ਬਰਾਬਰ ਦੀ ਕੀਮਤ ਦਾ ਹੀ ਪਦਾਰਥ ਮੰਨਿਆ ਗਿਆ | ਅੱਜ ਇਕ ਅਨੁਮਾਨ ਅਨੁਸਾਰ 300 ਮਿਲੀਅਨ ਲੋਕ ਨਸ਼ੀਲੀਆਂ ਵਸਤੂਆਂ ਦੇ ਆਦੀ ਬਣ ਚੁੱਕੇ ਹਨ | ਹੋਰ ਬਹੁਤ ਅਚੰਭਿਤ ਜਾਣਕਾਰੀ ਪੜ੍ਹਨ ਵਾਲੀ ਹੈ | ਪੁਸਤਕ 'ਚ ਤਸਕਰੀ ਬੰਦਿਆਂ ਬਾਰੇ ਜਾਣਕਾਰੀ ਵੀ ਦਿੱਤੀ ਗਈ ਹੈ, ਜਿਹੜੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਕੇ ਸੰਪਤੀ ਰਾਹੀਂ ਸ਼ਾਹੂਕਾਰ ਬਣੇ |
-ਮਨਮੋਹਨ ਸਿੰਘ ਦਾਊ
ਮੋਬਾਈਲ : 98151-23900
ੳ-ਅ
ਸਾਡਾ ਸਾਥੀ
ਲੇਖਕ : ਤਰਸੇਮ ਲੰਡੇ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 36
ਸੰਪਰਕ : 99145-86784

ਤਰਸੇਮ ਲੰਡੇ ਕਿੱਤੇ ਵਜੋਂ ਅਧਿਆਪਕ ਹੈ ਅਤੇ ਅਧਿਆਪਕ ਬੱਚਿਆਂ ਦੀ ਮਾਨਸਿਕਤਾ ਨੂੰ ਭਲੀ-ਭਾਂਤੀ ਜਾਣ ਲੈਂਦਾ ਹੈ | ਉਸ ਨੇ ਬੱਚਿਆਂ ਦੀ ਹਾਣ ਦੀ ਪੁਸਤਕ ਲਿਖ ਕੇ ਸਾਹਿਤ ਜਗਤ ਵਿਚ ਇਕ ਵਧੀਆ ਕਾਰਜ ਕੀਤਾ ਹੈ | ਹਥਲੀ ਪੁਸਤਕ ਲੇਖਕ ਦਾ ਪਲੇਠਾ ਕਾਵਿ-ਸੰਗ੍ਰਹਿ ਹੈ ਜੋ ਲੇਖਕ ਨੇ ਪੈਂਤੀ ਅੱਖਰਾਂ 'ਤੇ ਲਿਖ ਕੇ ਬੱਚਿਆਂ ਨੂੰ ਜਿੱਥੇ ਅੱਖਰਾਂ ਦਾ ਗਿਆਨ ਕਰਾਇਆ ਹੈ ਉਥੇ ਇਨ੍ਹਾਂ ਅੱਖਰਾਂ ਨਾਲ ਬਣਨ ਵਾਲੇ ਕਈ ਸ਼ਬਦ ਜਿਵੇਂ ਕੇ ਪਰਿਵਾਰ, ਖੇਤੀਬਾੜੀ, ਸਕੂਲ, ਦਫ਼ਤਰ, ਜੀਵ ਜੰਤੂ, ਫਲ ਫੁੱਲ, ਰੁੱਖ ਬੂਟੇ, ਪਸ਼ੂ ਪੰਛੀ, ਖਾਣ ਪੀਣ ਦੀਆਂ ਵਸਤਾਂ, ਦਿਨ ਤਿਉਹਾਰ ਅਤੇ ਰਿਸ਼ਤੇ ਨਾਤਿਆਂ ਦੀ ਜਾਣਕਾਰੀ ਵੀ ਬਾਖ਼ੂਬੀ ਕਰਾਈ ਹੈ | ੳ ਤੋਂ ਲੈ ਕੇ ੜ ਤਕ ਸੁੰਦਰ ਕਵਿਤਾਵਾਂ ਦਾ ਕਵੀ ਨੇ ਵਧੀਆ ਗੁਲਦਸਤਾ ਤਿਆਰ ਕੀਤਾ ਹੈ ਅਤੇ ਨਾਲ ਰੰਗਦਾਰ ਤਸਵੀਰਾਂ ਲਗਾ ਕੇ ਕਵਿਤਾਵਾਂ ਨੂੰ ਹੋਰ ਵੀ ਖ਼ੂਬਸੂਰਤ ਬਣਾਇਆ ਹੈ | ਅੱਜ ਦੇ ਦੌਰ ਵਿਚ ਬਾਲ ਸਾਹਿਤ ਜਿੰਨਾ ਲਿਖਿਆ ਜਾਣਾ ਚਾਹੀਦਾ ਹੈ ਓਨਾ ਨਹੀਂ ਲਿਖਿਆ ਜਾ ਰਿਹਾ | ਤਰਸੇਮ ਲੰਡੇ ਨੇ ਆਪਣੀ ਪਲੇਠੀ ਪੁਸਤਕ ਹੀ ਬਾਲਾਂ ਲਈ ਲਿਖ ਕੇ ਇਕ ਵਧੀਆ ਸ਼ੁਰੂਆਤ ਕੀਤੀ ਹੈ ਜਿਸ ਦੀ ਤਾਰੀਫ਼ ਕਰਨੀ ਵੀ ਬਣਦੀ ਹੈ | ਮੈਂ ਉਮੀਦ ਕਰਦਾ ਹਾਂ ਬੱਚੇ ਇਹ ਪੁਸਤਕ ਜ਼ਰੂਰ ਪੜ੍ਹਨਗੇ ਅਤੇ ਆਪਣੀ ਮਾਂ ਬੋਲੀ ਨਾਲ ਜੁੜਨਗੇ | ਲੇਖਕ ਦੇ ਇਸ ਸ਼ਲਾਘਾਯੋਗ ਕਾਰਜ ਲਈ ਮੈਂ ਫੇਰ ਇਕ ਵਾਰ ਲੇਖਕ ਨੂੰ ਵਧਾਈ ਦੇਂਦਾ ਹਾਂ ਅਤੇ ਆਸ ਕਰਦਾ ਹਾਂ ਕਿ ਲੇਖਕ ਇਹ ਉਪਰਾਲਾ ਇੰਝ ਹੀ ਕਰਦਾ ਰਹੇਗਾ ਤਾਂਕਿ ਸਾਡੇ ਬੱਚੇ ਆਪਣੀ ਮਾਂ ਬੋਲੀ ਤੋਂ ਦੂਰ ਨਾ ਜਾਣ |
-ਬਲਵਿੰਦਰ ਸਿੰਘ ਜੰਮੂ
ਮੋਬਾਈਲ : 094196-36562
ਇੱਕ ਦਿਨ ਅਚਾਨਕ
ਲੇਖਿਕਾ : ਹੈਨ ਕੈਂਗ
ਅਨੁਵਾਦਕ : ਹਰਵੀਰ ਸਿੰਘ
ਪ੍ਰਕਾਸ਼ਨ: ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 399 ਰੁਪਏ, ਸਫ਼ੇ “: 220
ਸੰਪਰਕ : 98762-07774

'ਇੱਕ ਦਿਨ ਅਚਾਨਕ' ਨਾਵਲ ਦੀ ਲੇਖਿਕਾ ਸਾਊਥ ਕੋਰੀਆ ਦੀ 'ਹੈਨ ਕੈਂਗ' ਏਸ਼ੀਆ ਦੀ ਪਹਿਲੀ ਨੋਬਲ ਪੁਰਸਕਾਰ ਵਿਜੇਤਾ ਹੈ | ਹੈਨ ਕੈਂਗ ਨੇ ਗੰੁਝਲਦਾਰ ਮਾਨਵੀ ਰਿਸ਼ਤੇ, ਮਾਨਸਿਕ ਪੀੜਾ ਅਤੇ ਉਲਝੇ ਹੋਏ ਸਮਾਜਿਕ ਤਾਣੇ-ਬਾਣੇ ਦੇ ਖਿਲਾਫ਼ ਫ਼ੈਸਲੇ ਲੈਣ ਵਾਲੀ ਔਰਤ ਪ੍ਰਤੀ ਸਮਾਜ ਦਾ ਰਵੱਈਆ ਕਿਸ ਤਰ੍ਹਾਂ ਦਾ ਬਣ ਜਾਂਦਾ ਹੈ, ਵਰਗੇ ਵਿਸ਼ਿਆਂ ਨੂੰ ਆਪਣੇ ਨਾਵਲਾਂ ਵਿਚ ਪੇਸ਼ ਕੀਤਾ ਹੈ | ਨਾਵਲ ਦੀ ਮੁੱਖ ਪਾਤਰ 'ਯਿਉਂਗ-ਹੇ' ਇਕ ਸਧਾਰਨ ਔਰਤ ਹੈ ਅਤੇ ਇਕ ਦਿਨ ਅਚਾਨਕ ਉਹ ਸ਼ਾਕਾਹਾਰੀ ਹੋਣ ਦਾ ਫ਼ੈਸਲਾ ਕਰਦੀ ਹੈ | ਯਿਉਂਗ-ਹੇ ਨੂੰ ਇਕ ਸੁਪਨਾ ਆਉਂਦਾ ਹੈ ਅਤੇ ਅਗਲੀ ਸਵੇਰ ਉਹ ਆਪਣੇ ਪਤੀ ਨੂੰ ਆਪਣੇ ਸ਼ਾਕਾਹਾਰੀ ਹੋਣ ਬਾਰੇ ਦੱਸਦੀ ਹੈ ਅਤੇ ਉਸ ਦਾ ਪਤੀ ਇਸ ਗੱਲ ਤੋਂ ਬਹੁਤ ਨਾਰਾਜ਼ ਹੁੰਦਾ ਹੈ ਅਤੇ ਯਿਉਂਗ-ਹੇ ਦੀ ਮਾਂ ਨੂੰ ਇਸ ਬਾਰੇ ਦੱਸਦਾ ਹੈ ਅਤੇ ਯਿੳਾੁਗ-ਹੇ ਦੀ ਮਾਂ ਵੀ ਇਸ ਗੱਲ ਨੂੰ ਸੁਣ ਕੇ ਬਹੁਤ ਹੈਰਾਨ ਹੁੰਦੀ ਹੈ | ਯਿਉਂਗ-ਹੇ ਜਦੋਂ ਆਪਣੇ ਪਤੀ ਨਾਲ ਇਕ ਪਾਰਟੀ ਵਿਚ ਜਾਂਦੀ ਹੈ ਤੇ ਮਾਸਾਹਾਰੀ ਭੋਜਨ ਖਾਣ ਦੀ ਬਜਾਏ ਸ਼ਾਕਾਹਾਰੀ ਭੋਜਨ ਦੀ ਮੰਗ ਕਰਦੀ ਹੈ ਤਾਂ ਪਾਰਟੀ ਵਿਚ ਮੌਜੂਦ ਲੋਕ ਅਤੇ ਔਰਤਾਂ ਯਿਉਂਗ-ਹੇ ਨੂੰ ਬਹੁਤ ਹੀ ਹੈਰਾਨੀ ਨਾਲ ਵੇਖਦੇ ਹਨ, ਜਿਵੇਂ ਯਿਉਂਗ-ਹੇ ਨੇ ਕੋਈ ਬਹੁਤ ਵੱਡਾ ਗੁਨਾਹ ਕੀਤਾ ਹੈ, ਸ਼ਾਕਾਹਾਰੀ ਹੋਣ ਦਾ ਫ਼ੈਸਲਾ ਲੈ ਕੇ | ਅਸਲ ਵਿਚ ਯਿੳਾਗ-ਹੇ ਦੇ ਇਸ ਫ਼ੈਸਲੇ ਦੇ ਜ਼ਰੀਏ ਲੇਖਿਕਾ ਨੇ ਸਮਾਜ ਵਿਚ ਔਰਤ ਦੀ ਵੁੱਕਤ ਅਤੇ ਔਰਤ ਦੇ ਆਪਣੇ ਲਈ ਫ਼ੈਸਲੇ ਲੈਣ ਦੀ ਯੋਗਤਾ ਤੇ ਪ੍ਰਸ਼ਨ-ਚਿੰਨ੍ਹ ਅਤੇ ਔਰਤ ਦੀ ਸਮਾਜਿਕ ਬਗ਼ਾਵਤ ਬਾਰੇ ਇਸ ਨਾਵਲ ਵਿਚ ਗੱਲ ਕੀਤੀ ਹੈ | ਹਰ ਸਮਾਜ ਵਿਚ ਔਰਤ ਦੀ ਸਥਿਤੀ ਇਕੋ ਜਿਹੀ ਹੈ ਔਰਤ ਦੇ ਹਰ ਫ਼ੈਸਲੇ ਨੂੰ ਹਾਸੋਹੀਣਾ ਬਣਾ ਕੇ ਇਹ ਸਿੱਧ ਕਰਨਾ ਕਿ ਔਰਤ ਕੋਈ ਵੀ ਫੈਸਲਾ ਲੇਣ ਦੇ ਯੋਗ ਨਹੀਂ, ਬੇਸ਼ੱਕ ਉਹ ਆਪਣੇ ਲਈ ਹੀ ਕੋਈ ਫ਼ੈਸਲਾ ਲੈ ਰਹੀ ਹੋਏ, ਉਸ ਵਿਚ ਵੀ ਇਹ ਸਮਾਜਿਕ ਤਾਣਾ ਬਾਣਾ, ਉਸ ਨੂੰ ਅਯੋਗ ਕਰਾਰ ਦੇਣ 'ਤੇ ਆਤੁਰ ਹੋ ਜਾਦਾ ਹੈ | ਮਾਸਾਹਾਰੀ ਅਤੇ ਸ਼ਾਕਾਹਾਰੀ ਦੀ ਗੱਲ ਰਾਹੀਂ ਔਰਤਾਂ ਨੂੰ ਸਮਾਜਿਕ ਤਾਣੇ-ਬਾਣੇ ਵਿਚ ਹਰ ਥਾਂ ਅਯੋਗ ਸਿੱਧ ਕਰਨਾ ਅਤੇ ਔਰਤ ਦੇ ਹਰ ਫ਼ੈਸਲੇ ਨੂੰ ਸਮਾਜ ਦੇ ਖਿਲਾਫ਼ ਸਿੱਧ ਕਰਨਾ ਅਤੇ ਔਰਤ ਦਾ ਔਰਤ ਹੋਣਾ ਹੀ ਅੱਜ ਦੇ ਸਮਾਜ ਵਿਚ ਔਰਤ ਦੀ ਤ੍ਰਾਸਦੀ ਹੈ, ਇਸ ਨਾਵਲ ਵਿਚ ਬੜੀ ਬਾਖੂਬੀ ਨਾਲ ਪੇਸ਼ ਕੀਤਾ ਹੈ |
-ਡਾ. ਜਸਬੀਰ ਕੌਰ
ਮੋਬਾਈਲ : 98721-17774
ਲਾਲ-ਏ-ਕਮਾਲ
ਲੇਖਕ : ਕੁੰਦਨ ਲਾਲ ਭੱਟੀ
ਪ੍ਰਕਾਸ਼ਕ : ਸ਼ਾਈਨ ਬੁੱਕ ਪਬਲਿਸ਼ਰਜ਼, ਬਿਲਾਸਪੁਰ (ਛੱਤੀਸਗੜ੍ਹ)
ਮੁੱਲ : 199 ਰੁਪਏ, ਸਫ਼ੇ : 44
ਸੰਪਰਕ : 95643-17983

ਸ਼ਾਇਰ-ਲੇਖਕ ਕੁੰਦਨ ਲਾਲ ਭੱਟੀ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ | ਅਨੇਕਾਂ ਪੁਸਤਕਾਂ ਰਚ ਕੇ ਉਨ੍ਹਾਂ ਕਈ ਰਿਕਾਰਡ ਆਪਣੇ ਨਾਂਅ ਕੀਤੇ ਹਨ | ਇਸ ਪੁਸਤਕ ਵਿਚ ਦਰਜ ਉਨ੍ਹਾਂ ਦੀ ਰਚੀ ਕਵਿਤਾ 'ਲਾਲ-ਏ-ਕਮਾਲ' ਇਕ ਧਾਰਮਿਕ ਕਵਿਤਾ ਕਿਹਾ ਹੈ, ਜਿਸ ਦੇ ਚੁਤਾਲੀ ਬੰਦ ਹਨ, ਜਿਸ ਨੂੰ 44 ਬੰਦਾਂ ਵਾਲੀ ਵਿਸ਼ਵ ਦੀ ਸਭ ਤੋਂ ਲੰਮੀ ਧਾਰਮਿਕ ਕਵਿਤਾ ਹੈ | ਉਨ੍ਹਾਂ ਨੇ ਆਪਣੇ ਮਖਸੂਸ ਅੰਦਾਜ਼ ਵਿਚ ਇਸ ਕਵਿਤਾ ਵਿਚ ਦਸਮ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਸੂਬਾ ਸਰਹੰਦ ਵਜ਼ੀਰ ਖਾਨ ਦਰਮਿਆਨ ਹੋਈ ਵਾਰਤਾਲਾਪ ਨੂੰ ਕਾਵਿ-ਰੂਪ ਵਿਚ ਪੇਸ਼ ਕਰਕੇ ਪ੍ਰਸੰਸਾਯੋਗ ਕਾਰਜ ਨੇਪਰੇ ਚੜ੍ਹਾਇਆ ਹੈ | ਇਸ ਆਹਲਾ ਪੁਸਤਕ ਦਾ ਹਰੇਕ ਵਰਗ ਵਲੋਂ ਭਰਵਾਂ ਸਵਾਗਤ ਕੀਤਾ ਜਾਣਾ ਬਣਦਾ ਹੈ |
