ਜਾਤੀ ਜਨਗਣਨਾ ਨੂੰ ਵਿਗਿਆਨਕ, ਪਾਰਦਰਸ਼ੀ ਤੇ ਸਹੀ ਬਣਾਉਣ ਸੰਬੰਧੀ ਰਾਸ਼ਟਰਪਤੀ ਦੇ ਨਾਂ ਡੀ.ਸੀ. ਨੂੰ ਸੌਂਪਿਆ ਮੰਗ ਪੱਤਰ
ਸ਼ਾਹਕੋਟ, 10 ਅਕਤੂਬਰ (ਦਲਜੀਤ ਸਿੰਘ ਸਚਦੇਵਾ)- ਰਾਸ਼ਟਰੀ ਓ. ਬੀ.
ਸ਼ਾਹਕੋਟ, 10 ਅਕਤੂਬਰ (ਦਲਜੀਤ ਸਿੰਘ ਸਚਦੇਵਾ)- ਰਾਸ਼ਟਰੀ ਓ.ਬੀ.ਸੀ ਡਿਪਾਰਟਮੈਂਟ ਦੇ ਚੇਅਰਮੈਨ ਡਾ. ਅਨਿਲ ਜੈ ਹਿੰਦ ਤੇ ਵਾਈਸ ਚੇਅਰਮੈਨ ਕੰਵਰਦੀਪ ਸੈਣੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕੋਆਰਡੀਨੇਟਰ ਓ.ਬੀ.ਸੀ ਬਲਜੀਤ ਸਿੰਘ ਨੰਬਰਦਾਰ, ਬਲਜਿੰਦਰ ਸਿੰਘ ਨੰਬਰਦਾਰ, ਦਿਲਪ੍ਰੀਤ ਸਿੰਘ ਵਾਸੀ ਮੀਏਂਵਾਲ ਅਰਾਈਆਂ, ਸੋਨੀ ਬਜਾਜ ਸ਼ਾਹਕੋਟ ਤੇ ਲਛਮਣ ਸਿੰਘ ਸਰਪੰਚ ਪਿੰਡ ਲਸੂੜੀ ਬਲਾਕ ਸ਼ਾਹਕੋਟ ਵਲੋਂ ਰਾਸ਼ਟਰਪਤੀ ਦੇ ਨਾਂ ਇਕ ਮੰਗ ਪੱਤਰ ਡੀ.ਸੀ ਜਲੰਧਰ ਵਰਜੀਤ ਵਾਲੀਆ ਨੂੰ ਸੌਂਪਿਆ ਗਿਆ। ਮੰਗ ਪੱਤਰ ਰਾਹੀਂ ਆਉਣ ਵਾਲੀ ਜਾਤੀ ਜਨਗਣਨਾ ਨੂੰ ਵਿਗਿਆਨਕ, ਸਹੀ, ਪਾਰਦਰਸ਼ੀ ਅਤੇ ਨੀਤੀ-ਨਿਰਮਾਣ ਲਈ ਪ੍ਰਭਾਵਸ਼ਾਲੀ ਬਣਾਉਣ ਸਬੰਧੀ ਕਈ ਮੰਗਾਂ ਰੱਖੀਆਂ ਗਈਆਂ। ਮੰਗ ਪੱਤਰ ਵਿਚ ਖ਼ਾਸ ਤੌਰ ’ਤੇ ਓ.ਬੀ.ਸੀ ਸ਼੍ਰੇਣੀ ਲਈ ਵੱਖਰੀ ਤੇ ਸਪੱਸ਼ਟ ਸ਼੍ਰੇਣੀ ਬਣਾਉਣ, ਹਰੇਕ ਮਾਨਤਾ ਪ੍ਰਾਪਤ ਜਾਤੀ ਤੇ ਭਾਈਚਾਰੇ ਲਈ ਵਿਲੱਖਣ ਵਿਗਿਆਨਕ ਜਾਤੀ ਕੋਡ ਜਾਰੀ ਕਰਨ ਅਤੇ ਸੂਬਾਵਾਰ ਮਿਆਰੀਕ੍ਰਿਤ ਜਾਤੀਆਂ ਦੀ ਮਾਸਟਰ ਲਿਸਟ ਤਿਆਰ ਕਰਨ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਵੱਖ-ਵੱਖ ਜਾਤੀਆਂ ਅਤੇ ਭਾਈਚਾਰਿਆਂ ਦੇ ਸਮਾਨਾਰਥੀ ਨਾਵਾਂ, ਖੇਤਰੀ ਨਾਵਾਂ, ਉਚਾਰਨ ਅਤੇ ਅੱਖਰਾਂ ਵਿਚ ਮੌਜੂਦ ਅੰਤਰਾਂ ਦੀ ਵਿਗਿਆਨਕ ਢੰਗ ਨਾਲ ਤਸਦੀਕ ਕਰਕੇ ਉਨ੍ਹਾਂ ਨੂੰ ਇੱਕੋ ਮਿਆਰੀ ਜਾਤੀ ਕੋਡ ਨਾਲ ਮੈਪ ਕਰਨ ਦੀ ਵਿਵਸਥਾ ਕਰਨ ਦੀ ਮੰਗ ਕੀਤੀ ਗਈ, ਤਾਂ ਜੋ ਇੱਕੋ ਭਾਈਚਾਰੇ ਦੀ ਆਬਾਦੀ ਵੱਖ-ਵੱਖ ਨਾਵਾਂ ਹੇਠ ਵੰਡੀ ਹੋਈ ਦਰਜ ਨਾ ਹੋਵੇ। ਡਿਜੀਟਲ ਜਨਗਣਨਾ ਪ੍ਰਕਿਰਿਆ ਦੌਰਾਨ ਡਿਜੀਟਲ ਅਸਿਸਟਡ ਸਿਸਟਮ ਤਿਆਰ ਕਰਨ ਦੀ ਵੀ ਮੰਗ ਰੱਖੀ ਗਈ। ਜੇਕਰ ਕੋਈ ਜਾਤੀ ਜਾਂ ਭਾਈਚਾਰਾ ਮਾਸਟਰ ਲਿਸਟ ਵਿਚ ਮੌਜੂਦ ਨਾ ਹੋਵੇ ਤਾਂ ਉਸ ਨੂੰ ਦਰਜ ਕਰਨ ਅਤੇ ਮਾਹਿਰਾਂ ਰਾਹੀਂ ਉਸ ਦੀ ਤਸਦੀਕ ਕਰਨ ਲਈ ਉਚਿਤ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਜਾਤੀ ਜਨਗਣਨਾ ਦੀ ਵਿਧੀ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਸਮਾਜ ਸ਼ਾਸਤਰੀਆਂ, ਐਥਨੋਲੋਜਿਸਟਾਂ, ਵਿਗਿਆਨੀਆਂ, ਅੰਕੜਾ ਮਾਹਿਰਾਂ ਤੇ ਡਾਟਾ ਮੈਨੇਜਮੈਂਟ ਮਾਹਿਰਾਂ ਨੂੰ ਸ਼ਾਮਲ ਕਰਕੇ ਰਾਸ਼ਟਰੀ ਪੱਧਰ ਦੀ ਮਾਹਿਰ ਕਮੇਟੀ ਬਣਾਉਣ ਦੀ ਮੰਗ ਵੀ ਰੱਖੀ ਗਈ। ਮੰਗ ਪੱਤਰ ਵਿਚ ਜਾਤੀ ਅਤੇ ਸਮਾਜਿਕ ਸੰਸਥਾਵਾਂ ਨਾਲ ਸੂਬਾਵਾਰ ਸਲਾਹ-ਮਸ਼ਵਰਾ ਕਰਨ ਦੇ ਨਾਲ-ਨਾਲ ਤੇਲੰਗਾਨਾ ਦੇ ਸੀ.ਪੀ.ਐੱਸ ਸਰਵੇ ਦੇ ਤਜਰਬੇ ਅਤੇ ਵਿਧੀ ਦਾ ਅਧਿਐਨ ਕਰਨ ਦੀ ਅਪੀਲ ਵੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਸਹੀ ਅਤੇ ਭਰੋਸੇਯੋਗ ਜਾਤੀ ਡਾਟਾ ਸਿੱਖਿਆ, ਰੁਜ਼ਗਾਰ, ਆਰਥਿਕ ਸਥਿਤੀ, ਸਰਕਾਰੀ ਭਲਾਈ ਯੋਜਨਾਵਾਂ ਅਤੇ ਸਮਾਜਿਕ ਵਿਕਾਸ ਨਾਲ ਸਬੰਧਿਤ ਨੀਤੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਮਹੱਤਵਪੂਰਨ ਆਧਾਰ ਪ੍ਰਦਾਨ ਕਰ ਸਕਦਾ ਹੈ। ਇਸ ਲਈ ਇਹ ਸਿਰਫ਼ ਡਾਟਾ ਇਕੱਠਾ ਕਰਨ ਦਾ ਮਾਮਲਾ ਨਹੀਂ, ਸਗੋਂ ਇਸ ਦੀ ਸਹੀ ਮਿਆਰੀਕਰਨ, ਤਸਦੀਕ ਅਤੇ ਵਿਗਿਆਨਕ ਵਰਗੀਕਰਨ ਨੂੰ ਵੀ ਯਕੀਨੀ ਬਣਾਉਣਾ ਜ਼ਰੂਰੀ ਹੈ। ਮੰਗ ਪੱਤਰ ਰਾਹੀਂ ਰਾਸ਼ਟਰਪਤੀ ਨੂੰ ਇਸ ਰਾਸ਼ਟਰੀ ਮਹੱਤਤਾ ਵਾਲੇ ਮਾਮਲੇ ਵਿਚ ਯੋਗ ਦਖ਼ਲ-ਅੰਦਾਜ਼ੀ ਕਰਦਿਆਂ ਕੇਂਦਰ ਸਰਕਾਰ ਅਤੇ ਸਬੰਧਿਤ ਅਧਿਕਾਰੀਆਂ ਨੂੰ ਉਪਰੋਕਤ ਸੁਝਾਵਾਂ ’ਤੇ ਵਿਚਾਰ ਕਰਨ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਗਈ।