ਸਿਦਕ
ਲੇਖਿਕਾ : ਜਸਪ੍ਰੀਤ ਕੌਰ ਸਿੱਧੂ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼, ਬਠਿੰਡਾ
ਮੁੱਲ : 90 ਰੁਪਏ, ਸਫ਼ੇ : 24
ਸੰਪਰਕ : 99151-41606


ਇਸ ਪੁਸਤਕ ਦੀ ਰਚੇਤਾ ਜਸਪ੍ਰੀਤ ਕੌਰ ਸਿੱਧੂ ਕਿੱਤੇ ਵਜੋਂ ਪੰਜਾਬੀ ਅਧਿਆਪਕਾ ਹੈ ਅਤੇ ਅਕਾਦਮਿਕ ਤੌਰ 'ਤੇ ਉਚੇਰੀ ਯੋਗਤਾ ਰੱਖਦੀ ਹੈ। ਇਹ ਉਸ ਦੀ ਪੰਨਿਆਂ ਪੱਖੋਂ ਭਾਵੇਂ ਛੋਟੀ ਪੁਸਤਕ ਹੈ, ਪਰ ਇਸ ਵਿਚ ਪੇਸ਼ ਹੋਏ ਵਿਸ਼ਿਆਂ ਅਤੇ ਪੇਸ਼ਕਾਰੀ ਪੱਖੋਂ ਇਹ ਛੋਟੀ ਨਹੀਂ ਜਾਪਦੀ। ਪੁਸਤਕ 'ਚ ਲੇਖਿਕਾ ਦੀਆਂ ਮਹਿਜ਼ 6 ਮਿੰਨੀ ਕਹਾਣੀਆਂ ਦਰਜ ਹਨ। ਇਨ੍ਹਾਂ ਸਾਰੀਆਂ ਦੇ ਵਿਸ਼ੇ ਅਲੱਗ-ਅਲੱਗ ਹਨ। ਇਨ੍ਹਾਂ ਸਾਰੀਆਂ ਕਹਾਣੀਆਂ ਨੂੰ ਪਾਠਕ ਇਕੋ ਬੈਠਕ 'ਚ ਆਸਾਨੀ ਨਾਲ ਪੜ੍ਹ ਸਕਦਾ ਹੈ। ਰਚਨਾਵਾਂ ਵਿਚ ਕਿਤੇ ਵੀ ਅਕੇਵਾਂ ਅਤੇ ਵਾਧੂ ਵਿਸਥਾਰ ਨਜ਼ਰ ਨਹੀਂ ਆਉਂਦਾ। ਕਹਾਣੀਆਂ ਰੌਚਕਤਾ, ਉਤਸੁਕਤਾ ਭਰਭੂਰ ਹਨ। ਉਦੇਸ਼ ਤੋਂ ਬਿਨਾਂ ਕੋਈ ਵੀ ਰਚਨਾ ਸਾਹਿਤਕ ਪੱਖੋਂ ਸੰਪੂਰਨ ਨਹੀਂ ਮੰਨੀ ਜਾਂਦੀ, ਇਹ ਰਚਨਾਵਾਂ ਆਪਣੇ ਉਦੇਸ਼ ਨੂੰ ਪੂਰਾ ਕਰਨ 'ਚ ਕਾਫ਼ੀ ਹੱਦ ਤੱਕ ਸਫ਼ਲ ਰਹੀਆਂ ਹਨ। ਇਨ੍ਹਾਂ ਦਾ ਧਰਾਤਲ ਪੇਂਡੂ ਅਤੇ ਆਮ ਜੀਵਨ ਨਾਲ ਸੰਬੰਧਿਤ ਹੈ। ਪਾਤਰ-ਉਸਾਰੀ ਪੂਰੀ ਵਿਉਂਤਬੰਦੀ ਨਾਲ ਕੀਤੀ ਗਈ ਹੈ ਅਤੇ ਇਨ੍ਹਾਂ ਦੀ ਸਮਾਪਤੀ ਸਹਿਜੇ ਹੋ ਜਾਂਦੀ ਹੈ। ਅਸਲ ਵਿਚ ਲੇਖਿਕਾ ਆਦਰਸ਼ਵਾਦੀ ਸਮਾਜ ਦੀ ਸਿਰਜਣਾ ਦੀ ਉਪਾਸ਼ਕ ਹੈ। ਉਹ ਨਹੀਂ ਚਾਹੁੰਦੀ ਕਿ ਘਰਾਂ 'ਚ ਛੋਟੇ-ਛੋਟੇ ਕਲੇਸ਼ ਅਤੇ ਗਲਤੀਆਂ ਥੋਡੇ ਲਈ ਉਮਰਾਂ ਦਾ ਪਛਤਾਵਾ ਬਣ ਜਾਣ। ਤੁਹਾਡੀ ਔਲਾਦ ਆਗਿਆਕਾਰ ਨਾ ਹੋਵੇ। ਸਭਨਾਂ ਨੂੰ ਪੜ੍ਹ-ਲਿਖ ਕੇ ਉੱਚੇ ਮੁਕਾਮ ਹਾਸਲ ਹੋਣ। ਇਹੀ ਸਭ ਕੁਝ ਸਾਡਾ ਅਜੋਕਾ ਮਨੁੱਖ ਚਾਹੁੰਦਾ ਹੈ, ਪਰ ਕਈ ਵਾਰ ਹਾਲਾਤ ਅਤੇ ਸਮਾਂ ਪ੍ਰਸਥਿਤੀਆਂ ਦੇ ਵਧੇਰੇ ਅਨੁਕੂਲ ਨਹੀਂ ਹੁੰਦੇ। 'ਕਾਲਾ ਟਿੱਕਾ' ਕਹਾਣੀ 'ਚ ਰਵੀ ਮਾਪਿਆਂ ਦੀ ਇੱਛਾ ਦੇ ਉਲਟ ਸ਼ਰਾਬੀ-ਕਬਾਬੀ ਬਣ ਜਾਂਦਾ ਹੈ, ਜੋ ਸੂਝਵਾਨ ਮਾਪਿਆਂ ਲਈ ਫ਼ਿਕਰਮੰਦੀ ਪੈਦਾ ਕਰਦਾ ਹੈ। 'ਮਿਹਨਤ ਦਾ ਫ਼ਲ' ਕਹਾਣੀ 'ਚ ਦਲੇਰ ਨਾਂਅ ਦਾ ਲੜਕਾ ਆਪਣੀ ਮਿਹਨਤ ਅਤੇ ਲਿਆਕਤ ਦੇ ਜ਼ਰੀਏ ਆਪਣੇ ਜੀਵਨ 'ਚ ਲਾਮਿਸਾਲ ਤਰੱਕੀ ਹੈ। 'ਹੱਸਦੇ ਚਿਹਰੇ' ਅਤੇ 'ਆਸ' ਸੁੰਦਰ ਰਚਨਾਵਾਂ ਹਨ। 'ਬੇਬੱਸ ਔਰਤ' ਕਹਾਣੀ 'ਚ ਔਰਤ ਦੀ ਬੇਬੱਸੀ ਨੂੰ ਬਾਖ਼ੂਬੀ ਬਿਆਨ ਕੀਤਾ ਗਿਆ ਹੈ। 'ਸਿਦਕ' ਕਹਾਣੀ ਸਾਡੇ ਸਮਾਜ 'ਚ ਧੀਆਂ ਦਾ ਸਮਾਜਿਕ ਸਤਿਕਾਰ ਵਧਾਉਣ ਮਦਦਗਾਰ ਸਾਬਿਤ ਹੁੰਦੀ ਹੈ ਅਤੇ ਸਾਰੀਆਂ ਧੀਆਂ ਨੂੰ ਸਿਆਣੀਆਂ ਅਤੇ ਲਾਇਕ ਬਣਨ ਦੀ ਪ੍ਰੇਰਨਾ ਦਿੰਦੀ ਹੈ। ਪੁਸਤਕ ਦੀ ਬਾਹਰੀ ਦਿੱਖ ਆਕਰਸ਼ਕ ਹੈ।
-ਮੋਹਰ ਗਿੱਲ ਸਿਰਸੜੀ
ਮੋਬਾਈਲ : 98156-59110
ਉਲਟੇ ਵਗਣ ਦਰਿਆ
ਲੇਖਕ : ਤਰਲੋਚਨ ਸਿੰਘ
ਪ੍ਰਕਾਸ਼ਕ : ਹਾਊਸ ਆਫ਼ ਲਿਟਰੇਚਰ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 78885-34570


ਨਾਟਕਕਾਰ ਤਰਲੋਚਨ ਸਿੰਘ ਦੇ ਨਾਟਕ ਸੰਗ੍ਰਹਿ 'ਉਲਟੇ ਵਗਣ ਦਰਿਆ' ਵਿਚ ਤਿੰਨ ਨਾਟਕ ਸ਼ਾਮਿਲ ਕੀਤੇ ਗਏ ਹਨ। ਪ੍ਰਕਾਸ਼ਕ ਅਤੇ ਲੇਖਕ ਨੇ ਇਸ ਸੰਗ੍ਰਹਿ ਨੂੰ ਕਹਾਣੀਆਂ ਦਾ ਰੰਗਮੰਚ ਕਿਹਾ ਹੈ ਕਿਉਂਕਿ ਇਸ ਵਿਚਲੇ ਤਿੰਨੇ ਨਾਟਕ ਵੱਖ-ਵੱਖ ਕਹਾਣੀਆਂ 'ਤੇ ਅਧਾਰਿਤ ਹਨ। ਪਹਿਲਾ ਨਾਟਕ 'ਉਲਟੇ ਵਗਣ ਦਰਿਆ' ਤਰਸੇਮ ਦਿਓਗਣ ਦੀ ਕਹਾਣੀ ਨਸ਼ੇੜੀ 'ਤੇ ਅਧਾਰਿਤ ਹੈ। ਨਸ਼ੇੜੀ ਨਾਂਅ ਤੋਂ ਹੀ ਪਤਾ ਚਲਦਾ ਹੈ ਕਿ ਇਹ ਕਹਾਣੀ ਨਸ਼ਿਆਂ ਬਾਰੇ ਹੈ, ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਹੈ , ਸਮਾਜ ਵਿਚ ਨਸ਼ਿਆਂ ਦੀ ਮਾਰ ਦੀ ਕਹਾਣੀ ਹੋਵੇਗੀ। ਇਸ ਲਈ ਇਸ ਨਾਟਕ ਵਿਚ ਵੀ ਉਲਟ ਦਿਸ਼ਾ ਵੱਲ ਵਹਿੰਦਾ ਦਰਿਆ ਹਸਦੇ ਪੰਜਾਬ ਨੂੰ ਉਲਟ ਪੁਲਟ ਕਰ ਰਿਹਾ ਹੈ। ਨਸ਼ਿਆਂ ਦੀ ਦਲਦਲ ਵਿਚ ਗਰਕਦੇ ਜਾ ਰਹੇ ਪੰਜਾਬ ਦੀ ਤਸਵੀਰ ਇਸ ਨਾਟਕ ਵਿਚੋਂ ਦਿਸਦੀ ਹੈ। ਇਥੋਂ ਤੱਕ ਕਿ ਨਸ਼ਿਆਂ ਦੀ ਇਹ ਅੱਗ ਕਾਨੂੰਨ ਦੇ ਰਖਵਾਲਿਆਂ ਦੇ ਘਰਾਂ ਤੱਕ ਵੀ ਪਹੁੰਚੀ ਹੋਈ ਹੈ। ਇਸ ਅੱਗ ਨੂੰ ਰਲ-ਮਿਲ ਕੇ ਖ਼ਤਮ ਕਰਨ ਦੀ ਲੋੜ ਹੈ। ਗੁਰਸੇਵਕ ਸਿੰਘ ਪ੍ਰੀਤ ਦੀ ਕਹਾਣੀ 'ਜਿਊਣ ਜੋਗਾ' 'ਤੇ ਆਧਾਰਿਤ ਪੁਸਤਕ ਦਾ ਦੂਸਰਾ ਨਾਟਕ 'ਪਰਛਾਵੇਂ ਭਾਲੇਂ ਰੌਸ਼ਨੀ' ਮਨੁੱਖ ਦੀਆਂ ਇੱਛਾਵਾਂ ਨਾਲ ਜੁੜਿਆ ਨਾਟਕ ਹੈ। ਨਾਟਕ ਦੀ ਪਾਤਰ ਗਿਆਨੋ ਮਨ ਦੀ ਖੁਸ਼ੀ ਮਿਲਣ 'ਤੇ ਸੰਵਾਦ ਰਚਾਉਂਦੀ ਹੋਈ ਕਹਿੰਦੀ ਹੈ, 'ਵੇ ਦੇਖ ਲੈ ਭਾਈ ਦਿਨ ਸਿੱਧੇ ਹੋਣ ਤਾਂ ਰੱਬ ਆਪੇ ਨੱਕੇ ਮੋੜਦੈ..'। ਦੇਸ ਰਾਜ ਤੇ ਜੱਗੇ ਨਾਲ ਵਾਰਤਾਲਾਪ ਕਰਦਾ ਗਿਆਨੀ ਹਰਨਾਮ ਸਿੰਘ ਇੱਕ ਥਾਂ ਕਹਿੰਦਾ ਹੈ ਕਿ ਸਾਡੀਆਂ ਗੱਲਾਂ ਸਾਡੇ ਬੱਚਿਆਂ ਦੀ ਮਾਨਸਿਕ ਸੋਚ ਨਹੀਂ ਬਦਲਣ ਦਿੰਦੀਆਂ, ਜਦੋਂ ਅਸੀਂ ਜੁਆਕਾਂ ਮੂਹਰੇ ਉਸਦਾਦ ਲੋਕਾਂ ਦਾ ਮਜ਼ਾਕ ਉਡਾਉਨੇ ਆਂ ਤਾਂ ਇਹ ਸਾਰਾ ਕੁਝ ਭੁਗਤਣਾ ਸਾਨੂੰ ਪੈਂਦਾ। ਇਹ ਨਾਟਕ ਬੇਸ਼ੱਕ ਸ਼ਿੰਦੇ ਦੇ ਦੁਆਲੇ ਘੁੰਮਦਾ ਹੈ, ਜਿਸ ਦੇ ਮਹੰਤ ਹੋਣ ਬਾਰੇ ਬਾਪ ਚਿੰਤਤ ਹੈ ਅਤੇ ਇਸਨੂੰ ਬਾਕੀ ਪਿੰਡ ਵਾਸੀਆਂ ਲਈ ਭੇਤ ਹੀ ਬਣਿਆ ਰਹਿਣ ਦੇਣਾ ਚਾਹੁੰਦਾ ਹੈ, ਜੋ ਬਣਿਆ ਰਹਿੰਦਾ ਵੀ ਹੈ। ਨਾਟਕ ਵਿਚ ਵੱਖ-ਵੱਖ ਪਾਤਰਾਂ ਰਾਹੀਂ ਸਮਾਜ ਨੂੰ ਸੇਧ ਦੇਣ ਵਾਲੀਆਂ ਨਸੀਹਤਾਂ ਨਾਟਕਕਾਰ ਨੇ ਪਰੋਈਆਂ ਹਨ। ਤੀਸਰਾ ਨਾਟਕ ਗੁਰਦਿਆਲ ਦਲਾਲ ਦੀ ਪ੍ਰਚਲਿਤ ਕਹਾਣੀ 'ਸੂਰੇ' ਨੂੰ ਮੂਲ਼ ਆਧਾਰ ਬਣਾ ਕੇ ਲਿਖਿਆ ਗਿਆਂ ਹੈ 'ਜਬੈ ਬਾਣ ਲਾਗਿਓ'। ਦੇਸ਼ ਦੀ ਅਜ਼ਾਦੀ ਦੀ ਸਭ ਤੋਂ ਖਤਰਨਾਕ ਖੇਡ, ਜੋ ਫਰੰਗੀਆਂ ਨੇ ਖੇਡੀ ਉਹ ਸੀ ਬਟਵਾਰਾ। ਨਾਟਕ ਦੇ ਸਥਾਨ ਪਿੰਡ ਦਾ ਵੀ ਇਹੋ ਦਰਦ ਹੈ। ਪਿੰਡ ਦੇ ਲੋਕ ਆਪਸੀ ਮੁਹੱਬਤ ਨਾਲ ਹੱਸਦੇ-ਖੇਡਦੇ ਵਸਦੇ ਹਨ, ਪਰ ਥਾਂ-ਥਾਂ ਤੋਂ ਆਉਂਦੀਆਂ ਬੁਰੀਆਂ ਤੇ ਡਰਾਉਣੀਆਂ ਖਬਰਾਂ ਉਨ੍ਹਾਂ ਦੇ ਮਨਾਂ ਵਿਚ ਮੈਲ ਘੋਲ ਜਾਂਦੀਆਂ ਹਨ, ਜਿਸ ਕਰਕੇ ਪਿੰਡ ਵਿਚ ਵਸਦੇ ਮਸੁਲਮਾਨ ਭਾਈਚਾਰੇ ਲਈ ਸਹਿਮ ਦਾ ਮਹੌਲ ਹੈ। ਕੁਝ ਕੁ ਸ਼ਰਾਰਤੀ ਤੇ ਲੋਟੂ ਬੰਦਿਆਂ ਲਈ ਇਹ ਸੁਨਹਿਰੀ ਮੌਕਾ ਬਣਦਾ ਹੈ। ਪਿੰਡ ਦੇ ਸੂਝਵਾਨ ਲੋਕ ਨਫ਼ਰਤ ਦੀ ਇਸ ਅੱਗ ਨੂੰ ਦੂਰ ਰੱਖਣ ਵਿਚ ਵਿਸ਼ਵਾਸ ਰੱਖਦੇ ਹੋਏ ਆਪਸੀ ਸਾਂਝ ਨੂੰ ਟੁੱਟਣ ਤੋਂ ਰੋਕਣ ਲਈ ਆਸਵੰਦ ਹਨ। ਨਾਟਕ ਵਿਚ ਧਰਮ ਦੇ ਨਾਂਅ 'ਤੇ ਰੋਟੀਆਂ ਸੇਕਣ ਅਤੇ ਕਮਾਈ ਕਰਨ ਵਾਲੇ ਲੋਕਾਂ ਦੀ ਤਸਵੀਰ ਪੇਸ਼ ਕੀਤੀ ਗਈ ਹੈ। ਨਾਟਕਕਾਰ ਤਰਲੋਚਨ ਸਿੰਘ ਦੇ ਇਹ ਨਾਟਕ ਕਈ ਵਾਰ ਮੰਚਤ ਹੋ ਚੁੱਕੇ ਹਨ।
-ਨਿਰਮਲ ਜੌੜਾ
ਮੋਬਾਈਲ : 98140-78799
ਗੈਬੀ ਗੁਲਦਸਤਾ
ਲੇਖਕ : ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਾਹਲੋਂ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 300 ਰੁਪਏ, ਸਫ਼ੇ : 101
ਸੰਪਰਕ : 80549-39300


ਇਹ ਆਪਣੀ ਕਿਸਮ ਦੀ ਇਕ ਨਿਵੇਕਲੀ ਪੁਸਤਕ ਹੈ, ਜਿਸ ਵਿਚ ਲੇਖਕ ਨੇ ਆਪਣੀਆਂ ਸਮੁੱਚੀਆਂ ਰਚਨਾਵਾਂ ਦਾ ਗੁਲਦਸਤਾ ਪੇਸ਼ ਕੀਤਾ ਹੈ। ਇਨ੍ਹਾਂ ਰਚਨਾਵਾਂ ਦੇ ਵੱਖੋ-ਵੱਖਰੇ ਰੰਗ, ਰਸ ਅਤੇ ਸੁਗੰਧੀਆਂ ਹਨ। ਲੇਖਕ ਨੇ ਇਸ 15ਵੀਂ ਪੁਸਤਕ ਵਿਚ ਆਪਣੀਆਂ ਲਿਖੀਆਂ 14 ਪੁਸਤਕਾਂ ਦੇ ਮੁੱਖ ਬੰਦ, ਸਮੀਖਿਆ ਅਤੇ ਵਿਚਾਰਾਂ ਨੂੰ ਇਕੱਠਿਆਂ ਹੀ ਪੇਸ਼ ਕੀਤਾ ਹੈ। ਇਨ੍ਹਾਂ ਰਚਨਾਵਾਂ ਵਿਚ ਰੂਹਾਨੀਅਤ, ਮਾਸੂਮੀਅਤ ਅਤੇ ਇਨਸਾਨੀਅਤ ਸਮੋਈ ਹੋਈ ਹੈ। ਉਨ੍ਹਾਂ ਦੀਆਂ ਪੁਸਤਕਾਂ ਦੇ ਨਾਂਅ ਹਨ ਦਿਲ ਦਰਿਆ ਸਮੁੰਦਰੋਂ ਡੂੰਘੇ, ਆਂਸੂ ਅਤੇ ਅਰਜ਼ੋਈ, ਸ਼ੁਕਰਾਨਾ, ਦਰੁ-ਘਰੁ, ਸੱਜਰੇ ਹੰਝੂ, ਨਿਰੰਕਾਰ ਅਤੇ ਸੰਸਾਰ, ਏਹੋ ਮੇਰੀ ਬਾਤ, ਨਜ਼ਾਰਾਨਾ, ਸੁੱਚੇ ਮੋਤੀ, ਜੱਗ ਦੀ ਚਾਦਰ, ਕੌਣ ਦਿਲਾਂ ਦੀਆਂ ਜਾਣੇ ਅਤੇ ਖਿਡੌਣੇ ਖਾਕ ਦੇ। ਇਸ ਤੋਂ ਇਲਾਵਾ ਦੋ ਪੁਸਤਕਾਂ ਅੰਗਰੇਜ਼ੀ ਦੀਆਂ ਹਨ $਼ 6}rst 6&}{ht ਅਤੇ Supremac਼ of Sou& ਇਨ੍ਹਾਂ ਦੇ ਰੀਵਿਊਕਾਰ ਹਨ ਸ. ਜਗਦੀਸ਼ ਸਿੰਘ, ਡਾ. ਜਸਬੀਰ ਸਿੰਘ ਸਾਬਰ, ਡਾ. ਨਵਦੀਪ ਕੌਰ, ਐਡਵੋਕੇਟ ਸੁਰਜੀਤ ਸਿੰਘ, ਡਾ. ਜੁਗੇਸ਼ਵਰ ਸਿੰਘ, ਸ. ਭਗਵੰਤ ਸਿੰਘ, ਸ. ਸਤਨਾਮ ਸਿੰਘ ਅਤੇ ਭਾਈ ਰੇਸ਼ਮ ਸਿੰਘ। ਇਹ ਪੁਸਤਕ ਲੇਖਕ ਦੇ ਜੀਵਨ ਅਨੁਭਵਾਂ ਦਾ ਨਿਚੋੜ ਹੈ। ਇਸ ਸਾਹਿਤਕ ਗੈਬੀ ਗੁਲਦਸਤੇ ਦਾ ਭਰਪੂਰ ਸਵਾਗਤ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਪਿਆਰ ਦੇ ਦੋ ਰੰਗ
ਲੇਖਕ : ਰਣਧੀਰ ਸਿੰਘ ਵਿਰਦੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200, ਸਫ਼ੇ : 104
ਸੰਪਰਕ : 98146-73236


ਪੁਸਤਕ 'ਪਿਆਰ ਦੇ ਦੋ ਰੰਗ' ਲੇਖਕ ਰਣਧੀਰ ਸਿੰਘ ਵਿਰਦੀ ਦੁਆਰਾ ਦੋ ਪਰਿਵਾਰਾਂ ਦੇ ਆਪਸੀ ਸੱਚੇ ਪ੍ਰੇਮ ਤੇ ਜਜ਼ਬਾਤਾਂ ਦਾ ਕਹਾਣੀ-ਸੰਗ੍ਰਿਹ ਹੈ। ਇਸ ਦੀ ਭੂਮਿਕਾ ਡਾ. ਅਵਤਾਰ ਸਿੰਘ ਪਤੰਗ ਨੇ ਲੇਖਕ ਦੀ ਲੇਖਣ ਸ਼ੈਲੀ ਨੂੰ ਬਹੁਤ ਗਹੁ ਨਾਲ ਪੜਚੋਲ ਕੇ ਲਿਖੀ ਹੈ। ਪਹਿਲਾ ਪਰਿਵਾਰ ਹਰਭਜਨ ਸਿੰਘ ਅਤੇ ਦਲਜੀਤ ਕੌਰ (ਪੁੱਤਰ ਮਨਜੀਤ ਸਿੰਘ) ਜੋ ਪਾਕਿਸਤਾਨ ਬਟਵਾਰੇ ਤੋਂ ਬਾਅਦ ਪਟਿਆਲਾ ਪਹੁੰਚਦੇ ਤੇ ਦੂਜਾ ਪਰਿਵਾਰ ਲਾਲਾ ਪ੍ਰੇਮ ਚੰਦ ਤੇ ਲਛਮੀ (ਇਨ੍ਹਾਂ ਦੀ ਇੱਕ ਪੁੱਤਰੀ ਕਮਲ) ਜੋ ਹਰਭਜਨ ਦੀ ਮਦਦ ਕਰਦੇ ਤੇ ਪਰਿਵਾਰਿਕ ਰਿਸ਼ਤਾ ਬਣ ਜਾਂਦਾ। ਲਾਲਾ ਦੀ ਭੈਣ ਦੇ ਘਰ ਪੋਤੇ ਦੇ ਜਨਮ ਨੇ ਲਾਲਾ ਨੂੰ ਪੁੱਤਰ ਦੀ ਲਾਲਸਾ ਪੈਦਾ ਕਰ ਦਿੱਤੀ। ਲਾਲਾ ਦੀ ਖੁਸ਼ੀ ਦੀ ਹੱਦ ਨਾ ਰਹਿੰਦੀ ਜਦੋਂ ਪੰਡਿਤ ਪੱਤਰੀ ਦੇਖ ਦੱਸਦਾ ਔਲਾਦ ਦਾ ਸੁੱਖ ਤਾਂ ਹੈ ਪਰ ਇਸ ਲਈ ਧਾਰਮਿਕ ਸਥਾਨਾਂ ਦੀ ਯਾਤਰਾ ਕਰਨੀ ਪਵੇਗੀ। ਕਮਲ ਦੀ ਮੈਡੀਕਲ ਦੀ ਪੜ੍ਹਾਈ ਦੌਰਾਨ ਮੁਨੀਸ਼ ਰਾਵਤ ਨਾਲ ਮੁਲਾਕਾਤ ਹੁੰਦੀ ਤੇ ਉਧਰ ਮਨਜੀਤ ਦੋ ਸਾਲ ਦੀ ਨੌਕਰੀ ਲਈ ਅਮਰੀਕਾ ਚਲੇ ਜਾਂਦਾ ਉੱਥੇ ਜੇਨ ਕਾਰਟਰ ਨਾਲ ਮੁਲਾਕਤ ਹੁੰਦੀ। ਮਨੀਸ਼ ਕਮਲ ਨੂੰ ਪਸੰਦ ਕਰਦਾ ਅਤੇ ਜੇਨ ਮਨਜੀਤ ਨੂੰ ਪਰ ਦੋਸਤੀ ਕਰਕੇ ਇਜ਼ਹਾਰ ਕਰਨ ਤੋਂ ਡਰਦੇ। ਦੂਜੇ ਪਾਸੇ ਕਮਲ ਤੇ ਮਨਜੀਤ ਨੂੰ ਵਿਛੋੜੇ ਦੀ ਤਪਸ਼ ਨੇ ਬੇਹਾਲ ਕੀਤਾ ਤੇ ਮਿਲਣ ਦੀ ਤਾਂਘ ਰਹਿੰਦੀ।
ਕਮਲ ਇਸ ਤਪਸ਼ ਵਿਚ ਉਦਾਸ ਅਤੇ ਬਿਮਾਰ ਰਹਿੰਦੀ। ਇਸ ਲਈ ਕਮਲ ਮੁਨੀਸ਼ ਨੂੰ ਮਨਜੀਤ ਬਾਰੇ ਦੱਸਦੀ। ਕਮਲ ਦੇ ਮਾਤਾ-ਪਿਤਾ ਯਾਤਰਾ ਤੋਂ ਵਾਪਿਸ ਆਉਂਦੇ ਤਾਂ ਕਮਲ ਦੀ ਸਿਹਤ ਵਿਗੜੀ ਦੇਖ ਕਮਲ ਨੂੰ ਤੁਰੰਤ ਹਸਪਤਾਲ ਦਾਖ਼ਲ ਕਰ ਦਿੰਦੇ ਤੇ ਮਨਜੀਤ ਨੂੰ ਤੁਰੰਤ ਅਮਰੀਕਾ ਤੋਂ ਬੁਲਾਉਂਦੇ। ਉਧਰ ਮਨਜੀਤ ਵੀ ਜੇਨ ਨੂੰ ਕਮਲ ਬਾਰੇ ਦੱਸ ਦਿੰਦਾ। ਹਸਪਤਾਲ ਪਹੁੰਚ ਕੇ ਮਨਜੀਤ ਕਮਲ ਨੂੰ ਮਿਲਦਾ ਹੈ ਤਾਂ ਦੋਵਾਂ ਦਾ ਅਣਕਿਹਾ ਪਿਆਰ ਹੀ ਕਮਲ ਦੀ ਸਿਹਤ ਵਿਚ ਸੁਧਾਰ ਕਰ ਦਿੰਦਾ। ਦੋਨਾਂ ਦੇ ਮਾਤਾ-ਪਿਤਾ ਦੇਖਦੇ ਰਹਿ ਜਾਂਦੇ ਦੋਨਾਂ ਦੇ ਵਿਆਹ ਦੀ ਗੱਲ ਕਰਦੇ। ਲਾਲਾ ਦੇ ਘਰ ਵੀ ਲੜਕੇ ਦਾ ਵੀ ਜਨਮ ਹੋ ਜਾਂਦਾ। ਲੇਖਕ ਨੇ ਇਸ ਕਹਾਣੀ ਵਿਚ ਮਨੁੱਖੀ ਜਜ਼ਬਾਤਾਂ ਅਤੇ ਛੋਟੀਆਂ-ਛੋਟੀਆਂ ਘਟਨਾਵਾਂ ਨੂੰ ਬਹੁਤ ਹੀ ਵਿਸਥਾਰਪੂਰਵਕ ਪੇਸ਼ ਕੀਤਾ ਹੈ।
-ਸਾਹਿਬਾ ਜੀਟਨ ਕੌਰ
ਮੋਬਾਈਲ : 99883-47109
ਬਾਲ ਕਾਵਿ-ਕਿਆਰੀ
ਮੁੱਖ ਸੰਪਾਦਕ : ਬਹਾਦਰ ਸਿੰਘ ਗੋਸਲ (ਪ੍ਰਿੰ.)
ਸਹਿ-ਸੰਪਾਦਕ : ਬਲਜਿੰਦਰ ਕੌਰ ਸ਼ੇਰਗਿੱਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 92
ਸੰਪਰਕ : 98764-52223


ਪੰਜਾਬੀ ਬਾਲ ਸਾਹਿਤ ਦੇ ਜਾਣੇ-ਪਛਾਣੇ ਲੇਖਕ ਬਹਾਦਰ ਸਿੰਘ ਗੋਸਲ (ਪ੍ਰਿੰ.) ਅਤੇ ਬਲਜਿੰਦਰ ਕੌਰ ਸ਼ੇਰਗਿੱਲ ਵਲੋਂ ਸਾਂਝੇ ਤੌਰ 'ਤੇ ਸੰਪਾਦਿਤ ਬਾਲ ਕਾਵਿ-ਸੰਗ੍ਰਹਿ 'ਬਾਲ ਕਾਵਿ-ਕਿਆਰੀ', ਜਿਸ ਵਿਚ ਡਾ. ਰਵਿੰਦਰ ਸਿੰਘ ਲੁਬਾਣਾ ਦਾ ਸਹਿਯੋਗ ਵਿਸ਼ੇਸ਼ ਤੌਰ 'ਤੇ ਜ਼ਿਕਰਯੋਗ ਹੈ, ਮੇਰੇ ਸਨਮੁੱਖ ਹੈ। ਇਸ ਪੁਸਤਕ ਦੀ ਸਿਰਜਣਾ ਦਾ ਬੁਨਿਆਦੀ ਮਕਸਦ ਵੱਖ-ਵੱਖ ਸ਼੍ਰੇਣੀਆਂ ਦੇ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਮਨਾਂ ਵਿਚ ਛੁਪੀ ਹੋਈ ਰਚਨਾਤਮਕ-ਪ੍ਰਤਿਭਾ ਅਤੇ ਉਨ੍ਹਾਂ ਦੇ ਖੱਟੇ-ਮਿੱਠੇ ਅਨੁਭਵਾਂ ਨੂੰ ਸਾਹਮਣੇ ਲਿਆਉਣਾ ਹੈ। ਬਾਲਾਂ ਦੁਆਰਾ ਸਵੈ-ਸਿਰਜਿਤ ਇਨ੍ਹਾਂ ਕਵਿਤਾਵਾਂ ਵਿਚ ਵੰਨ-ਸੁਵੰਨੇ ਵਿਸ਼ਿਆਂ ਦਾ ਸੁੰਦਰ ਗੁਲਦਸਤਾ ਸਜਿਆ ਹੋਇਆ ਵਿਖਾਈ ਦਿੰਦਾ ਹੈ। ਇਸ ਪੁਸਤਕ ਵਿਚ ਕੁੱਲ 63 ਬਾਲ ਕਵਿਤਾਵਾਂ ਦੀ ਸ਼ਮੂਲੀਅਤ ਹੈ, ਜਿਨ੍ਹਾਂ ਵਿਚ ਬਾਲ-ਕਵੀਆਂ ਦੀ ਸਮਾਜਿਕ ਆਲੇ-ਦੁਆਲੇ ਨੂੰ ਦੇਖਣ ਦੀ ਡੂੰਘੀ ਨੀਝ, ਚੇਤਨਾ ਅਨੁਭਵ ਹੁੰਦੀ ਹੈ। ਬਾਲ-ਕਵੀ ਮਹਿਸੂਸ ਕਰਦੇ ਹਨ ਕਿ ਸਮਾਜ ਵਿਚ ਜੇਕਰ ਵਿਗਾੜ ਪੈਦਾ ਹੋਇਆ ਹੈ, ਕੁਦਰਤ ਨਾਲ ਖਿਲਵਾੜ ਵਧਿਆ ਹੈ ਅਤੇ ਸੋਸ਼ਲ ਮੀਡੀਆ ਦੀ ਅੰਧਾਧੁੰਦ ਹੋੜ੍ਹ ਵਧੀ ਹੈ ਤਾਂ ਇਸ ਨਾਂਹਮੁਖੀ ਵਰਤਾਰੇ ਲਈ ਖ਼ੁਦ ਮਨੁੱਖ ਜ਼ਿੰਮੇਵਾਰ ਹੈ। ਇਸ ਸਿਲਸਿਲੇ ਵਿਚ ਅਰਸ਼ਦੀਪ ਕੌਰ ਚਾਰ ਸਾਹਿਬਜ਼ਾਦਿਆਂ ਅਤੇ ਬਿਮਨਦੀਪ ਕੌਰ ਗੁਰੂ ਗੋਬਿੰਦ ਸਿੰਘ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਜਦਾ ਕਰਦੀਆਂ ਹਨ। ਆਇਸ਼ਾ ਅੰਸਾਰੀ, ਦਿਵਿਆ, ਨਿਸ਼ਾ, ਏਕਮਜੋਤ ਕੌਰ, ਜਗਜੀਤ ਸਿੰਘ, ਏਕਮ ਸਿੰਘ, ਸੁਹਾਨਾ, ਇਸ਼ਪ੍ਰੀਤ ਕੌਰ, ਦਕਸ਼, ਆਰਤੀ, ਗੁਰਫ਼ਤਹਿ ਸਿੰਘ ਅਤੇ ਅਰਸ਼ਦੀਪ ਸਿੰਘ ਆਪਣੀਆਂ ਕਵਿਤਾਵਾਂ ਵਿਚ ਦਾਦਾ-ਦਾਦੀ ਅਤੇ ਮਾਤਾ-ਪਿਤਾ ਨੂੰ ਨਤਮਸਤਕ ਹੁੰਦੇ ਹੋਏ ਉਨ੍ਹਾਂ ਦੇ ਰਿਸ਼ਤਿਆਂ ਦਾ ਸਮਾਜਿਕ ਮਹੱਤਵ ਦਰਸਾਉਂਦੇ ਹਨ। ਆਦਿਸ਼ ਰਾਣਾ ਪਾਪਾ ਨਾਲ ਪਾਰਕ ਜਾਣਾ ਚਾਹੁੰਦਾ ਹੈ ਅਤੇ ਅੰਜੂ ਕੁਮਾਰੀ ਸਬਜ਼ੀਆਂ ਵਾਲੇ ਭਾਈ ਦੀਆਂ ਤਾਜ਼ੀਆਂ ਸਬਜ਼ੀਆਂ ਦਾ ਗੁਣਗਾਨ ਕਰਕੇ ਸਾਫ਼ ਸੁਥਰਾ-ਖਾਣ ਪੀਣ ਦੀ ਗੱਲ ਕਰਦੀ ਹੈ। ਸੁਨੈਨਾ ਇਕ ਨੰਨ੍ਹੀ ਕੁੜੀ ਦੀ ਆਵਾਜ਼ ਬਣਦੀ ਹੈ ਤੇ ਖ਼ੁਸ਼ਬੂ ਕੁਮਾਰੀ, ਮੁਸਕਾਨ ਜੈਨ, ਸਿਫ਼ਤਜੋਤ ਕੌਰ ਦੀਆਂ ਕਵਿਤਾਵਾਂ ਵੰਨ-ਸੁਵੰਨੇ ਜੀਵ-ਜੰਤੂਆਂ ਦਾ ਮਹੱਤਵ ਦਰਸਾ ਰਹੀਆਂ ਹਨ। ਪ੍ਰਕਿਰਤੀ ਦੇ ਵੱਖ ਵੱਖ ਸੁੰਦਰ ਨਜ਼ਾਰਿਆਂ ਅਤੇ ਵਸਤਾਂ ਨੂੰ ਪ੍ਰਭਜੋਤ ਕੌਰ, ਖ਼ੁਸ਼ਪ੍ਰੀਤ ਕੌਰ, ਸਿਮਰਨਜੀਤ ਕੌਰ, ਖ਼ੁਸ਼ਦੀਪ ਕੌਰ, ਗੁਰਕੀਰਤ ਕੌਰ ਗਿੱਲ ਆਪੋ-ਆਪਣੀ ਦ੍ਰਿਸ਼ਟੀ ਨਾਲ ਚਿਤ੍ਰਣ ਕਰ ਰਹੀਆਂ ਹਨ। ਇਸ ਪੁਸਤਕ ਵਿਚ ਹੋਰ ਫੁਟਕਲ ਵਿਸ਼ਿਆਂ ਬਾਰੇ ਸੁਨੈਨਾ, ਜਸ਼ਨਦੀਪ ਕੌਰ, ਗੁਰਐਨਮਪ੍ਰੀਤ ਕੌਰ, ਫ਼ਰਮਾਨ ਖ਼ਾਨ ਸਲਾਮੁਦੀਨ, ਜਸਜੀਤ ਸਿੰਘ, ਕਰਮਨ ਸਿੰਘ, ਹੰਸਿਕਾ ਮੇਹਰਾ, ਮਨਪ੍ਰੀਤ ਕੌਰ, ਜੈਸਮੀਨ ਕੌਰ, ਪੁਰਵਾ, ਗੁਰਸ਼ਰਨ ਕੌਰ, ਰੂਹਾਨੀਅਤ, ਮਨਜੀਤ ਕੌਰ, ਗੁਰਲੀਨ ਕੌਰ, ਸਹਿਜਪ੍ਰੀਤ ਸਿੰਘ, ਲਾਡੋ ਗੁਪਤਾ, ਸਿਦਕਬੀਰ ਸਿੰਘ ਮੈਣੀ, ਪਰਵੀਨ ਕੁਮਾਰ,ਰੋਹਿਤ, ਕੋਮਲ, ਰੁਚੀ, ਰਜਨੀ ਆਦਿ ਵੱਖ-ਵੱਖ ਵਿਸ਼ਿਆਂ ਵਿਚ ਆਪਣੀਆਂ ਭਾਵਨਾਵਾਂ ਵਿਅਕਤ ਕਰ ਰਹੀਆਂ ਹਨ। ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਇਹ ਬਾਲ ਕਵਿਤਾਵਾਂ ਸਿਰਜਣ ਵਾਲੇ ਨੰਨ੍ਹੇ-ਮੁੰਨੇ ਬਾਲ ਲਿਖਾਰੀ ਭਵਿੱਖ ਦੇ ਵੱਡੇ ਕਵੀ ਬਣ ਕੇ ਸਾਹਮਣੇ ਆਉਣਗੇ। ਬਾਲ ਲਿਖਾਰੀਆਂ ਦੀਆਂ ਤਸਵੀਰਾਂ ਨਾਲ ਸ਼ਿੰਗਾਰੀ ਇਸ ਪੁਸਤਕ ਦਾ ਟਾਈਟਲ ਰੰਗਦਾਰ ਅਤੇ ਲੁਭਾਉਣਾ ਹੈ ਅਤੇ ਛਪਾਈ ਵੀ ਖ਼ੂਬਸੂਰਤ ਹੈ। ਇਹ ਪੁਸਤਕ ਬਾਲ ਪਾਠਕਾਂ ਲਈ ਇਕ ਤੋਹਫ਼ੇ ਦੀ ਨਿਆਈਂ ਹੈ।
-ਡਾ. ਦਰਸ਼ਨ ਸਿੰਘ ਆਸ਼ਟ
ਮੋਬਾਈਲ : 98144-23703
ਯਾਦਾਂ ਫਾਈਟਰ ਨੈਟ ਦੀਆਂ
ਲੇਖਕ : ਨਛੱਤਰ ਸਿੰਘ ਬਰਾੜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 295 ਰੁਪਏ, ਸਫ਼ੇ : 168
ਸੰਪਰਕ : 98722-51675


ਲੇਖਕ ਨੇ ਇਸ ਪੁਸਤਕ ਵਿਚ ਆਪਣੀ ਨੌਕਰੀ ਦੌਰਾਨ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਦੇ ਨਾਲ ਪਾਠਕਾਂ ਦੇ ਨਾਲ ਸਾਂਝਾ ਵੀ ਕੀਤਾ ਹੈ। ਲੇਖਕ ਨੇ ਭਾਰਤੀ ਹਵਾਈ ਫ਼ੌਜ ਵਿਚ 1963 ਤੋਂ ਲੈ ਕੇ 1981 ਤੀਕ ਨੌਕਰੀ ਕੀਤੀ, ਜਿਹੜੀਆਂ ਯੂਨਿਟਾਂ ਵਿਚ ਆਪਣੀ ਸੇਵਾ ਨਿਭਾਈ ਅਤੇ ਉਹ ਤਜਰਬਾ ਇਸ ਪੁਸਤਕ ਵਿਚ ਕਲਮਬੰਦ ਕੀਤਾ ਹੈ। ਪੁਸਤਕ ਵਿਚ ਜਾਬਾਜ਼ ਪਾਇਲਟਾਂ, ਇੰਜੀਨੀਅਰਾਂ, ਟੈਕਨੀਸ਼ਨਾਂ ਤੇ ਹੋਰ ਅਮਲੇ ਬਾਰੇ ਭਾਵਪੂਰਬਕ ਲਹਿਜ਼ਾ ਰੱਖ ਕੇ ਜੋ ਬਿਆਨ ਕੀਤਾ ਹੈ, ਉਹ ਸ਼ਲਾਘਾਯੋਗ ਉਪਰਾਲਾ ਹੈ। ਇਸ ਦੇ ਨਾਲ ਹੀ ਪੁਸਤਕ ਵਿਚ ਘੁੰਮਣ ਵਾਲੀਆਂ ਥਾਵਾਂ ਦਾ ਵੀ ਜ਼ਿਕਰ ਕੀਤਾ ਹੈ। ਲੇਖਕ ਨੇ ਸ਼ਹੀਦ ਫਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਦਾ ਵੀ ਇਸ ਪੁਸਤਕ ਵਿਚ ਜ਼ਿਕਰ ਕੀਤਾ ਹੈ। ਪੁਸਤਕ ਪੜ੍ਹ ਕੇ ਇਵੇਂ ਜਾਪਦਾ ਹੈ ਕਿ ਦਰਸਾਏ ਗਏ ਦ੍ਰਿਸ਼ਾਂ ਨੂੰ ਅਸੀਂ ਅੱਖੀਂ ਵੇਖ ਰਹੇ ਹਾਂ। ਲੇਖਕ ਦਾ ਲਿਖਣ ਤੇ ਬਿਆਨ ਕਰਨ ਦਾ ਲਹਿਜ਼ਾ ਕਾਫ਼ੀ ਪ੍ਰਭਾਵਿਤ ਕਰਦਾ ਹੈ ਅਤੇ ਹਰ ਗੱਲ ਨੂੰ ਸੋਹਣੀ ਤਰ੍ਹਾਂ ਪੇਸ਼ ਕੀਤਾ ਗਿਆ ਹੈ। ਲੇਖਕ ਨੂੰ ਕਿੰਨੇ ਲੋਕਾਂ ਨੇ ਇਹ ਕਿਤਾਬ ਲਿਖਣ ਦੀ ਹੱਲਾਸ਼ੇਰੀ ਦਿੱਤੀ, ਜਿਸ ਨੂੰ ਇਨ੍ਹਾਂ ਨੇ ਖਿੜੇ ਮੱਥੇ ਸਵੀਕਾਰ ਕਰਦੇ ਹੋਏ ਆਪਣੀ ਕਲਮ ਨੂੰ ਕਿਤੇ ਰੁਕਣ ਨਹੀਂ ਦਿੱਤਾ ਅਤੇ ਆਪਣੀਆਂ ਨੌਕਰੀ ਦੌਰਾਨ ਦੀਆਂ ਯਾਦਾਂ ਨੂੰ ਇਕ ਦਸਤਾਵੇਜ਼ ਬਣਾ ਦਿੱਤਾ। ਅਜਿਹੀਆਂ ਪੁਸਤਕਾਂ ਸਾਂਭਣਯੋਗ ਹੁੰਦੀਆਂ ਹਨ। ਲੇਖਕ ਨੇ ਪੁਸਤਕ ਵਿਚ ਨਿਰਮਲਜੀਤ ਸਿੰਘ ਸੇਖੋਂ ਦੀ ਪਰਿਵਾਰ ਬਾਰੇ ਜਾਣਕਾਰੀ ਦਿੱਤੀ ਹੈ। ਵੈਸੇ ਤਾਂ ਸਾਰੀ ਪੁਸਤਕ ਨੂੰ ਵਾਰ-ਵਾਰ ਪੜ੍ਹਨ ਦਾ ਦਿਲ ਕਰਦਾ ਹੈ ਪ੍ਰੰਤੂ ਲੇਖ ਮੇਦਨਾਪੁਰ ਦੀ ਦਿਲ ਹਿਲਾਓ ਦ੍ਰਿਸ਼, ਭਾਰਤ ਤੇ ਪਾਕਿਸ, ਤਾਨ ਦੀ ਲੜਾਈ, ਕੁਝ ਜੈੱਟ ਹਵਾਈ ਜਹਾਜ਼ਡ ਬਾਰੇ, ਫਲਾਇੰਗ ਅਫ਼ਸਰ ਹੈਨਰੀਵਾਜ ਦਾ ਕਰੈਸ਼, 26 ਜਨਵਰੀ 1972 ਦੀ ਗਣਤੰਤਰ ਦੀ ਪਰੇਡ, ਹਿੰਦੀ ਫਿਲਮ ਦੀ ਸ਼ੂਟਿੰਗ, ਦਸ ਦਿਨਾਂ ਦਾ ਲੰਮਾ ਪਰਿਵਾਰਕ ਟੂਰ, ਗੁਲਮਾਰਗ, ਏਅਰ ਕਰਾਫਟਸਮੈਨ ਮੋਹਨਦਾਸ ਦੀ ਮੌਤ ਕਾਫ਼ੀ ਭਾਵ-ਪੂਰਤ ਹਨ। ਸਮੁੱਚੇ ਤੌਰ 'ਤੇ ਲੇਖਕ ਵਧਾਈ ਦਾ ਪਾਤਰ ਹੈ।
-ਡਾ. ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 92105-88990
ਗੀਤਾਂ ਦਾ ਬਗੀਚਾ
ਲੇਖਕ : ਖੁਸ਼ੀ ਰਾਮ 'ਨਿਮਾਣਾ'
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 97795-85677


'ਗੀਤਾਂ ਦਾ ਬਗੀਚਾ ' ਹਥਲੀ ਪੁਸਤਕ ਲੇਖਕ ਖੁਸ਼ੀ ਰਾਮ ਨਿਮਾਣਾ ਦਾ ਪਲੇਠਾ ਗੀਤ-ਸੰਗ੍ਰਹਿ ਹੈ। ਇਸ ਗੀਤ-ਸੰਗ੍ਰਹਿ 'ਚ ਉਸ ਦੇ 78 ਗੀਤ ਸ਼ਾਮਿਲ ਹਨ। ਲੇਖਕ ਨੇ ਪਰਿਵਾਰਕ, ਸਮਾਜਿਕ, ਆਰਥਿਕ ਆਦਿ ਵਿਸ਼ਿਆਂ ਨੂੰ ਆਪਣੇ ਗੀਤਾਂ ਦੇ ਗੁਲਦਸਤੇ ਵਿਚ ਗੁੰਦਿਆ ਹੈ। ਇਨ੍ਹਾਂ ਗੀਤਾਂ ਵਿਚ ਲੇਖਕ ਪੁਰਾਣੇ ਸਮਿਆਂ ਨੂੰ ਯਾਦ ਕਰਦਾ, ਫੱਟੀ ਤੇ ਊੜਾ-ਐੜਾ ਲਿਖਣ, ਮਾਪਿਆਂ ਤੋਂ ਟੁੱਟੇ ਪੈਸੇ ਲੈ ਕੇ ਖਰੀਦੋ-ਫਰੋਖਤ ਕਰਨ, ਬਲਦਾਂ ਦੇ ਗਲ ਟੱਲੀਆਂ ਦੀ ਟੁਣਕਾਰ ਦਾ ਮਿੱਠਾ ਸੰਗੀਤ, ਕੁੱਕੜਾਂ ਦੀਆਂ ਬਾਂਗਾਂ, ਸੱਥਾਂ ਵਿਚ ਬਜ਼ੁਰਗਾਂ ਦੀ ਰੌਣਕ, ਪਿੰਡਾਂ ਦੀ ਸਾਂਝ ਨੂੰ ਯਾਦ ਕਰਦਾ ਉਨ੍ਹਾਂ ਹੁਸੀਨ ਪਲਾਂ ਨੂੰ ਦੁਬਾਰਾ ਮਾਨਣਾ ਚਾਹੁੰਦਾ ਹੈ। ਸਮੇਂ ਦੇ ਮੁਤਾਬਿਕ ਆਪਣੇ-ਆਪ ਨੂੰ ਢਾਲ ਲੈਣ ਦੀ ਨਸੀਹਤ ਦਿੰਦਾ ਉਹ ਲਿਖਦਾ ਹੈ :