-ਸੁਰਿੰਦਰ ਸਿੰਘ 'ਕਰਮ ਲਧਾਣਾ'
ਮੋਬਾਈਲ : 98146-81444
ਬਲੌਰੀ ਮੂਨ
ਲੇਖਕ : ਜਗਜੀਤ ਸਿੰਘ ਲੋਹਟਬੱਦੀ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 89684-83500

ਜਗਜੀਤ ਸਿੰਘ ਲੋਹਟਬੱਦੀ ਦੀ ਨਵੀਂ ਪੁਸਤਕ “'ਬਲੌਰੀ ਮੂਨ' 51 ਮਿੰਨੀ ਕਹਾਣੀਆਂ 'ਤੇ ਆਧਾਰਿਤ ਪੁਸਤਕ ਹੈ | ਇਸ ਵਿਚਲੀਆਂ ਕਹਾਣੀਆਂ ਨੂੰ 'ਅਣੂ' ਮੈਗਜ਼ੀਨ ਦੇ ਸੰਪਾਦਕ ਸੁਰਿੰਦਰ ਕੈਲੇ ਨੇ ਪ੍ਰਤੀਰੋਧਕ ਕਹਾਣੀਆਂ ਗਰਦਾਨਿਆ ਹੈ ਤੇ ਮਿੰਨੀ ਮੈਗਜ਼ੀਨ ਦੇ ਸੰਪਾਦਕ ਜਗਦੀਸ਼ ਰਾਏ ਕੁਲਰੀਆਂ ਨੇ ਇਨ੍ਹਾਂ ਨੂੰ ਸਮਕਾਲੀ ਚੁਣੌਤੀਆਂ ਲਈ ਵੰਗਾਰ ਮੰਨਿਆ ਹੈ | ਇਹ ਸੱਚ ਹੈ ਇਨ੍ਹਾਂ ਕਹਾਣੀਆਂ ਵਿਚ ਕਹਾਣੀਕਾਰ ਲੋਹਟਬੱਦੀ ਨੇ ਸਮਕਾਲੀ ਸਮਾਜ ਦੇ ਲਗਭਗ ਹਰ ਵਿਸ਼ੇ ਨੂੰ ਨਾ ਸਿਰਫ਼ ਛੋਹਿਆ ਹੈ ਸਗੋਂ ਇੱਕ ਸੁਧਾਰਵਾਦੀ ਸੁਰ ਵਿਚ ਮਾੜੇ ਵਰਤਾਰਿਆਂ ਨੂੰ ਭੰਡਿਆ ਹੈ ਤੇ ਚੰਗਿਆਂ ਨੂੰ ਸਰਾਹਿਆ ਹੈ | ਉਸਦੀਆਂ ਇਨ੍ਹਾਂ ਕਹਾਣੀਆਂ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਲੜੇ ਜਾਣ ਵਾਲੇ ਯੁੱਧਾਂ ਦੇ ਵਿਰੋਧ ਦੀ ਤੇ ਧਾਰਮਿਕ ਸ਼ਰਧਾ ਵਿਚ ਗਲਤਾਨ ਮਾਨਵੀ ਮੁੱਲਾਂ ਦੇ ਹੱਕ ਦੀ ਗੱਲ ਬਰਾਬਰ ਅਹਿਮੀਅਤ ਨਾਲ ਹੁੰਦੀ ਹੈ | ਉਹ ਗ਼ਰੀਬ ਦੀ ਰੋਜ਼ੀ-ਰੋਟੀ ਤੇ ਕਮਾਈ ਬਾਰੇ ਗੱਲ ਕਰਦਿਆਂ ਉਨ੍ਹਾਂ ਦੀ ਬੇਵਸੀ ਚਿਤਰਤ ਕਰਦਾ ਹੈ ਤੇ ਵਿਦੇਸ਼ੀ ਧਰਤੀ 'ਤੇ ਵਸੇ ਮਨੁੱਖਾਂ ਵਿਚ ਜੜ੍ਹਾਂ ਤੋਂ ਟੁੱਟੇ ਹੋਣ ਦੇ ਮਲਾਲ ਨੂੰ ਵਿਸ਼ਾ ਬਣਾਉਂਦਾ ਹੈ | ਸਮਾਜਿਕ ਅਤੇ ਰਾਜਨੀਤਕ ਮਸਲਿਆਂ ਨੂੰ ਭੰਡਦੀਆਂ ਇਹ ਕਹਾਣੀਆਂ ਹਰ ਉਸ ਮਾੜੇ ਵਰਤਾਰੇ ਦੀ ਬਾਤ ਪਾਉਂਦੀਆਂ ਹਨ ਜਿਸ ਕਾਰਨ ਇਸ ਦੇਸ਼ ਦਾ ਆਮ ਬੰਦਾ ਨੁਕਸਾਨ ਝੱਲਦਾ ਹੈ | ਉਹ ਨਾਰੀਵਾਦੀ ਸੁਰ ਅਪਣਾਉਂਦਾ ਹੋਇਆ ਔਰਤਾਂ ਦੇ ਹੱਕ ਦੀ ਗੱਲ ਵੀ ਕਰਦਾ ਹੈ ਅਤੇ ਪਰਦੇਸ ਵਸਦੇ ਨਾਗਰਿਕਾਂ ਦੇ ਸੰਘਰਸ਼ਾਂ ਬਾਰੇ ਅਤੇ ਉਥੇ ਵੱਸਣ ਦੀ ਬੇਵੱਸੀ ਦੇ ਪਰਦੇ ਵੀ ਕੱਜਣ ਬਾਰੇ ਵੀ ਦੱਸਦਾ ਹੈ | ਇਨ੍ਹਾਂ ਕਹਾਣੀਆਂ ਵਿਚ ਉਹ ਸਮਾਜਿਕ ਸਾਂਝਾਂ ਦੇ ਖ਼ਤਮ ਹੋਣ ਨਾਲ ਸੰਬੰਧਿਤ ਵਿਸ਼ੇ ਛੋਂਹਦਾ ਹੈ ਅਤੇ ਕਾਰਪੋਰੇਟ ਜਗਤ ਦੇ ਪ੍ਰਭਾਵ ਹੇਠ ਪੈਦਾ ਹੋਣ ਵਾਲੇ ਵਰਤਾਰਿਆਂ ਨੂੰ ਵਿਸ਼ਾ ਬਣਾਉਂਦਾ ਹੈ | ਲਿਟਲ ਬੌਇ, ਕਿਰਦਾਰ, ਭੀੜ-ਤੰਤਰ, ਗੁਆਂਢੀ, ਇੱਕ ਨੰਬਰ ਵਾਲੇ, ਲੰਕੇਸ਼, ਕੁੜੀਆਂ ਚਿੜੀਆਂ, ਪਰਦੇਸੀ, ਚਾਰ ਪੈਰਾਂ ਵਾਲੇ ਬੰਦੇ, ਵਿਹਲਾ ਬੰਦਾ, ਰੀਝਾਂ ਦੀ ਲੁਕਣ ਮੀਟੀ, ਚੀਰ-ਹਰਨ, ਪਰਦਾ ਅਤੇ ਬੰਦਗੀ ਇਸ ਸੰਗ੍ਰਹਿ ਦੀਆਂ ਜ਼ਿਕਰਯੋਗ ਕਹਾਣੀਆਂ ਹਨ | ਇਸ ਪੁਸਤਕ ਦੇ ਸਿਰਲੇਖ ਵਾਲੀ ਕਹਾਣੀ ਬਲੌਰੀ ਮੂਨ ਵਾਤਾਵਰਨ ਪ੍ਰਤੀ ਇਕ ਮਨੁੱਖ ਦੀਆਂ ਜ਼ਿੰਮੇਵਾਰੀਆਂ ਨੂੰ ਰੇਖਾਂਕਿਤ ਕਰਦੀ ਹੈ ਅਤੇ ਆਪਣੇ ਵਿਸ਼ੇ ਕਾਰਨ ਇਸ ਸੰਗ੍ਰਹਿ ਦੀ ਉੱਤਮ ਕਹਾਣੀ ਸਿੱਧ ਹੁੰਦੀ ਹੈ | ਆਸ ਹੈ ਇਹ ਪੁਸਤਕ ਪਾਠਕਾਂ ਨੂੰ ਪਸੰਦ ਆਵੇਗੀ |
-ਡਾ. ਸੰਦੀਪ ਰਾਣਾ
ਮੋਬਾਈਲ : 98728-87551
ਡਾ. ਅਨੂਪ ਸਿੰਘ
ਸਾਹਿਤ-ਚਿੰਤਨ ਦੇ ਨਕਸ਼
ਸੰਪਾਦਕ : ਡਾ. ਹੀਰਾ ਸਿੰਘ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 495 ਰੁਪਏ, ਸਫ਼ੇ : 283
ਸੰਪਰਕ : 0172-5027427

ਡਾ. ਹੀਰਾ ਸਿੰਘ ਨੇ 'ਡਾ. ਅਨੂਪ ਸਿੰਘ ਸਾਹਿਤ-ਚਿੰਤਨ ਦੇ ਨਕਸ਼' ਦੀ ਸੰਪਾਦਨਾ ਕਰਕੇ ਇਕ ਨਵਾਂ ਮੀਲ-ਪੱਥਰ ਸਥਾਪਿਤ ਕੀਤਾ ਹੈ | ਡਾ. ਪਵਨ ਕੁਮਾਰ ਨੇ 'ਡਾ. ਅਨੂਪ ਸਿੰਘ ਸਾਹਿਤ ਚਿੰਤਨ ਅਤੇ ਸਰੋਕਾਰ' 2023 ਵਿਚ ਤਿਆਰ ਕੀਤੀ ਸੀ | ਉਸ ਤੋਂ ਬਾਅਦ ਡਾ. ਹੀਰਾ ਸਿੰਘ ਨੇ ਹਥਲੀ ਰੀਵਿਊ ਅਧੀਨ ਪੁਸਤਕ ਦੀ ਸੰਪਾਦਨਾ ਰਾਹੀਂ ਡਾ. ਅਨੂਪ ਸਿੰਘ ਨੂੰ ਸਾਹਿਤ-ਸ਼ਾਸਤਰੀ, ਸਾਹਿਤ ਦਾ ਬੁਰਜ, ਲੋਕ-ਹਿਤੈਸ਼ੀ, ਸੁਖਾਵੇਂ ਤੇ ਖ਼ੁਸ਼ਹਾਲ ਸਮਾਜ ਦਾ ਚਿਤੇਰਾ, ਮਾਰਕਸਵਾਦੀ-ਚਿੰਤਕ, ਜਥੇਬੰਦੀਆਂ ਦਾ ਕਾਮਾ, ਨਿਮਰ-ਸੁਭਾਅ ਦਾ ਪੁੰਜ ਅਤੇ ਹਰ ਪੱਖੋਂ ਸਚਿਆਰਾ ਸਾਹਿਤਕਾਰ ਸਿੱਧ ਕਰ ਵਿਖਾਇਆ ਹੈ | ਅਜਿਹਾ ਕਾਰਜ ਹਾਰੀ-ਸਾਰੀ ਦਾ ਨਹੀਂ ਹੋਇਆ ਕਰਦਾ | ਡਾ. ਅਨੂਪ ਸਿੰਘ ਸਾਡੇ ਸਮਿਆਂ ਦਾ ਸ਼ਬਦ-ਸਾਦਿਕ ਹੈ, ਜਿਸ ਦੀ ਬਹੁ-ਪਸਾਰੀ ਸ਼ਬਦ-ਕਮਾਈ ਦੀ ਮਹਿਮਾ ਕਰਨੀ ਬਣਦੀ ਹੈ | ਇਸ ਖੋਜ-ਮੁਲਾਂਕਣ ਪੁਸਤਕ ਵਿਚ ਵੱਖ-ਵੱਖ ਵਿਸ਼ਿਆਂ ਬਾਰੇ ਲਗਭਗ 55 ਪੁਸਤਕਾਂ ਦੀ ਸਮੀਖਿਆ ਕੀਤੀ ਗਈ ਹੈ | 29 ਵਿਦਵਾਨਾਂ ਦੇ ਮਿਆਰੀ ਲੇਖ ਸ਼ਾਮਿਲ ਹਨ ਭਾਵ ਡਾ. ਸੁਖਦੇਵ ਸਿੰਘ ਸਿਰਸਾ ਤੋਂ ਲੈ ਕੇ ਤਰਸੇਮ ਸਿੰਘ ਭੰਗੂ ਤੀਕ | 24 ਵਿਦਵਾਨਾਂ ਨੇ ਡਾ. ਅਨੂਪ ਸਿੰਘ ਦੀਆਂ ਲਿਖਤਾਂ ਨੂੰ ਖੋਜ ਦਾ ਵਿਸ਼ਾ ਬਣਾਇਆ | ਦੋ ਵਿਦਵਾਨਾਂ ਨੇ ਡਾ. ਅਨੂਪ ਸਿੰਘ ਦੀ ਸ਼ਖ਼ਸੀਅਤ ਦਾ ਵਿਸ਼ਲੇਸ਼ਣ ਕੀਤਾ | ਤਿੰਨ ਮੁੁਲਾਕਾਤਾਂ ਸ਼ਾਮਿਲ ਹਨ |
ਅੰਤਕਾ-1 'ਚ ਡਾ. ਅਨੂਪ ਸਿੰਘ ਦਾ ਜੀਵਨ ਬਿਓਰਾ, ਅੰਤਿਕਾ-2-ਲੇਖਕ ਦੀਆਂ ਮੌਲਿਕ ਅਤੇ ਸੰਪਾਦਤ ਪੁਸਤਕਾਂ ਦਾ ਵੇਰਵਾ ਦਿੱਤਾ ਗਿਆ | ਇੰਜ ਇਹ ਸੰਪਾਦਨਾ ਇਕ ਸਿਮ੍ਰਤੀ-ਗ੍ਰੰਥ ਵਰਗੀ ਸੁੱਚੀ-ਭਾਵਨਾ ਦੀ ਵਿਅੰਜਨਾ ਆਖੀ ਜਾ ਸਕਦੀ ਹੈ | ਡਾ. ਅਨੂਪ ਸਿੰਘ ਦੀ ਸਮੁੱਚੀ ਸ਼ਬਦ-ਘਾਲਣਾ : ਕੰਮ, ਕੰਮ ਤੇ ਸਿਰਫ਼ ਕੰਮ ਮੂਲ ਜੜ੍ਹ-ਬਿੰਦੂ 'ਤੇ ਕੇਂਦਰਤ ਹੈ | ਅਜਿਹੀ ਤਪੱਸਵੀ ਸ਼ਖ਼ਸੀਅਤ ਨੂੰ ਸੰਪੂਰਨਤਾ ਦੇ ਪੱਖੋਂ ਆਂਕਣਾ ਕਠਿਨ ਕਾਰਜ ਹੈ | ਪ੍ਰਤੀਬੱਧਤਾ ਤੇ ਪ੍ਰਤਿਸ਼ਠਤਾ ਦੇ ਗੁਣਾਂ ਵਾਲੀ ਸ਼ਖ਼ਸੀਅਤ ਡਾ. ਅਨੂਪ ਸਿੰਘ ਹੀ ਹੋ ਸਕਦਾ ਹੈ | ਡਾ. ਅਨੂਪ ਸਿੰਘ 'ਕਲਾ ਸਮਾਜ ਲਈ' ਦਾ ਅਲੰਬਰਦਾਰ ਹੈ | ਉਸ ਲਈ ਸਮਾਜ-ਸਮੱਸਿਆਵਾਂ ਦੀ ਫ਼ਿਕਰਮੰਦੀ ਹੈ ਤੇ ਲੋਕ-ਸੰਘਰਸ਼ ਲਈ ਜੂਝਣਾ ਧਰਮ ਹੈ | ਉਹ ਲੋਕ-ਭਲਾਈ ਲਈ ਕਿਰਤੀ-ਧਿਰ ਨਾਲ ਖੜਨ ਵਾਲਾ ਜੋਧਾ ਹੈ | ਜਿਨ੍ਹਾਂ ਵਿਦਵਾਨਾਂ ਨੇ ਇਸ ਪੁਸਤਕ ਲਈ ਆਪਣੇ ਲੇਖਾਂ ਰਾਹੀਂ ਜ਼ਿੰਮੇਵਾਰੀ ਦਾ ਸਬੂਤ ਦਿੱਤਾ, ਉਹ ਵਡਿਆਈ ਦੇ ਹੱਕਦਾਰ ਹਨ |
-ਮਨਮੋਹਨ ਸਿੰਘ ਦਾਊਾ
ਮੋਬਾਈਲ : 98151-23900
ਸੰਗਰਾਮੀ ਸੁਨੇਹਾ