ਪਾਣੀ ਲਿਬਾਸ ਬਦਲਦਾ, ਮੁੜ੍ਹਕਾ ਇਤਿਹਾਸ ਬਦਲਦਾ।
ਸੋਨੇ ਦੇ ਗਹਿਣੇ ਵਾਂਗਰ, ਬਣ ਕੇ ਉਹ ਬਹਿੰਦਾ ਹੈ।
ਖ਼ੁਦ ਨੂੰ ਜੋ ਆਪ ਬਦਲਦਾ, ਉਹ ਹੀ ਖੁਸ਼ ਰਹਿੰਦਾ ਹੈ।
ਪੰਨਾ : 18
ਇਸ ਸੰਗ੍ਰਹਿ ਦੇ ਗੀਤਾਂ ਵਿਚ ਮਾਪਿਆਂ ਵਲੋਂ ਹੱਥੀਂ ਪਾਲੀਆਂ ਧੀਆਂ ਨੂੰ ਘਰੋਂ ਵਿਦਾ ਕਰਨ ਦਾ ਦਰਦ ਵੀ ਹੈ, ਪੰਜਾਬਣ ਮੁਟਿਆਰਾਂ ਦੇ ਹੁਸਨ ਦੀ ਰੱਜਵੀਂ ਤਾਰੀਫ਼ ਵੀ ਹੈ, ਦਿਉਰ-ਭਾਬੀ ਦੇ ਖ਼ੂਬਸੂਰਤ ਰਿਸ਼ਤੇ ਦੀ ਲਾਜਵਾਬ ਪੇਸ਼ਕਾਰੀ ਵੀ ਹੈ। ਉਸ ਦੇ ਗੀਤਾਂ ਵਿਚ ਮਾਵਾਂ ਦੀਆਂ ਦੁਆਵਾਂ ਦੀ ਬਰਕਤ ਹੈ, ਰੁੱਖਾਂ ਅਤੇ ਕੁੱਖਾਂ ਦੀ ਰਾਖੀ ਕਰਨ ਦੀ ਅਰਜੋਈ ਹੈ। ਭਰੂਣ ਹੱਤਿਆ ਨੂੰ ਮਹਾਂਪਾਪ ਗਰਦਾਨਦਾ ਲੇਖਕ ਮਨੁੱਖਤਾ ਨੂੰ ਇਸ ਭੈੜੀ ਬੁਰਾਈ ਤੋਂ ਬਚਣ ਲਈ ਜੋਦੜੀ ਕਰਦਾ ਹੈ :
ਰੱਬ ਦੀਆਂ ਰਹਿਮਤਾਂ ਸੰਭਾਲ ਬੰਦਿਆ।
ਫੇਰ ਓਹ ਵੀ ਚੱਲੂ ਤੇਰੇ ਨਾਲ ਬੰਦਿਆ।
ਜ਼ਿੰਦਗੀ ਸੁਖਾਲੀ ਤੂੰ ਬਣਾ ਲੈ ਆਪਣੀ ,
ਕਿੰਨਾ ਚਿਰ ਜੀਵੇਂਗਾ ਸਹਾਰੇ ਜੱਗ ਦੇ।
ਕੁੱਖ ਵਿਚ ਧੀਆਂ ਨੂੰ ਮੁਕਾਉਣ ਵਾਲਿਆ,
ਲੱਭਦਾਂ ਅਸ਼ੀਰਵਾਦ ਕਿੱਥੋਂ ਰੱਬ ਦੇ।
ਪੰਨਾ : 65
ਨੌਜਵਾਨ ਪੀੜ੍ਹੀ 'ਚ ਨਸ਼ਿਆਂ ਦਾ ਵਧ ਰਿਹਾ ਰੁਝਾਨ ਉਸ ਨੂੰ ਬੇਚੈਨ ਕਰਦਾ ਹੈ। ਦਾਜ-ਦਹੇਜ ਦੀ ਪ੍ਰਥਾ, ਰਿਸ਼ਵਤਖੋਰੀ, ਮਿਲਾਵਟਖੋਰੀ, ਵਧ ਰਹੀ ਮਹਿੰਗਾਈ ਉਸ ਨੂੰ ਬੇਚੈਨ ਕਰਦੀ ਹੈ। ਇਸ ਗੀਤ ਸੰਗ੍ਰਹਿ 'ਚ ਲੇਖਕ ਨੇ ਦੋਗਾਣੇ, ਟੱਪੇ ਆਦਿ ਸਿਨਫਾਂ ਨੂੰ ਵੀ ਬਾਖ਼ੂਬੀ ਨਿਭਾਇਆ ਹੈ। ਲੋਕ ਮੁਹਾਵਰੇ, ਠੇਠ ਪੰਜਾਬੀ ਸ਼ਬਦਾਂ ਦੀ ਜੜਤ ਅਤੇ ਗੀਤਾਂ ਵਿਚਲੀ ਰਵਾਨਗੀ ਇਸ ਪੁਸਤਕ ਨੂੰ ਹੋਰ ਸਿੰਗਾਰਦੀ ਪ੍ਰਤੀਤ ਹੁੰਦੀ ਹੈ। ਦਿਲਕਸ਼ ਖੁਸ਼ਬੋਆਂ ਬਿਖੇਰਦੇ ਇਸ ਗੀਤਾਂ ਦੇ ਬਗੀਚੇ ਦਾ ਹਾਰਦਿਕ ਸਵਾਗਤ ਹੈ।
-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625
ਉੱਤਰੀ ਅਮਰੀਕਾ ਦਾ ਸਫ਼ਰਨਾਮਾ
ਘੁੰਮ ਘੁਮੰਤੂ ਘੁੰਮ
ਲੇਖਕ : ਮੇਜਰ ਮਾਂਗਟ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 495 ਰੁਪਏ, ਸਫ਼ੇ : 271
ਸੰਪਰਕ : 0172-5027427


ਕੈਨੇਡਾ ਵੱਸਦਾ ਮੇਜਰ ਮਾਂਗਟ ਇਕ ਜਾਣਿਆ-ਪਛਾਣਿਆ ਬਹੁਵਿਧਾਈ ਪ੍ਰਤਿਭਾਸ਼ਾਲੀ ਲੇਖਕ ਹੈ। ਉਸ ਦੀ ਗੂੜ੍ਹੀ ਪਛਾਣ ਤਾਂ ਇਕ ਨਿਵੇਕਲੇ ਅੰਦਾਜ਼ ਵਾਲੇ ਕਹਾਣੀਕਾਰ ਦੇ ਵਾਲੀ ਹੀ ਮੇਰੇ ਮਨ-ਮਸਤਕ ਵਿਚ ਖੁਣੀ ਹੋਈ ਹੈ, ਪਰ ਉਸ ਨੇ ਨਾਵਲ, ਨਾਟਕ, ਕਵਿਤਾ ਤੇ ਵਾਰਤਕ ਖੇਤਰ ਵਿਚ ਵੀ ਚੰਗੀ ਕਲਮ ਅਜ਼ਮਾਈ ਕਰ ਕੇ ਆਪਣੀ ਸਿਰਜਣਾਤਮਿਕਤਾ ਦਾ ਲੋਹਾ ਮੰਨਵਾਇਆ ਹੈ। ਇਕ ਘੁਮੱਕੜੀ ਸੁਭਾਅ ਵਾਲੇ ਵਿਅਕਤੀ ਹੋਣ ਦੇ ਨਾਤੇ ਉਸ ਦੇ ਦੇਸ਼-ਦੇਸ਼ਾਂਤਰੀ ਅਨੁਭਵ ਤੇ ਗਿਆਨ ਦਾ ਘੇਰਾ ਚੋਖਾ ਵਿਸ਼ਾਲ ਹੈ ਅਤੇ ਉਸ ਦੀ ਹਰ ਲਿਖਤ ਵਿਚ ਅਜਿਹੇ ਅਨੁਭਵ/ਗਿਆਨ ਦੀ ਅਨੋਖੀ ਛਾਪ ਦੇਖਣ ਨੂੰ ਵੀ ਮਿਲਦੀ ਹੈ। ਇਕ ਵਾਰਤਕ ਲੇਖਕ ਲਈ ਤਾਂ ਅਜਿਹਾ ਅਨੁਭਵਸ਼ੀਲ ਗਿਆਨ ਵਿਸ਼ੇਸ਼ ਰੂਪ ਵਿਚ ਦਰਕਾਰ ਹੈ। 'ਘੁੰਮ ਘੁਮੰਤੂ ਘੁੰਮ' (2025) ਮੇਜਰ ਮਾਂਗਟ ਦੀ ਚੌਥੀ ਵਾਰਤਕ ਪੁਸਤਕ ਅਤੇ ਦੂਜੀ ਸਫ਼ਰਨਾਮਾ ਪੁਸਤਕ ਹੈ ਜੋ ਕਈ ਪੱਖਾਂ ਤੋਂ ਸਾਡਾ ਵਿਸ਼ੇਸ਼ ਧਿਆਨ ਖਿੱਚਦੀ ਹੈ।
'ਘੁੰਮ ਘੁਮੰਤੂ ਘੁੰਮ' ਪੁਸਤਕ ਉੱਤਰੀ ਅਮਰੀਕਾ ਦਾ ਸਫ਼ਰਨਾਮਾ ਹੈ ਜੋ ਕੋਵਿਡ ਪਾਬੰਦੀਆਂ ਦੌਰਾਨ ਲੇਖਕ ਦੁਆਰਾ ਪਰਿਵਾਰ ਸਮੇਤ ਕੈਨੇਡਾ-ਅਮਰੀਕਾ ਦੀਆਂ ਕੁਝ ਮਨਪਸੰਦ ਥਾਵਾਂ ਦੀਆਂ ਕੀਤੀਆਂ ਗਈਆਂ ਸੀਮਤ ਯਾਤਰਾਵਾਂ 'ਤੇ ਆਧਾਰਿਤ ਹੈ। ਇਨ੍ਹਾਂ ਯਾਤਰਾਵਾਂ ਨਾਲ ਸੰਬੰਧਿਤ 10 ਅਧਿਆਵਾਂ ਵਿਚੋਂ ਦੋ ਅਮਰੀਕਾ ਤੇ ਅੱਠ ਕੈਨੇਡਾ ਦੇ ਵੱਖ-ਵੱਖ ਪ੍ਰਾਂਤਾਂ ਦੀਆਂ ਕੀਤੀਆਂ ਗਈਆਂ ਯਾਤਰਾਵਾਂ ਬਾਰੇ ਹਨ। ਇਹ ਯਾਤਰਾਵਾਂ ਭਾਵੇਂ ਸੰਖੇਪ ਹਨ ਪਰ ਬਿਆਨ ਵਿਸਤ੍ਰਿਤ ਹੈ। ਲੇਖਕ ਨੇ ਇਨ੍ਹਾਂ ਯਾਤਰਾਵਾਂ ਨੂੰ ਕੋਵਿਡ-ਕਾਲ ਦੇ ਡਰਾਵਣੇ ਚੁਣੌਤੀਪੂਰਨ ਸਮੇਂ ਨੂੰ ਪਾਸ ਕਰਨ ਦੇ ਇਕ ਅਨੋਖੇ ਅਰਥਪੂਰਨ ਆਹਰ ਦੇ ਰੂਪ ਵਿਚ ਲੈ ਕੇ ਇਕ ਕਮਾਲ ਦੀ ਸਫ਼ਰਨਾਮਾ ਕਿਰਤ ਦਾ ਆਧਾਰ ਬਣਾ ਦਿੱਤਾ।