ਲੇਖਕ : ਗੁਰਮੇਲ ਸਿੰਘ ਪ੍ਰਦੇਸੀ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ: 94635-61911

ਸ਼ਾਇਰ ਗੁਰਮੇਲ ਸਿੰਘ ਪ੍ਰਦੇਸੀ ਆਪਣੇ ਪਲੇਠੇ ਕਾਵਿ-ਪਰਾਗੇ 'ਸੰਗਰਾਮੀ ਸੁਨੇਹਾ' ਨਾਲ ਪੰਜਾਬੀ ਸ਼ਾਇਰੀ ਦੇ ਦਰ-ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ | ਸ਼ਾਇਰ ਦੇ ਕਾਵਿ ਪ੍ਰਵਚਨ ਦੀ ਤੰਦ ਸੂਤਰ ਪੁਸਤਕ ਦੇ ਨਾਂਅ 'ਸੰਗਰਾਮੀ ਸੁਨੇਹਾ' ਤੋਂ ਸਹਿਜੇ ਹੀ ਸਾਡੇ ਹੱਥ ਆ ਜਾਂਦੀ ਹੈ ਜਦੋਂ ਉਹ ਇਹ ਪੁਸਤਕ ਉਨ੍ਹਾਂ ਮਹਾਨ ਇਨਕਲਾਬੀ ਯੋਧਿਆਂ ਨੂੰ ਜੋ ਲੁਟੀਂਦੀ ਮਿਹਨਤਕਸ਼ ਜਮਾਤ ਲਈ ਆਪਣਾ ਤਨ, ਮਨ, ਧਨ ਵਾਰ ਗਿਆਂ ਲਈ ਸਮਰਪਣ ਕਰਦਾ ਹੈ | ਉਹ ਦਲਿਤ ਸਮਾਜ ਨਾਲ ਸੰਬੰਧਿਤ ਹੋਣ ਕਰਕੇ ਸਕੂਲੀ ਵਿੱਦਿਆ ਤੋਂ ਬਿਲਕੁਲ ਕੋਰਾ ਰਿਹਾ ਪਰ ਆਪਣੀ ਤੀਖਣ ਬੁੱਧੀ ਨਾਲ ਅੱਖਰਾਂ ਨਾਲ ਅਜਿਹੀ ਸਕੀਰੀ ਪਾਈ ਕਿ ਉਹ ਅੱਖਰਾਂ ਦੀ ਕੀਮਤ ਜਾਣ ਗਿਆ | ਆਪ ਉਸ ਨੇ ਰਾਜਗੀਰੀ ਦਾ ਕੰਮ ਕਰਕੇ ਆਪਣੇ ਬੱਚਿਆਂ ਨੂੰ ਵਿੱਦਿਆ ਦਿਵਾ ਕੇ ਐਡਵੋਕੇਟ ਅਤੇ ਇੰਜੀਨੀਅਰ ਬਣਾ ਦਿੱਤਾ | ਜਿਥੇ ਉਹ ਮਕਾਨ ਉਸਾਰੀ ਦਾ ਕੰਮ ਕਰਦਾ ਹੈ, ਉਥੇ ਉਹ ਅੱਖਰਾਂ ਦੀ ਉਸਾਰੀ ਕਰਕੇ ਸਾਡੇ ਹੱਥ ਇਹ ਸੰਗਰਾਮੀ ਸੁਨੇਹਾ ਦੇਣ ਵਿਚ ਸਫ਼ਲ ਰਿਹਾ ਹੈ |
ਸ਼ਾਇਰ ਸਿਆਸੀ ਘੜੰਮ ਚੌਧਰੀਆਂ ਦੀ ਫਿਤਰਤ ਦੀ ਸਕੈਨਿੰਗ ਕਰਦਿਆਂ ਉਨ੍ਹਾਂ ਦੇ ਬਖੀਏ ਉਧੇੜਦਾ ਹੈ ਕਿ ਕਿਵੇਂ ਉਹ ਪੰਜਾਂ ਸਾਲਾਂ ਬਾਅਦ ਲਾਰਿਆਂ ਦਾ ਕਲੋਰੋਫਾਰਮ ਸੁੰਘਾਅ ਕੇ ਕੁਰਸੀ 'ਤੇ ਬਿਰਾਜਮਾਨ ਹੋ ਜਾਂਦੇ ਹਨ ਪਰ ਬਾਅਦ ਵਿਚ ਉਨ੍ਹਾਂ ਵੱਲ ਅਜਿਹੀ ਪਿੱਠ ਕਰ ਬੈਠਦੇ ਹਨ ਕਿ ਉਨ੍ਹਾਂ ਨੂੰ ਲੋਕਾਂ ਦੇ ਮਸਲੇ ਹੱਲ ਕਰਨ ਦੀ ਵਿਹਲ ਨਹੀਂ ਪਰ ਆਪਣੀਆਂ ਤਜੌਰੀਆਂ ਭਰਨ ਲਈ ਨਵੇਂ-ਨਵੇਂ ਢੰਗ-ਤਰੀਕੇ ਇਜਾਦ ਕਰਦੇ ਰਹਿੰਦੇ ਹਨ, ਉਹ ਪੰਜਾਬ ਅੰਦਰ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਵਗਦੇ ਰਹਿਣ ਲਈ ਸਿਆਸੀ ਸਰਪ੍ਰਸਤੀ ਆਖਦਾ ਹੈ ਤੇ ਇਹੀ ਕਾਰਨ ਹੈ ਕਿ ਇਥੋਂ ਦੀ ਨੌਜਵਾਨ ਪੀੜ੍ਹੀ ਵਿਦੇਸ਼ੀ ਧਰਤੀਆਂ ਵੱਲ ਪਰਵਾਸ ਕਰਨ ਲਈ ਮਜਬੂਰ ਹੋ ਰਹੀ ਹੈ | ਸ਼ਾਇਰ ਮਾਰਕਸੀ ਫਲਸਫ਼ੇ ਤੇ ਜਨੂੰਨ ਦੀ ਹੱਦ ਤੱਕ ਪਹਿਰਾ ਦੇ ਰਿਹਾ ਹੈ ਤੇ ਸੀ.ਪੀ.ਐਮ. ਪਾਰਟੀ ਵਿਚ ਮੂਹਰਲੀਆਂ ਸਫ਼ਾਂ ਵਿਚ ਹਰਾਵਲ ਦਸਤਾ ਬਣ ਜਾਂਦਾ ਹੈ | ਭਾਵੇਂ ਉਸ ਦੀ ਕਵਿਤਾ ਸਮਕਾਲੀ ਕਵਿਤਾ ਤੋਂ ਤਾਂ ਵਿੱਥ ਸਿਰਜ ਰਹੀ ਹੈ ਪਰ ਸੰਤ ਰਾਮ ਉਦਾਸੀ ਵਾਂਗ ਜੂਝਦੇ ਲੋਕਾਂ ਲਈ ਰਾਮ ਬਾਣ ਦਾ ਕੰਮ ਕਰਨ ਦੀ ਸੰਭਾਵਨਾ ਰੱਖਦੀ ਹੈ | ਜ਼ਰਾ ਉਸ ਦੀਆਂ ਕਾਵਿ ਪੰਕਤੀਆਂ ਦੇਖੋ :
'ਨਾਲ ਗਰੀਬਾਂ ਆੜੀ ਸਾਡੀ, ਦੁੱਖ ਸੁੱਖ ਸਾਡੇ ਸਾਂਝੇ |
ਖੂਨ ਅਸਾਂ ਦਾ ਪੀਵਨ ਜੋਕਾਂ, ਏਕੇ ਤੋਂ ਅਸੀਂ ਵਾਂਝੇ |
ਕੀਤੀ ਕਿਰਤ ਕਮਾਈ ਸਾਡੀ, ਲੋਟੂ ਖਾਈ ਜਾਂਦੇ |
ਮਹਿਲਾਂ ਦੇ ਨਾਲ ਟੱਕਰੋ ਲੋਕੋ, ਜੇ ਮੁਕਤੀ ਹੋ ਚਾਂਹਦੇ |'
-ਭਗਵਾਨ ਢਿੱਲੋਂ
ਮੋਬਾਈਲ : 98143-78254
ਕਿਲ੍ਹਾ ਘੱਗਰ ਜੱਟਾਂ'
ਲੇਖਕ : ਗੁਰਪ੍ਰੀਤ ਸਹਿਜੀ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ 350 ਰੁਪਏ, ਸਫ਼ੇ : 184
ਸੰਪਰਕ : 99142-54374

ਗੁਰਪ੍ਰੀਤ ਦਾ ਵਿਚਾਰ ਅਧੀਨ ਨਾਵਲ 'ਕਿਲ੍ਹਾ ਘੱਗਰ ਜੱਟਾਂ' ਦਾ ਸਿਰਲੇਖ ਨਾਵਲਕਾਰ ਦੀ ਕਲਪਨਾ ਵਾਲੇ ਇਕ ਪਿੰਡ ਨਾਲ ਜੁੜਦਾ ਹੈ | ਨਾਵਲਕਾਰ ਰਾਮ ਸਰੂਪ ਅਣਖੀ ਨੇ ਕੋਠੇ ਖੜਕ ਸਿੰਘ ਵਰਗੇ ਕਲਪਿਤ ਪਿੰਡ ਨੂੰ ਆਪਣੇ ਨਾਵਲ ਵਿਚ ਇੰਨਾ ਸਜੀਵ ਤੇ ਜੀਵੰਤ ਬਣਾ ਦਿੱਤਾ ਸੀ ਕਿ ਇਹ ਸਮੁੱਚੇ ਪੰਜਾਬ ਦੀ ਗ੍ਰਾਮ ਸੰਸਕ੍ਰਿਤੀ ਦਾ ਸ਼ਾਹਕਾਰ-ਪ੍ਰਤੀਨਿਧ ਬਣ ਗਿਆ ਸੀ | ਗੁਰਪ੍ਰੀਤ ਸਹਿਜੀ ਇਸ ਪਿੰਡ ਦੇ ਮਾਧਿਅਮ ਨਾਲ ਪੰਜਾਬ ਦੇ ਅਜੋਕੇ ਸਮਾਜ 'ਤੇ ਪੰਛੀ ਝਾਤ ਮਾਰਦਾ ਹੈ ਜਿੱਥੇ ਦਯਾ ਰਾਮ ਵਰਗੇ ਪਰਵਾਸੀ ਲੋਕ ਕਿਰਤ ਦੀ ਖਾਤਿਰ ਆਉਦੇ ਇੱਥੋਂ ਦੀ ਧਰਤ ਵਿਚ ਰਚ ਮਿਚ ਰਹੇ ਹਨ ਦੂਜੇ ਪਾਸੇ ਪੰਜਾਬ ਦਾ ਅਰਵੀਰ ਵਰਗਾ ਯੁਵਾ ਵਰਗ ਇਸ ਧਰਤੀ ਤੋਂ ਜਲਾਵਤਨ ਹੋ ਕੇ ਪੱਛਮੀ ਦੇਸ਼ਾਂ ਦੀ ਚਕਾਚੌਂਧ ਵਿਚ ਗੁਆਚ ਰਿਹਾ ਹੈ | ਨਿਹੰਗ ਸਿੰਘ ਸੂਬਾ ਸਿੰਘ ਵਰਗੇ ਲੋਕ ਪੰਜਾਬ ਦੀ ਧਰਤੀ 'ਤੇ ਗੁਰੂ ਸਾਹਿਬਾਨਾਂ ਦੇ ਕਿਰਤ ਫਲਸਫੇ ਦਾ ਧਾਰਨੀ ਬਣ ਕੇ ਵਿਚਰਦੇ ਆਸ ਦੀ ਕਿਰਨ ਵੰਡ ਰਹੇ ਹਨ ਜਦਕਿ ਅਰਵੀਰ ਦੇ ਪਿਤਾ ਤੇ ਕਿਸਾਨੀ ਪਿਛੋਕੜ ਵਾਲੇ ਹੋਰ ਪਰਿਵਾਰ ਆਪਣੀਆਂ ਫਸਲਾਂ ਨੂੰ ਮੰਡੀ ਵਿਚ 'ਸੁੱਟ' ਰਹੇ ਹਨ ਅਤੇ ਬੱਚਿਆਂ ਨੂੰ ਕੈਨੇਡਾ ਅਮਰੀਕਾ ਵੱਲ 'ਕੱਢ' ਰਹੇ ਹਨ | ਫਸਲ ਨੂੰ 'ਸੁੱਟਣਾ' ਤੇ ਬੱਚਿਆਂ ਨੂੰ 'ਕੱਢਣਾ' ਵਰਗੀ ਸ਼ਬਦ ਯੋਜਨਾ ਹੀ ਪੰਜਾਬ ਦੇ ਘਿਣਾਉਣੇ ਭਵਿੱਖ ਦੀ ਤਸਵੀਰ ਖਿੱਚ ਰਹੀ ਹੈ | ਸਹਿਜੀ ਕੋਲ ਨਵੀਂ ਪੀੜ੍ਹੀ ਦੇ ਮੌਲਿਕ ਉਚਾਰ ਨੂੰ ਫੜਨ ਦਾ ਵਿਸ਼ੇਸ਼ ਹੁਨਰ ਹੈ ਜੋ ਕਿ ਅਰਵੀਰ ਤੇ ਉਸਦੀ ਪ੍ਰੇਮਿਕਾ ਕਿਰਨ ਸਮੇਤ ਹੋਰ ਨਵੀਂ ਪੀੜ੍ਹੀ ਦੇ ਵਾਰਤਾਲਾਪ ਵਿਚੋਂ ਝਲਕਦਾ ਹੈ | ਲੇਖਕ ਦਾ ਨਾਵਲ ਇਕ ਪਾਸੇ ਪੰਜਾਬ ਦੇ ਬਦਲਦੇ ਯਥਾਰਥ ਦੂਜੇ ਪਾਸੇ ਡਿਜੀਟਲ ਕਿਸਮ ਦੇ ਯਥਾਰਥ ਨੂੰ ਆਪਣੀ ਗਲਪੀ ਪ੍ਰਬੰਧ ਦਾ ਹਿੱਸਾ ਬਣਾਉਂਦਾ ਹੈ | ਸਹਿਜੀ ਦੇ ਨਾਵਲਾਂ ਵਿਚ ਪ੍ਰੇਮ, ਕਿਰਤ, ਰਿਸ਼ਤੇ, ਧਰਤੀ, ਸਿਦਕ ਤੇ ਸੰਘਰਸ਼ ਪ੍ਰਤੀ ਦਾਰਸ਼ਨਿਕ ਬੋਧ ਪਾਠਕਾਂ ਨੂੰ ਅਚੰਭਿਤ ਕਰਦਾ ਹੈ | ਨਾਵਲ ਦਾ ਸਵਾਗਤ ਹੈ |
-ਡਾ ਜੇ ਬੀ ਸੇਖੋਂ
ਮੋਬਾਈਲ : 94175-86028
ਰੱਬ ਰੋਟੀ ਭਾਸ਼ਾ ਤੇ ਰਾਗ
ਲੇਖਕ : ਸੁਰਜੀਤ ਪਾਤਰ
ਸੰਪਾਦਕ : ਭੁਪਿੰਦਰ ਪਾਤਰ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 170
ਸੰਪਰਕ : 0172-5027427

ਪ੍ਰਸਿੱਧ ਵਿਦਵਾਨ ਡਾ. ਸੁਖਦੇਵ ਸਿੰਘ ਸਿਰਸਾ ਲਿਖਦੇ ਹਨ : ''ਕਵੀ ਸੁਰਜੀਤ ਪਾਤਰ ਆਪਣੀ ਹਯਾਤੀ ਦਾ ਪੰਧ ਨਿਬੇੜ ਕੇ ਲੰਬੇ ਪੈਂਡੇ ਦਾ ਰਾਹੀ ਹੋ ਗਿਆ ਹੈ... ਉਸ ਦੇ ਵਿਚਾਰਾਂ ਅਤੇ ਜਜ਼ਬਿਆਂ ਦਾ ਸੇਕ ਸ਼ਬਦਾਂ ਨੇ ਸਾਂਭ ਲਿਆ ਹੈ |''
ਭੁਪਿੰਦਰ ਨੇ ਭਾਵੁਕ ਸ਼ਬਦਾਵਲੀ ਵਿਚ ਇਸ ਪੁਸਤਕ ਬਾਰੇ ਲਿਖਿਆ ਹੈ, ''ਅਸੀਂ ਪਾਤਰ ਜੀ ਦੇ ਪਿਆਰ ਵਿਚ ਭਿੱਜੇ ਹੋਏ ਹਾਂ ਤੇ ਉਸ ਪਿਆਰ ਵਿਚ ਹੀ ਉਨ੍ਹਾਂ ਦੀ ਅਣਛਪੀ ਕਵਿਤਾ ਨੂੰ ਪੁਸਤਕ ਰੂਪ ਵਿਚ ਸਾਂਭਣ ਦਾ ਯਤਨ ਕਰ ਰਹੇ ਹਾਂ ਕਿਉਂਕਿ ਉਨ੍ਹਾਂ ਦੀ ਕਵਿਤਾ ਸਾਡੀ ਨਿੱਜੀ ਮਲਕੀਅਤ ਨਹੀਂ, ਬਲਕਿ ਸਾਂਝੀ ਵਿਰਾਸਤ ਹੈ ਤੇ ਇਹ ਸਭ ਕੋਲ ਪੁੱਜਣੀ ਚਾਹੀਦੀ ਹੈ |''
ਅਣਛਪੀਆਂ ਕਵਿਤਾਵਾਂ ਦਾ ਇਹ ਅਜਿਹਾ ਸੰਗ੍ਰਹਿ ਹੈ ਜਿਸ ਵਿਚ ਲੰਮੀਆਂ ਅਤੇ ਦੋ-ਦੋ, ਚਾਰ-ਚਾਰ ਪੰਕਤੀਆਂ ਦੀਆਂ ਕਵਿਤਾਵਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ | ਇਹ ਪਾਤਰ ਦੀ ਚਿੰਤਨਾ ਅਤੇ ਚੇਤਨਾ ਦੀਆਂ ਕਵਿਤਾਵਾਂ ਹਨ | ਇਨ੍ਹਾਂ ਕਵਿਤਾਵਾਂ ਦੀ ਬਣਤਰ ਤੇ ਬੁਣਤਰ ਨੂੰ ਸਮਝਣਾ ਬਣਦਾ ਹੈ ਕਿਉਂਕਿ ਉਹ ਲਿਖਦੇ ਹਨ :
ਮੈਂ ਜੁਲਾਹਾ ਹਾਂ / ਤੇ ਬੁਣਦਾ ਵਤਨ ਦੀ ਆਤਮਾ
ਆਤਮਾ ਜੋ ਤੜਪ ਉੱਠਦੀ ਹੈ / ਪਰਾਈ ਪੀੜ ਤੇ ਪੰ. 30
ਤੇ ਵਤਨ ਬਾਰੇ ਵੀ ਕਹਿੰਦੇ ਨੇ
ਤੂੰ ਮੇਰੇ ਦਿਲ ਨੂੰ ਜੁ ਦਰਿਆ ਲਿਖੇ ਤਾਂ ਪੰਜ ਲਿਖੀ
ਤੇ ਮੇਰੇ ਜਿਸਮ ਨੂੰ ਬਾਕੀ ਦਾ ਹਿੰਦੁਸਤਾਨ ਲਿਖੀਂ | ਪੰ. 83
ਜਦੋਂ ਅਸੀਂ ਪਾਤਰ ਨੂੰ ਚਿੰਤਨ ਅਤੇ ਚੇਤਨਾ ਦਾ ਕਵੀ ਮੰਨਦੇ ਹਾਂ ਤਾਂ ਉਸ ਕਵਿਤਾ ਵਿਚ ਪ੍ਰਤਿਬਿੰਬਤ ਚੇਤਨਾ ਅਤੇ ਅਪ੍ਰਤਿਬਿੰਬਤ ਚੇਤਨਾ ਦੋਵੇਂ ਹੀ ਕਰਵਟਾਂ ਲੈਂਦੀਆਂ ਵੇਖੀਆਂ ਜਾ ਸਕਦੀਆਂ—ਅਭਿਧਾ, ਲਕਸ਼ਣਾਂ, ਵਿਅੰਜਨ ਨੋਟ ਕੀਤੀਆਂ ਜਾ ਸਕਦੀਆਂ ਹਨ | ਉਸ ਨੂੰ ਪੱਤੜ ਪਿੰਡ ਪਾਲਿਆ ਵੀ ਹੈ, ਕਾਵਿ-ਸਿਰਜਣ ਦੀ ਗੁੜ੍ਹਤੀ ਵੀ ਦਿੱਤੀ ਹੈ | ਭਾਵੇਂ ਉਸ ਦੀ ਕਵਿਤਾ ਸ਼ਬਦਾਂ ਦੀ ਮੰਝਧਾਰ 'ਚ ਵਹਿੰਦੀ ਹੈ, ਪਰ ਫਿਰ ਵੀ ਸ਼ਬਦੋਂ ਪਾਰ ਹੀ ਰਹਿੰਦੀ ਹੈ | ਸ਼ਬਦ ਤਾਂ ਉਸ ਦੀ ਕਵਿਤਾ ਦਾ ਤਨ ਹੈ, ਰੂਹ ਨਹੀਂ ਕਵਿਤਾ ਦੀ | ਸ਼ਬਦਾਂ ਤੀਕਰ ਉਸ ਦੀ ਜੂਹ ਨਹੀਂ ਕਵਿਤਾ ਦੀ | ਪਾਠਕਾਂ ਦੀ ਜੇ ਸ਼ਬਦਾਂ ਤੋਂ ਪਾਰ ਉਡਾਰੀ ਨਹੀਂ ਤਾਂ ਪਾਤਰ ਦੀ ਕਵਿਤਾ ਨਾਲ ਉਨ੍ਹਾਂ ਦੀ ਪੁਰਾਣੀ ਯਾਰੀ ਨਹੀਂ | ਉਸ ਨੇ ਆਪਣੀ ਕਵਿਤਾ ਵਿਚ ਆਰਥਿਕਤਾ, ਸਮਾਜਿਕਤਾ, ਅਧਿਆਤਮਿਕਤਾ, ਰੂਹਾਨੀਅਤ, ਮਨੋਵਿਗਿਆਨਤਾ ਦਾ ਭਰਵਾਂ ਪ੍ਰਯੋਗ ਕੀਤਾ ਹੈ | ਮਿਥਿਹਾਸਕਤਾ ਦਾ ਪ੍ਰਯੋਗ ਹੈ | ਸਿਧਾਂਤਕ ਰੂਪ ਵਿਚ ਉਹ ਦਰਸ਼ਨਿਕਤਾ ਦਾ ਕਵੀ ਹੋ ਨਿੱਬੜਿਆ ਹੈ | ਉਸ ਦੀ ਕਵਿਤਾ ਦਾ ਪ੍ਰਮੁੱਖ ਮੈਟਾਫਰ 'ਰੁੱਖ' ਹੈ, ਜਿਵੇਂ ਉਹ ਆਪ ਵੀ ਇਕ 'ਰੁੱਖ' ਹੀ ਹੋਵੇ |
-ਰੁੱਖ ਦਾ ਵੀ ਜੀ ਕੀਤਾ/ਇਨ੍ਹਾਂ ਨਾਲ ਜਾਵਾਂ
ਕਰਾਂ ਸਿਰਾਂ ਉੱਤੇ ਛਾਵਾਂ/ਜਦੋਂ ਥਕਾਂ ਵਿਚ ਦੇਖੇ
ਪੈਰ ਜਣਿਆਂ ਦੇ ਤਪਦੇ | ਪੰ. 39
ਆਪਣੀ ਕਾਵਿ-ਮੈਂ (ਪੋਇਟਿਕ ਆਈ) ਬਾਰੇ ਲਿਖਦਾ ਹੈ:
-ਜ਼ੰਜੀਰ ਹਾਂ ਮੈਂ ਆਪਣੀ ਹੀ ਕੈਦ ਦਾ ਹਾਂ ਬੂਹਾ
ਦੁਰ-ਸੁਪਨ ਹਾਂ, ਭਰਮ ਹਾਂ, ਟੁੱਟਾਂ ਤਾਂ ਚੈਨ ਆਵੇ | ਪੰ. 63
-ਇਤਿਹਾਸ/ਮਿਥਿਹਾਸ ਦਾ ਪ੍ਰਯੋਗ ਹੈ:
ਕ੍ਰਿਸ਼ਨ ਨੇ ਕਿਹਾ! ਹੇ ਅਰਜਨ ਪਾਰਥ
ਮੋਹ ਮਾਇਆ ਜ਼ੰਜਾਲ ਅਕਾਰਥ
ਕਰਮ ਕਰੋ ਤਾਂ ਜਨਮ ਸਕਾਰਥ
ਚੱਲ ਪਿਆ ਅਰਜਨ ਧਨੁੱਖ ਉਠਾ ਕੇ
ਪਿੱਛੇ ਪਿੱਛੇ | ਪੰ. 103
-ਮੱਧਕਾਲੀਨ ਕਵੀਆਂ/ਸੂਫ਼ੀ ਕਵੀਆਂ ਦਾ ਪ੍ਰਭਾਵ ਵੀ ਦਰਸਾਇਆ :-
ਉਹ ਮੱਧ ਕਾਲੀਨ ਕਵੀਆਂ ਨੂੰ ਆਪਣਾ ਸਕੂਲ ਕਹਿੰਦਾ ਹੋਇਆ ਲਿਖਦਾ ਹੈ:
ਏਸ ਸਕੂਲ ਦੇ ਪੜਿ੍ਹਆਂ ਦੀ/ਇਕ ਆਉ ਫ਼ੌਜ ਬਣਾਈਏ
ਹੱਥ ਵਿਚ ਕਿਤਾਬਾਂ/ਕਲਮਾਂ/