ਇਥੇ ਇਹ ਸਪੱਸ਼ਟ ਰਹੇ ਕਿ ਭਾਵੇਂ ਵਲਾਇਤ, ਰੂਸ ਤੇ ਪਾਕਿਸਤਾਨ ਆਦਿ ਦੇਸ਼ਾਂ ਬਾਰੇ ਲਿਖੇ ਗਏ ਕੁਝ ਮੁੱਢਲੇ ਪੰਜਾਬੀ ਸਫ਼ਰਨਾਮੇ ਕਾਫ਼ੀ ਪ੍ਰਭਾਵਸ਼ਾਲੀ ਤੇ ਸਾਹਿਤਕ ਗੁਣਾਂ ਨਾਲ ਭਰਪੂਰ ਹਨ ਅਤੇ ਇਸ ਤੋਂ ਉਪਰੰਤ ਕਈ ਨਾਮਵਰ ਲੇਖਕਾਂ ਦੁਆਰਾ ਚੰਗੇ ਸਫ਼ਰਨਾਮੇ ਲਿਖੇ ਗਏ ਹਨ ਪਰ ਇਹ ਵੀ ਸੱਚ ਹੈ ਕਿ ਔਸਤ ਪੰਜਾਬੀ ਸਫ਼ਰਨਾਮਾ ਲੇਖਕ ਇਸ ਵਿਧਾ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦਾ। ਕੁਝ ਲੇਖਕ ਆਪਣੇ ਯਾਤਰਾ ਅਨੁਭਵ ਨੂੰ ਸੀਮਤ, ਸੰਕੁਚਿਤ, ਸਤੱਈ ਤੇ ਪੇਤਲੇ ਰੂਪ ਵਿਚ ਗ੍ਰਹਿਣ ਕਰਕੇ ਰਚਨਾ ਨੂੰ ਨਿੱਜਮੂਲਕਤਾ ਦੇ ਹਵਾਲੇ ਕਰ ਦਿੰਦੇ ਹਨ। ਕਈ ਇਸ ਅਨੁਭਵ ਨੂੰ ਸੁਆਦਲਾ ਬਣਾਉਣ ਹਿਤ ਚਟਖ਼ਾਰੇ ਲਾਉਣ ਵਾਲੇ ਭਾਸ਼ਕ ਮਿਰਚ-ਮਸਾਲਿਆਂ ਦੀ ਭਰਪੂਰ ਵਰਤੋਂ ਵੀ ਕਰਦੇ ਹਨ ਤਾਂ ਕਿ ਭਰਵਾਂ ਪਾਠਕੀ ਹੁੰਗਾਰਾ ਮਿਲ ਸਕੇ। ਅਕਸਰ ਲੇਖਕਾਂ ਦੀਆਂ ਯਾਤਰਾਵਾਂ ਕਿਸੇ ਚੰਗੀ ਵਿਉਂਤਬੰਦੀ ਤੇ ਮਾਕੂਲ ਖ਼ਰਚੇ ਦੀ ਅਣਹੋਂਦ ਵਿਚ ਉੱਘੜ-ਦੁੱਘੜੀਆਂ ਤੇ ਆਮ ਜਾਣ-ਪਛਾਣ ਦੀਆਂ ਥਾਵਾਂ ਜਾਂ ਆਪਣੇ ਘੇਰੇ ਦੇ ਦੋਸਤਾਂ-ਮਿੱਤਰਾਂ ਤੇ ਰਿਸ਼ਤੇਦਾਰਾਂ ਤੱਕ ਮਹਿਦੂਦ ਹੋ ਕੇ ਰਹਿ ਜਾਂਦੀਆਂ ਹਨ। ਅਜਿਹੀਆਂ ਰਚਨਾਵਾਂ ਵਿਚ ਸਵੈ-ਪ੍ਰਸੰਸਾ ਜਾਂ ਨਿੰਦਾ-ਚੁਗਲੀ ਵਰਗੇ ਤੱਤਾਂ ਦੀ ਸਹਿਜੇ ਭਰਮਾਰ ਹੋ ਜਾਂਦੀ ਹੈ।
ਸੁਭਾਵਿਕ ਹੈ ਕਿ ਅਜਿਹੀਆਂ ਲਿਖਤਾਂ ਯਾਤਰਾ ਅਧੀਨ ਦੇਸ਼, ਸ਼ਹਿਰ, ਸਥਾਨ ਤੇ ਲੋਕਾਂ ਦੇ ਭੂਗੋਲਿਕ, ਇਤਿਹਾਸਕ, ਧਾਰਮਿਕ, ਸਮਾਜਿਕ, ਸੱਭਿਆਚਾਰਕ ਤੇ ਆਰਥਿਕ ਸੰਦਰਭਾਂ ਤੋਂ ਪਰ੍ਹੇ ਵਿਚਰਦੀਆਂ ਹੋਈਆਂ ਪ੍ਰਕਿਰਤਕ ਸੁਹਜ-ਅਨੰਦ ਤੋਂ ਵੀ ਇਕ ਵਿੱਥ ਥਾਪ ਲੈਂਦੀਆਂ ਹਨ। ਇਸ ਪਿਛੋਕੜ ਵਿਚ ਮੇਜਰ ਮਾਂਗਟ ਦਾ ਇਹ ਸਫ਼ਰਨਾਮਾ ਰਚਨਾ ਉਪਰੋਕਤ ਸਾਹਿਤਕ ਐਬਾਂ ਦੇ ਅਪਵਾਦ ਦੇ ਰੂਪ ਵਿਚ ਇਕ ਚੰਗੀ ਕਿਰਤ ਦੇ ਰੂਪ ਵਿਚ ਸਾਡੇ ਸਾਹਮਣੇ ਆਉਂਦੀ ਹੈ। ਇਸ ਰਚਨਾ ਦੇ ਪਾਠ ਤੋਂ ਇਕ ਚੰਗਾ ਯਾਤਰੂ ਬਣਨ ਦੀ ਪ੍ਰੇਰਨਾ ਤੇ ਉਤਸ਼ਾਹ ਵੀ ਮਿਲਦਾ ਹੈ। ਕੁਦਰਤੀ ਵਾਤਾਵਰਨ ਨੂੰ ਸਮਝਣ-ਸੰਭਾਲਣ ਦੀ ਸੇਧ ਤੇ ਚੇਤਨਾ ਦਾ ਸੰਚਾਰ ਵੀ ਹੁੰਦਾ ਹੈ ਅਤੇ ਲੇਖਕ ਦੀ ਖੋਜਮੂਲਕ, ਅਗਾਂਹਵਧੂ ਤੇ ਜਗਿਆਸੂ ਦ੍ਰਿਸ਼ਟੀ ਤਾਂ ਪਾਠਕ ਨੂੰ ਕੀਲ ਹੀ ਲੈਂਦੀ ਹੈ। ਗਿਆਨ ਤੇ ਚੇਤਨਾ ਨਾਲ ਭਰਪੂਰ ਲੇਖਕ ਦਾ ਯਾਤਰਾ ਅਨੁਭਵ ਪਾਠਕ ਨੂੰ ਕੁਦਰਤ ਦੇ ਬਹੁਤ ਹੀ ਨੇੜੇ ਲੈ ਜਾਂਦਾ ਹੈ। ਮੈਂ ਇਸ ਨੂੰ ਵਾਤਾਵਰਨ-ਚੇਤਨਾ ਪੈਦਾ ਕਰਨ ਲਈ ਇਕ ਚੰਗੀ ਕਿਰਤ ਵੀ ਕਹਿ ਸਕਦਾ ਹਾਂ।
ਇਸ ਸਫ਼ਰਨਾਮਾ ਲਿਖਤ ਦੇ ਕੁਝ ਹੋਰ ਮਹੱਤਵਪੂਰਨ ਪੱਖ ਵੀ ਧਿਆਨਯੋਗ ਹਨ। ਲੇਖਕ ਹਰ ਯਾਤਰਾ ਨੂੰ ਇਕ ਪ੍ਰਾਜੈਕਟ ਵਰਕ ਦੇ ਰੂਪ ਵਿਚ ਲੈਂਦਾ ਹੈ। ਇਹ ਪ੍ਰਾਜੈਕਟ-ਵਰਕ ਵੀ ਇਕ ਟੀਮ-ਵਰਕ ਦੇ ਰੂਪ ਵਿਚ ਹੁੰਦਾ ਹੈ ਅਤੇ ਲੇਖਕ ਦਾ ਸਾਰਾ ਪਰਿਵਾਰ ਯਾਨੀ ਪਤਨੀ, ਦੋਵੇਂ ਧੀਆਂ ਤੇ ਪੁੱਤਰ ਇਸ ਟੀਮ ਦੇ ਮੈਂਬਰ ਦੇ ਰੂਪ ਵਿਚ ਪ੍ਰਾਜੈਕਟ ਦੇ ਵੱਖ-ਵੱਖ ਪੱਖਾਂ ਨੂੰ ਦੇਖਦੇ ਹਨ। ਯਾਤਰਾ ਰੂਟ, ਨਕਸ਼ੇ, ਲੋਕੇਸ਼ਨਾਂ, ਹਵਾਈ ਟਿਕਟ ਤੇ ਹੋਰ ਬੁਕਿੰਗਜ਼, ਰਿਹਾਇਸ਼, ਟਰਾਂਸਪੋਰਟ, ਕੱਪੜੇ ਤੇ ਹੋਰ ਲੋੜੀਂਦੇ ਸਾਮਾਨ ਦੀ ਪੈਕਿੰਗ ਸਮੇਤ ਹਰ ਛੋਟੀ-ਮੋਟੀ ਚੀਜ਼ ਸੂਚੀਬੱਧ, ਨਿਸਚਿਤ ਤੇ ਫਾਈਨਲ ਕੀਤੀ ਜਾਂਦੀ ਹੈ ਤਾਂ ਕਿ ਯਾਤਰਾ ਦੌਰਾਨ ਕਿਸੇ ਅਣਸੁਖਾਵੀਂ ਸਥਿਤੀ ਤੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਯਾਤਰਾ ਦੌਰਾਨ ਪੂਰਾ ਅਨੁਸ਼ਾਸਨ ਤੇ ਤਾਲਮੇਲ ਬਣਿਆ ਰਹਿੰਦਾ ਹੈ। ਸਭ ਆਪਣਾ-ਆਪਣਾ ਕੰਮ ਕਰਦੇ ਹਨ। ਕੁਦਰਤ ਦੇ ਗੁੱਝੇ ਤੇ ਪ੍ਰਗਟ ਰਹੱਸਾਂ ਨੂੰ ਜਾਣਨ ਨਿਕਲੇ ਪੇਸ਼ਾਵਰ ਯਾਤਰੂ ਦੇ ਰੂਪ ਵਿਚ ਲੇਖਕ ਦਾ ਇਕ ਪ੍ਰਭਾਵਸ਼ਾਲੀ ਬਿੰਬ ਸਾਡੇ ਸਾਹਮਣੇ ਸਾਕਾਰ ਹੁੰਦਾ ਹੈ। ਯਾਤਰਾ ਉਸ ਲਈ ਇਕ ਮਿਸ਼ਨ ਹੈ। ਸਰਸਰੀ ਸ਼ੌਕ, ਮੌਜ-ਮਸਤੀ ਜਾਂ ਆਮ ਮੇਲਾ-ਗੇਲਾ ਉਸ ਦਾ ਉਦੇਸ਼ ਨਹੀਂ। ਫਾਹਿਯਾਨ, ਕੋਲੰਬਸ, ਮਾਰਕਪੈਲੇ, ਵਾਸਕੋਡੀਗਾਮਾ ਤੇ ਇਬਨ ਬਤੂਤਾ ਵਰਗੇ ਸਭ ਸੰਸਾਰ ਪ੍ਰਸਿੱਧ ਯਾਤਰੀ ਉਸ ਦੀ ਪ੍ਰੇਰਨਾ ਦੇ ਸੋਮੇ ਹਨ ਪਰ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਤੋਂ ਤਾਂ ਉਹ ਜਨੂੰਨ ਦੀ ਹੱਦ ਤੱਕ ਪ੍ਰਭਾਵਿਤ ਹੈ ਅਤੇ ਗੁਰੂ ਸਾਹਿਬ ਨੂੰ ਉਹ ਦੁਨੀਆ ਦਾ ਸਭ ਤੋਂ ਮਹਾਨ ਯਾਤਰੂ ਮੰਨਦਾ ਹੈ। ਉਹ ਯਾਤਰਾ ਅਨੁਭਵ ਗ੍ਰਹਿਣ ਕਰਨ ਨੂੰ ਕੁਦਰਤ ਦੀ ਖੁੱਲ੍ਹੀ ਕਿਤਾਬ ਪੜ੍ਹਨ ਦੇ ਬਰਾਬਰ ਮੰਨਦਾ ਹੈ। ਸੋ, ਕੁਦਰਤ ਦੀ ਖੁੱਲ੍ਹੀ ਕਿਤਾਬ ਪੜ੍ਹਨ ਦੇ ਚਾਹਵਾਨ ਪਾਠਕਾਂ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ।
-ਡਾ. ਸੁਖਵਿੰਦਰ ਸਿੰਘ ਰੰਧਾਵਾ
ਮੋਬਾਈਲ : 98154-58666
ਜੰਗਲ ਜਾਈਆਂ
ਕਵਿਤਾਵਾਂ
ਸੰਪਾਦਕ : ਅਮੋਲਕ ਸਿੰਘ, ਯਸ਼ ਪਾਲ
ਪ੍ਰਕਾਸ਼ਕ : ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ)
ਮੁੱਲ : 200 ਰੁਪਏ, ਸਫ਼ੇ: 280
ਸੰਪਰਕ: 98778-68710


ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ) ਵਲੋਂ ਪ੍ਰਕਾਸ਼ਿਤ ਸਾਂਝਾ ਕਾਵਿ-ਸੰਗ੍ਰਹਿ 'ਜੰਗਲ ਜਾਈਆਂ ਕਵਿਤਾਵਾਂ' ਅਮੋਲਕ ਸਿੰਘ ਅਤੇ ਯਸ਼ ਪਾਲ ਵਲੋਂ ਸਾਂਝੇ ਰੂਪ ਵਿਚ ਸੰਪਾਦਿਤ ਕੀਤਾ ਗਿਆ ਹੈ। ਪੁਸਤਕ ਦੇ ਪਹਿਲੇ ਭਾਗ ਵਿਚ ਕਾਰਲ ਮਾਰਕਸ, ਬਲਬੀਰ ਪਰਵਾਨਾ, ਸਵਰਾਜਬੀਰ, ਡਾ. ਸੁਖਪਾਲ ਸੰਘੇੜਾ, ਦਰਸ਼ਨ ਖਟਕੜ, ਗੁਰਦਿਆਲ ਰੌਸ਼ਨ, ਸੁਰਿੰਦਰ ਧੰਜਲ, ਬੱਲੀ ਸਿੰਘ ਚੀਮਾ, ਡਾ. ਲਖਵਿੰਦਰ ਜੌਹਲ, ਹਰਮੀਤ ਵਿਦਿਆਰਥੀ, ਮਨਦੀਪ ਔਲਖ, ਡਾ. ਅਰਵਿੰਦਰ ਕੌਰ ਕਾਕੜਾ, ਕੁਲਵੰਤ ਕੌਰ ਨਗਰ, ਸਤਨਾਮ ਸਿੰਘ ਮਾਣਕ, ਜਸਪਾਲ ਜੱਸੀ, ਪਾਵੇਲ ਕੁੱਸਾ, ਹਰਮੇਸ਼ ਮਾਲੜੀ, ਸਵਰਨ ਧਾਲੀਵਾਲ, ਜਗੀਰ ਜੋਸਣ, ਜੋਗਿੰਦਰ ਆਜ਼ਾਦ, ਹਿਮਾਂਸ਼ੂ ਕੁਮਾਰ, ਕੁਲਵੰਤ ਤਰਕ, ਕੁਲਵਿੰਦਰ ਬਹਿਰਾਮਪੁਰ, ਮੇਜਰ ਸਿੰਘ ਤੱਖੀ, ਕਸਤੂਰੀ ਲਾਲ ਅਤੇ ਅਮੋਲਕ ਸਿੰਘ ਦੀਆਂ ਕਵਿਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਦੂਜੇ ਭਾਗ ਵਿਚ ਜਸਿੰਤਾ ਕੇਰਕੇਟਾ, ਹੂਬ ਨਾਥ, ਗੋਰਖ ਪਾਂਡੇ, ਸਰਬਜੀਤ ਸਿੰਘ ਬਹਿਲ, ਜ਼ੇਹਰਾ ਨਿਗਾਹ, ਹੋਨੀ ਤੂਵਾਰੀ ਨਿਊਜ਼ੀਲੈਂਡ, ਨਿਰਮਲਾ ਪੁਤੁਲ, ਦੇਵੇਂਦਰ ਕੁਮਾਰ, ਰਾਕੇਸ਼ ਰਾਣਾ, ਰਾਜੇਂਦਰ ਰਾਜਨ, ਹਰੁਵੰਸ਼ ਰਾਏ ਬਚਨ, ਓਮ ਪ੍ਰਕਾਸ਼ ਬਾਲਮੀਕੀ, ਆਸ਼ੀਸ਼ ਮੋਹਨ, ਸਨੇਹਦੀਪ, ਹਰਭਗਵਾਨ ਚਾਵਲਾ, ਅਪੂਰਬ ਭਾਰਦਵਾਜ, ਸੂਫੀਆ ਦੀਪਿਕਾ ਕੌਸਰ, ਰਾਜੇਸ਼ ਜੋਸ਼ੀ, ਸੁਭਾਸ਼ ਸੋਲੰਕੀ, ਮਨੀਸ਼ ਆਜ਼ਾਦ, ਬ੍ਰਤੋਲਤ ਬ੍ਰੈਖਤ, ਪੁਸ਼ਕਿਨ, ਵਰਿਆਮ ਸਿੰਘ ਸੰਧੂ, ਸਤਪਾਲ ਭੀਖੀ ਅਤੇ ਫ਼ਤਿਹਜੀਤ ਦੀਆਂ ਕਵਿਤਾਵਾਂ ਸੁਸ਼ੋਬਿਤ ਹਨ, ਜਿਨ੍ਹਾਂ ਦਾ ਪੰਜਾਬੀ ਅਨੁਵਾਦਯਸ਼ ਪਾਲ, ਤਰਨਦੀਪ ਬਿਲਾਸਪੁਰ, ਅਮਰਜੀਤ ਕੌਂਕੇ, ਬੂਟਾ ਸਿੰਘ ਮਹਿਮੂਦਪੁਰ, ਰਣਜੀਤ ਲਹਿਰਾ ਅਤੇ ਗੁਰਬਚਨ ਸਿੰਘ ਭੁੱਲਰ ਵੱਲੋਂ ਕੀਤਾ ਗਿਆ ਹੈ। ਇਹ ਪੁਸਤਕ ਉਨ੍ਹਾਂ ਇਨਕਲਾਬੀ ਜੁਝਾਰੂਆਂ ਨੂੰ ਸਮਰਪਿਤ ਕੀਤੀ ਗਈ ਹੈ, ਜੋ ਜੰਗਲ ਦੇ ਹੋ ਕੇ ਰਹਿ ਗਏ, ਜੋ ਘਰਾਂ ਨੂੰ ਪਰਤ ਕੇ ਨਹੀਂ ਆਏ। ਪੁਸਤਕ ਵਿਚਲੀਆਂ ਕਵਿਤਾਵਾਂ ਮਾਰਕਸਵਾਦੀ ਵਿਚਾਰਧਾਰਾ ਦੇ ਦ੍ਰਿਸ਼ਟੀਕੋਣ ਤੋਂ ਦੇਸ਼ ਦੇ ਮੌਜੂਦਾ ਆਰਥਿਕ, ਸਮਾਜਿਕ ਅਤੇ ਰਾਜਨੀਤਕ ਪ੍ਰਬੰਧ ਉੱਪਰ ਸਵਾਲੀਆ ਨਿਸ਼ਾਨ ਲਗਾਉਂਦੀਆਂ ਹੋਈਆਂ ਬਰਾਬਰੀ ਵਾਲੇ ਲੁੱਟ-ਰਹਿਤ ਸਮਾਜ ਦੀ ਸਿਰਜਣਾ ਦਾ ਹੋਕਾ ਦਿੰਦੀਆਂ ਹਨ। ਪੁਸਤਕ ਨੂੰ ਗਹੁ ਨਾਲ ਪੜ੍ਹਦਿਆਂ ਅਹਿਸਾਸ ਹੁੰਦਾ ਹੈ ਕਿ ਇਸ ਕਾਰਜ ਲਈ ਕਵਿਤਾਵਾਂ ਦੀ ਚੋਣ ਕਰਦਿਆਂ, ਉਨ੍ਹਾਂ ਦੇ ਮਿਆਰ ਨਾਲ ਕਿਸੇ ਤਰ੍ਹਾਂ ਵੀ ਸਮਝੌਤਾ ਨਹੀਂ ਕੀਤਾ ਗਿਆ। ਪੂਰੀ ਪੁਸਤਕ ਵਿਚ ਇੱਕ ਵੀ ਕਵਿਤਾ ਅਜਿਹੀ ਨਹੀਂ ਮਿਲਦੀ, ਜਿਸ ਨੂੰ ਭਰਤੀ ਦੀ ਕਿਹਾ ਜਾ ਸਕਦਾ ਹੋਵੇ। ਪੁਸਤਕ ਦੀ ਸੁਚੱਜੀ ਸੰਪਾਦਨਾ ਲਈ ਅਮੋਲਕ ਸਿੰਘ ਅਤੇ ਯਸ਼ ਪਾਲ ਦੋਵੇਂ ਹੀ ਵਧਾਈ ਦੇ ਹੱਕਦਾਰ ਹਨ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਮੇਰੀਆਂ ਅਭੁੱਲ ਯਾਦਾਂ
ਲੇਖਕ : ਤੇਜਾ ਸਿੰਘ ਥੂਹਾ
ਪ੍ਰਕਾਸ਼ਕ : ਤਰਲੋਚਨ ਪਬਲੀਸ਼ਰਸ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 116
ਸੰਪਰਕ : 76960-92178




ਨੌ ਮੌਲਿਕ ਅਤੇ ਸਾਂਝੀਆਂ ਪੁਸਤਕਾਂ ਦੇ ਰਚੇਤਾ ਤੇਜਾ ਸਿੰਘ ਥੂਹਾ ਦੀ ਹਥਲੀ ਪੁਸਤਕ 'ਮੇਰੀਆਂ ਅਭੁੱਲ ਯਾਦਾਂ' ਲੇਖਕ ਦੇ ਬਚਪਨ ਤੋਂ ਲੈ ਕੇ ਉਮਰ ਦੇ ਚੌਥੇ ਪੜਾਅ 'ਤੇ ਪੁੱਜ ਚੁੱਕੇ ਜੀਵਨ ਵਿਚ ਵਾਪਰੀਆਂ ਉਹ ਘਟਨਾਵਾਂ ਸ਼ਾਮਿਲ ਹਨ, ਜਿਨ੍ਹਾਂ ਨੇ ਨਾ ਸਿਰਫ਼ ਉਸ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ, ਸਗੋਂ ਉਸ ਦੇ ਜੀਵਨ ਵਿਚ ਟਰਨਿੰਗ ਪੁਆਇੰਟ ਵੀ ਸਾਬਿਤ ਹੋਈਆਂ ਅਤੇ ਉਸ ਦੀ ਚੇਤਿਆਂ ਦੀ ਚੰਗੇਰ ਤੋਂ ਵਿਸਰੀਆਂ ਨਹੀਂ। ਲੇਖਕ ਨੇ ਆਪਣੇ ਮਿੱਤਰ ਪ੍ਰੇਮੀਆਂ, ਅਧਿਕਾਰੀਆਂ, ਵਿਦਿਆਰਥਣ ਅਤੇ ਯਾਤਰਾ ਸੰਸਮਰਣ ਦੀਆਂ ਯਾਦਾਂ ਨੂੰ ਵੀ ਸ਼ਾਮਿਲ ਕੀਤਾ ਹੈ। ਲੇਖਕ ਨੇ ਆਪਣੀ ਮਾਤਾ ਜੀ, ਪਿਤਾ ਜੀ, ਜਿਗਰੀ ਯਾਰ, ਭਾਬੀ, ਭਰਤੀ ਦਫ਼ਤਰ, ਆਪਣੀ ਟ੍ਰ੍ਰੇਨਿੰਗ, ਬੇਲਗਾਮ ਤੋਂ ਸਲੂਰ ਦੀ ਯਾਤਰਾ, ਟ੍ਰੇਨਿੰਗ ਅਤੇ ਡਿਊਟੀ ਦੇ ਪਹਿਲੇ ਦਿਨ, ਸਲੂਰ ਤੋਂ ਹੈਦਰਾਬਾਦ ਦੀ ਪੋਸਟਿੰਗ, ਸਿਕੰਦਰਾਬਾਦ ਦੀਆਂ ਯਾਦਾਂ, ਆਪਣਾ ਵਿਆਹ, ਮਿੱਤਰ ਗੋਪਾਲ, ਦਿੱਲੀ, ਦਿੱਲੀ ਤੋਂ ਸ਼ਿਲੌਂਗ ਦਾ ਸਫ਼ਰ, ਵਿਦਿਆਰਥਣ ਭਾਵਨਾ, ਸਿੰਗਾਪੁਰ ਦੀ ਯਾਤਰਾ, ਗਿਆਨੀ ਰਾਜਿੰਦਰ ਸਿੰਘ ਅਤੇ ਆਪਣੇ ਪਰਿਵਾਰ ਦੀਆਂ ਖੱਟੀਆਂ-ਮੀਠੀਆਂ, ਭਾਵ-ਭਿੰਨੀਆਂ ਅਤੇ ਉਮੰਗ-ਤਰੰਗ ਪੈਦਾ ਕਰਨ ਵਾਲੀਆਂ ਯਾਦਾਂ ਨੂੰ ਕਲਮਬੱਧ ਕੀਤਾ ਹੈ। ਇਸ ਪੁਸਤਕ ਵਿਚ ਮਿਲਣ-ਵਿਛੋੜਾ, ਨਵੀਂ ਥਾਂ 'ਤੇ ਜਾ ਕੇ ਨਵੇਂ ਸਿਰੇ ਆਪਣੇ ਆਪ ਨੂੰ ਸਥਾਪਿਤ ਕਰਨਾ ਅਤੇ ਆਪਣਾ ਰਾਹ ਮੌਕਲਾ ਬਣਾਉਣਾ, ਛੋਟਿਆਂ-ਵੱਡਿਆਂ ਤੋਂ ਪ੍ਰੇਰਨਾ ਪ੍ਰਾਪਤ ਕਰਨੀ, ਨੌਕਰੀ ਵਿਚ ਆ ਕੇ ਵੀ ਵਿੱਦਿਆ ਪ੍ਰਾਪਤੀ ਦੀ ਭੁੱਖ ਨੂੰ ਸ਼ਾਂਤ ਕਰਨਾ ਅਤੇ ਏਅਰ ਫੋਰਸ ਦੀ ਨੌਕਰੀ ਤੋਂ ਰੁਖ਼ਸਤੀ ਲੈ ਕੇ ਇੱਕ ਅਧਿਆਪਕ ਵਜੋਂ ਨਵੀਂ ਪਾਰੀ ਦੀ ਸ਼ੁਰੂਆਤ ਕਰਨੀ, ਫ਼ੌਜ ਅਤੇ ਸਿਵਲੀਅਨ ਜ਼ਿੰਦਗੀ ਦੇ ਫ਼ਰਕ ਨੂੰ ਸਮਝਣਾ ਤੇ ਆਪਣੇ-ਆਪ ਨੂੰ ਉਸ ਵਿਚ ਅਡਜਸਟ ਕਰਨਾ, ਪ੍ਰੇਰਣਾ ਲੈਣੀ ਅਤੇ ਪ੍ਰੇਰਨਾ ਦੇਣੀ , ਦੇਸ਼ ਸੇਵਾ ਦੇ ਨਾਲ-ਨਾਲ ਸਿੱਖਿਆ-ਸਮਾਜ ਅਤੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨੀ ਆਪਣੇ-ਆਪ ਵਿਚ ਵਿਲੱਖਣ ਅਤੇ ਨਵੀਂ ਪੀੜ੍ਹੀ ਲਈ ਰਾਹ ਦਸੇਰਾ ਬਣਨ ਵਾਲੀ ਮਿਸਾਲ ਹੈ। ਇਹ ਪੁਸਤਕ ਲੇਖਕ ਦੇ ਸਮੁੱਚੇ ਜੀਵਨ ਵਿਚ ਅਰਜਿਤ ਕੀਤੇ ਅਨੁਭਵਾਂ ਦਾ ਪਿਟਾਰਾ ਹੈ ਜੋ ਉਸ ਨੇ ਸਖ਼ਤ ਅਤੇ ਮਿਹਨਤ ਭਰੀ ਜ਼ਿੰਦਗੀ ਜਿਊਂਦਿਆਂ ਪ੍ਰਾਪਤ ਕੀਤਾ ਹੈ। ਆਪਣੇ ਮੁਲਕ ਦੀਆਂ ਅਲੱਗ-ਅਲੱਗ ਥਾਂਵਾਂ ਦੀ ਆਬੋ ਹਵਾ, ਰਹਿਣ-ਸਹਿਣ, ਲੋਕ ਸੱਭਿਆਚਾਰ, ਸੰਸਕ੍ਰਿਤੀ, ਲੋਕ ਵਿਵਹਾਰ, ਕੁਦਰਤੀ ਨਜ਼ਾਰਿਆਂ ਅਤੇ ਹਵਾਈ ਸੈਨਾ ਦੇ ਵਿਲੱਖਣ ਤਜਰਬਿਆਂ ਨੂੰ ਬਹੁਤ ਹੀ ਸਰਲ ਭਾਸ਼ਾ ਅਤੇ ਰੌਚਕ ਢੰਗ ਨਾਲ ਪੇਸ਼ ਕੀਤਾ ਹੈ। ਪਾਠਕ ਇਸ ਲਿਖਤ ਤੋਂ ਅਵੱਸ਼ ਲਾਭ ਪ੍ਰਾਪਤ ਕਰਨਗੇ।
-ਡਾ. ਧਰਮਪਾਲ ਸਾਹਿਲ
ਮੋਬਾਈਲ : 9876-169964
ਮਿੱਟੀ ਦੇ ਪੁੱਤ
ਲੇਖਕ : ਭੋਲਾ ਸਿੰਘ ਸੰਘੇੜਾ
ਪ੍ਰਕਾਸ਼ਕ : ਪੁਲਾਂਘ ਪ੍ਰਕਾਸ਼ਨ ਬਰਨਾਲਾ
ਮੁੱਲ : 300 ਰੁਪਏ, ਸਫ਼ੇ : 176
ਸੰਪਰਕ : 98147-87506


18 ਪੁਸਤਕਾਂ ਦੇ ਰਚੇਤਾ ਭੋਲਾ ਸਿੰਘ ਸੰਘੇੜਾ ਦੀ 19ਵੀਂ ਪੁਸਤਕ 'ਮਿੱਟੀ ਦੇ ਪੁੱਤ' ਪ੍ਰਕਾਸ਼ਿਤ ਹੋਈ ਹੈ। ਭੋਲਾ ਸਿੰਘ ਸੰਘੇੜਾ ਦੇ ਆਲੋਚਨਾਤਮਕ ਲੇਖ ਅਤੇ ਪੁਸਤਕ ਦੇ ਤਤਕਰੇ ਅਨੁਸਾਰ 'ਮਿੱਟੀ ਦੇ ਪੁੱਤ' ਕਹਾਣੀ-ਸੰਗ੍ਰਹਿ ਕਿਸਾਨੀ ਜੀਵਨ, ਪੂੰਜੀਵਾਦੀ ਵਿਸ਼ਵੀਕਰਨ ਅਤੇ ਬਦਲਦੇ ਮਾਨਵੀ ਰਿਸ਼ਤਿਆਂ ਦੇ ਕਰੂਰ ਯਥਾਰਥ ਨੂੰ ਪੇਸ਼ ਕਰਦਾ ਇੱਕ ਅਹਿਮ ਦਸਤਾਵੇਜ਼ ਹੈ। ਇਸ ਪੁਸਤਕ ਵਿਚ ਕੁੱਲ 13 ਕਹਾਣੀਆਂ ਸ਼ਾਮਿਲ ਹਨ, ਜੋ ਨਿਮਨ ਅਤੇ ਮੱਧਵਰਗੀ ਕਿਸਾਨੀ ਦੇ ਆਰਥਿਕ ਸੰਕਟਾਂ ਅਤੇ ਮਾਨਸਿਕ ਦਵੰਦਾਂ ਨੂੰ ਬੜੀ ਸੰਜੀਦਗੀ ਨਾਲ ਉਭਾਰਦੀਆਂ ਹਨ।
ਕਥਾਕਾਰ ਭੋਲਾ ਸਿੰਘ ਸੰਘੇੜਾ ਇੱਕ ਜਾਗਦੀ ਜ਼ਮੀਰ ਅਤੇ ਅਗਰਗਾਮੀ ਦ੍ਰਿਸ਼ਟੀ ਵਾਲਾ ਪ੍ਰਤੀਬੱਧ ਲੇਖਕ ਹੈ, ਜਿਸ ਦੀ ਕਲਮ ਸਮਕਾਲੀ ਸਮਾਜਿਕ ਟੁੱਟ-ਭੱਜ ਅਤੇ ਰਿਸ਼ਤਿਆਂ ਦੇ ਭੰਜਨ ਵਿਰੁੱਧ ਬਿਨਾਂ ਝੁਕੇ ਆਵਾਜ਼ ਬੁਲੰਦ ਕਰਦੀ ਹੈ। ਸੰਗ੍ਰਹਿ ਦੀਆਂ ਦੋ ਪ੍ਰਮੁੱਖ ਲੰਬੀਆਂ ਕਹਾਣੀਆਂ 'ਸਰਹੱਦ' ਅਤੇ 'ਨਹੀਂ ਪਾਪਾ ਨਹੀਂ' ਪਰਵਾਸ (ਕੈਨੇਡਾ) ਦੀ ਹੋੜ ਅਤੇ ਪੂੰਜੀਵਾਦੀ ਦੌਰ ਵਿਚ ਸੰਪਤੀ ਆਧਾਰਿਤ ਹੋ ਰਹੇ ਰਿਸ਼ਤਿਆਂ ਦਾ ਜੀਵੰਤ ਸੱਚ ਬਿਆਨ ਕਰਦੀਆਂ ਹਨ।
'ਸਰਹੱਦ' ਕਹਾਣੀ ਜ਼ਮੀਨ ਦੀ ਵੰਡ ਕਾਰਨ ਭਰਾਵਾਂ ਵਿਚ ਉਸਰੀ ਸਰਹੱਦ ਅਤੇ ਕੈਨੇਡੀਅਨ ਰਿਸ਼ਤਿਆਂ ਦੀ ਬੇਚੈਨੀ ਤੋਂ ਬਾਅਦ ਮੁੜ ਭਾਵੁਕ ਤੌਰ 'ਤੇ ਜੁੜਨ ਦੀ ਕਲਾਤਮਕ ਜੁਗਤ ਨੂੰ ਪੇਸ਼ ਕਰਦੀ ਹੈ। ਦੂਜੇ ਪਾਸੇ, 'ਨਹੀਂ ਪਾਪਾ ਨਹੀਂ' ਕਹਾਣੀ ਪੰਜਾਬੀ ਸਮਾਜ ਵਿਚ ਧੀਆਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਕੀਤੀ ਜਾਂਦੀ ਸੌਦੇਬਾਜ਼ੀ ਅਤੇ ਪੂੰਜੀ ਦੀ ਗੁਲਾਮੀ ਵਿਰੁੱਧ ਮੁੱਖ ਪਾਤਰ 'ਸ਼ਰਨਜੀਤ' ਦੀ ਬਾਗੀ ਸੁਰ ਰਾਹੀਂ ਔਰਤ ਚੇਤਨਾ ਅਤੇ ਮਾਨਵੀ ਹੱਕਾਂ ਦੇ ਸੰਘਰਸ਼ ਦਾ ਸਾਰਥਕ ਸੁਨੇਹਾ ਦਿੰਦੀ ਹੈ।
ਇਸ ਤੋਂ ਇਲਾਵਾ 'ਕਬਰਾਂ ਉਡੀਕਦੀਆਂ', 'ਹਾਏ ਓਏ ਦੁੱਲਿਆ', 'ਪੁਨਰ ਜਨਮ', 'ਕੂਕ' ਅਤੇ 'ਸੰਭਾਲ ਲੈ ਮੈਨੂੰ' ਵਰਗੀਆਂ ਕਹਾਣੀਆਂ ਖੇਤੀ-ਸੰਕਟ, ਹਰੀ ਕ੍ਰਾਂਤੀ ਦੇ ਮਾਰੂ ਪ੍ਰਭਾਵਾਂ (ਜਿਵੇਂ ਕੈਂਸਰ, ਜ਼ਹਿਰੀਲਾ ਪਾਣੀ-ਹਵਾ), ਕਰਜ਼ੇ ਦੀ ਮਾਰ ਹੇਠ ਆਈ ਕਿਸਾਨੀ, ਕਾਰਪੋਰੇਟ ਜਗਤ ਵੱਲੋਂ ਜ਼ਮੀਨਾਂ ਐਕਵਾਇਰ ਕੀਤੇ ਜਾਣ ਦਾ ਦੁਖਾਂਤ ਅਤੇ ਕਿਸਾਨਾਂ ਦੇ ਕੰਗਾਲੀਕਰਨ ਦੇ ਇਤਿਹਾਸਕ ਵਰਤਾਰੇ ਨੂੰ ਬਾਖ਼ੂਬੀ ਚਿਤਰਦੀਆਂ ਹਨ। 'ਸਿਉਂਕ' ਅਤੇ 'ਆਹਮੋ-ਸਾਹਮਣੇ' ਵਰਗੀਆਂ ਰਚਨਾਵਾਂ ਅਮੀਰ ਕਿਸਾਨੀ ਦੇ ਹਰਬਿਆਂ ਅਤੇ ਬਜ਼ੁਰਗਾਂ ਪ੍ਰਤੀ ਖ਼ਤਮ ਹੋ ਰਹੀ ਸੰਵੇਦਨਾ 'ਤੇ ਕਰਾਰੀ ਚੋਟ ਕਰਦੀਆਂ ਹਨ। ਜਦਕਿ 'ਉਮਰੋਂ ਲੰਮੇ ਦੁੱਖ', 'ਫ਼ਾਸਲਾ' ਅਤੇ 'ਜ਼ਹਿਰ ਦਾ ਘੁੱਟ' ਔਰਤ ਵਰਗ ਨਾਲ ਹੁੰਦੇ ਅਨਿਆਂ ਅਤੇ ਉਨ੍ਹਾਂ ਦੇ ਮਾਨਵੀ ਅਧਿਕਾਰਾਂ ਦੀ ਗੱਲ ਕਰਦੀਆਂ ਜਾਨਦਾਰ ਕਹਾਣੀਆਂ ਹਨ।
ਭੋਲਾ ਸਿੰਘ ਸੰਘੇੜਾ ਦੀਆਂ ਇਹ ਕਹਾਣੀਆਂ ਮਹਿਜ਼ ਸਤਹੀ ਗਿਆਨ ਨਹੀਂ, ਸਗੋਂ ਸਮਾਜਿਕ ਯਥਾਰਥ ਦੀਆਂ ਮਹੀਨ ਪਰਤਾਂ ਨੂੰ ਫਰੋਲਣ ਵਾਲੀਆਂ ਨੀਤੀਗਤ ਅਤੇ ਵਿਚਾਰਧਾਰਕ ਰਚਨਾਵਾਂ ਹਨ, ਜੋ ਪਾਠਕ ਦੀ ਚੇਤਨਾ ਨੂੰ ਪ੍ਰਚੰਡ ਕਰਦੀਆਂ ਹਨ।
-ਜਸਵਿੰਦਰ ਸਿੰਘ ਕਾਈਨੌਰ,
ਮੇਬਾਈਲ : 98888-42244