ਕਾਗਜ਼, ਬੁਰਸ਼ ਤੇ ਸਾਜ਼ ਫੜਾਈਏ | ਪੰ. 141
-ਅਜੋਕੇ ਸਮੇਂ ਦੇ ਕਵੀ ਦਰਬਾਰਾਂ ਦੀ ਗੱਲ ਕੀਤੀ ਹੈ:
-ਕਵੀ ਦਰਬਾਰ ਵੀ/ਜਿਵੇਂ ਸੁਅੰਬਰ ਹੀ ਹੁੰਦਾ ਹੈ
ਕਿਸੇ ਦੇ ਗੱਲ ਵਰਮਾਲਾ ਪਾਵੇ/ਕਵਿਤਾ ਰਾਜ ਕੁਮਾਰੀ
ਅੱਜ ਕਿਸ ਦੀ ਵਾਰੀ | ਲੰ. 73
ਗੱਲ ਕੀ ਜਿਹੜੀ ਵੀ ਕਵਿਤਾ ਪਾਠਕ ਪੜ੍ਹਦਾ ਹੈ, ਉਸ ਨੂੰ ਕੀਲ ਜਾਂਦੀ ਹੈ |
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com
ਕਲਮ ਅਤੇ ਕਲਾ ਦਾ ਸੁਮੇਲ
ਲੇਖਕ : ਪਿ੍ੰ.ਬਹਾਦਰ ਸਿੰਘ ਗੋਸਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 98764-52223

ਨਵੀਂ ਪੁਸਤਕ 'ਕਲਮ ਅਤੇ ਕਲਾ ਦਾ ਸੁਮੇਲ' ਪਿ੍ੰ. ਬਹਾਦਰ ਸਿੰਘ ਗੋਸਲ ਦੀ ਨਿਵੇਕਲੀ ਅਤੇ ਬਹੁਤ ਹੀ ਰੌਚਕ ਪੁਸਤਕ ਹੈ | ਇਸ ਪੁਸਤਕ ਵਿਚ ਉਨ੍ਹਾਂ ਨੇ 24 ਗੀਤ ਕਵਿਤਾਵਾਂ ਸ਼ਾਮਿਲ ਕਰਕੇ ਇਸ ਨੂੰ ਬਹੁਤ ਹੀ ਹਰਮਨ ਪਿਆਰੀ ਬਣਾਉਣ ਦਾ ਯਤਨ ਕੀਤਾ ਹੈ | ਵੱਡੀ ਖ਼ੂਬਸੂਰਤੀ ਤਾਂ ਇਸ ਗੱਲ ਵਿਚ ਹੈ ਕਿ ਉਨ੍ਹਾਂ ਦੀ ਇਸ ਪੁਸਤਕ ਵਿਚ ਕੇਵਲ ਓਹੀ ਗੀਤ ਕਵਿਤਾਵਾਂ ਸ਼ਾਮਿਲ ਕੀਤੀਆਂ ਹਨ ਜਿਨ੍ਹਾਂ ਨੂੰ ਪੰਜਾਬੀ ਦੇ ਪ੍ਰਸਿੱਧ ਗਾਇਕ ਜਗਤਾਰ ਸਿੰਘ ਜੋਗ ਨੇ ਵੱਡੀਆਂ-ਵੱਡੀਆਂ ਸਾਹਿਤਕ ਸਭਾਵਾਂ ਵਿਚ ਗਾ ਕੇ ਖੂਬ ਰੰਗ ਬੰਨਿ੍ਹਆ ਸੀ | ਪਿ੍ੰ.ਗੋਸਲ ਦੀਆਂ ਲਿਖੀਆਂ ਗਈਆਂ ਇਹ ਕਵਿਤਾਵਾਂ ਸਮਾਗਮਾਂ ਵਿਚ ਖੂਬ ਤਾਲੀਆਂ ਬਟੋਰ ਦੀਆਂ ਹਨ ਖਾਸ ਕਰਕੇ ਜਗਤਾਰ ਸਿੰਘ ਜੋਗ ਨੇ ਸਮਾਜ ਨੂੰ ਜਾਗਰੂਕ ਕਰਨ ਲਈ ਇਨ੍ਹਾਂ ਨੂੰ ਅਪਣਾਇਆ ਅਤੇ ਗਾਇਆ ਹੈ ਇਨ੍ਹਾਂ ਗੀਤਾਂ ਵਿਚ ਪ੍ਰਮੁੱਖ ਹਨ, 'ਆਓ ਕਰੀਏ ਪਿਆਰ ਪੰਜਾਬੀ ਨੂੰ ', 'ਵਿੱਦਿਆ ਦਾ ਪ੍ਰਸਾਰ', 'ਘਰ ਕਾਕੀ ਆਈ', 'ਨਸ਼ਿਆਂ ਵਿਰੁੱਧ ਗੀਤ', 'ਭਰੂਣ ਹੱਤਿਆ ਵਿਰੁੱਧ' ਗੀਤ ਆਦਿ ਸਮਾਜ ਵਿਚ ਬਹੁਤ ਮਕਬੂਲ ਹੋਏ ਹਨ | ਇਸ ਪੁਸਤਕ ਵਿਚ ਧਾਰਮਿਕ ਗੀਤ 'ਕੀ ਸਿਫ਼ਤ ਕਰਾਂ ਬਾਬੇ ਨਾਨਕ ਦੀ', 'ਚਮਕੌਰ ਅਤੇ ਸਰਹੰਦ ਨੂੰ ਨਮ', 'ਮੋਤੀ ਮਹਿਰਾ ਜੀ', 'ਸਿੱਖ ਕੌਮ ਦਾ ਜਰਨੈਲ ਭਾਈ ਜੈਤਾ ਜੀ' ਆਦਿ ਬਹੁਤ ਹੀ ਪਿਆਰੇ ਇਤਿਹਾਸਕ ਵੀ ਗੀਤ ਹਨ | ਲੇਖਕ ਖੁਦ ਸੇਵਾ ਮੁਕਤ ਪਿੰ੍ਰਸੀਪਲ ਹੋਣ ਕਰਕੇ ਬਾਲਾਂ ਅਤੇ ਵੱਡਿਆਂ ਦੀ ਨਬਜ਼ ਨੂੰ ਬਹੁਤ ਬਰੀਕੀ ਨਾਲ ਪਛਾਣਦੇ ਹਨ | ਜ਼ਿੰਦਗੀ ਦਾ ਢੇਰ ਸਾਰਾ ਤਜਰਬਾ ਵੀ ਰੱਖਦੇ ਹਨ | ਕਿਤਾਬ ਦਾ ਜਿੱਥੇ ਟਾਈਟਲ ਬਹੁਤ ਹੀ ਪਿਆਰਾ ਹੈ ਉੱਥੇ ਰਚਨਾਵਾਂ ਦੇ ਨਾਲ ਵੀ ਢੁਕਦੀਆਂ ਬਹੁਤ ਹੀ ਸੁੰਦਰ ਤਸਵੀਰਾਂ ਬਣਾਈਆਂ ਗਈਆਂ ਹਨ | ਭਾਸ਼ਾ ਸਰਲ ਅਤੇ ਠੇਠ ਵਰਤੀ ਗਈ ਹੈ | ਮੈਂ ਇਸ ਬਹੁਤ ਹੀ ਪਿਆਰੀ ਅਤੇ ਨਿਆਰੀ ਪੁਸਤਕ ਦਾ ਜ਼ੋਰਦਾਰ ਸਵਾਗਤ ਕਰਦਾ ਹਾਂ ਅਤੇ ਅਧਿਆਪਕਾਂ ਨੂੰ ਬੇਨਤੀ ਕਰਦਾ ਹਾਂ ਕਿ ਅਜਿਹੀਆਂ ਕਿਤਾਬਾਂ ਸਕੂਲ ਲਾਇਬ੍ਰੇਰੀਆਂ ਵਿਚ ਲਿਆਓ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ | ਬਾਲਾਂ ਨੂੰ ਸਮੇਂ ਦੇ ਹਾਣੀ ਅਤੇ ਦੇਸ਼ ਦੇ ਚੰਗੇ ਨਾਗਰਿਕ ਬਣਾਓ |
-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 9463542896