‘ਬਲੰਦਪੁਰੀ ਸਾਹਿਬ’ ਵਲੋਂ ਕੱਢਿਆ ਗਿਆ ਹਲੇਮੀਆਂ, ਹਮਦਰਦੀਆਂ ਤੇ ਮੁਹੱਬਤਾਂ ਦਾ ਸੁਨੇਹਾ ਦਿੰਦਾ ਪੈਦਲ ਮਾਰਚ
ਜਲੰਧਰ, 5 ਅਕਤੂਬਰ (ਐੱਮ. ਐੱਸ.
ਜਲੰਧਰ, 5 ਅਕਤੂਬਰ (ਐੱਮ. ਐੱਸ. ਲੋਹੀਆ)-ਹਲੇਮੀਆਂ, ਹਮਦਰਦੀਆਂ ਤੇ ਮੁਹੱਬਤਾਂ ਦਾ ਸੁਨੇਹਾ ਦੇਣ ਲਈ ‘ਬਲੰਦਪੁਰੀ ਸਾਹਿਬ’ ਦੀ ਸੰਗਤ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਡਲ ਟਾਊਨ ਤੋਂ ਗੁਰਦੁਆਰਾ ਸ੍ਰੀ ਤੇਗ ਬਹਾਦਰ ਸਾਹਿਬ ਤੱਕ ਪੈਦਲ ਮਾਰਚ ਕੱਢਿਆ ਗਿਆ, ਜਿਸ ’ਚ ਵੱਖ-ਵੱਖ ਇਲਾਕਿਆਂ ਤੋਂ ਪਹੁੰਚੀ ਸੰਗਤ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਸੰਗਤ ਨੇ ਹੱਥਾਂ ’ਚ ਗੁਲਾਬ ਦੇ ਫੁੱਲ, ਬੈਨਰ ਅਤੇ ਸੁਨੇਹੇ ਲੈ ਕੇ ਸ਼ਹਿਰ ਦੀਆਂ ਸੜਕਾਂ ’ਤੇ ਪੈਦਲ ਚੱਲਦਿਆਂ ਲੋਕਾਂ ਨੂੰ ਹਮਦਰਦੀ, ਨਿਮਰਤਾ ਅਤੇ ਪਿਆਰ ਨਾਲ ਜੀਵਨ ਬਤੀਤ ਕਰਨ ਦਾ ਸੰਦੇਸ਼ ਦਿੱਤਾ। ‘ਬਲੰਦਪੁਰੀ ਸਾਹਿਬ’ ਦੇ ਨੁਮਾਇੰਦਿਆਂ ਨੇ ਜਾਣਕਾਰੀ ਦਿੱਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਵੰਬਰ 2024 ’ਚ ‘ਬਲੰਦਪੁਰੀ ਸਾਹਿਬ’ ਤੋਂ ਸ਼ੁਰੂ ਹੋਈ “ਹਲੇਮੀਆਂ, ਹਮਦਰਦੀਆਂ ਤੇ ਮੁਹੱਬਤਾਂ ਦੀ ਲਹਿਰ” ਅੱਜ ਇਕ ਵਿਸ਼ਾਲ ਵਿਸ਼ਵਵਿਆਪੀ ਮੁਹਿੰਮ ਦਾ ਰੂਪ ਧਾਰ ਚੁੱਕੀ ਹੈ। ਮਨੁੱਖਤਾ ਨੂੰ ਪ੍ਰੇਮ, ਨਿਮਰਤਾ, ਹਮਦਰਦੀ, ਸ਼ਾਂਤੀ ਅਤੇ ਆਪਸੀ ਸਾਂਝ ਦਾ ਸੁਨੇਹਾ ਦੇਣ ਵਾਲੀ ਇਸ ਮੁਹਿੰਮ ਨਾਲ ਲੱਖਾਂ ਲੋਕ ਜੁੜ ਚੁੱਕੇ ਹਨ ਅਤੇ ਇਹ ਲਹਿਰ ਦੁਨੀਆ ਦੇ 100 ਤੋਂ ਵੱਧ ਦੇਸ਼ਾਂ ਤੱਕ ਆਪਣੀ ਪਹੁੰਚ ਬਣਾ ਚੁੱਕੀ ਹੈ। ਇਸ ਮੁਹਿੰਮ ਤਹਿਤ ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਇਟਲੀ, ਭਾਰਤ ਸਮੇਤ ਵੱਖ-ਵੱਖ ਦੇਸ਼ਾਂ ’ਚ ਹੁਣ ਤੱਕ 7 ਵਿਸ਼ਵ ਕਾਨਫਰੰਸਾਂ ਕਰਵਾਈਆਂ ਜਾ ਚੁੱਕੀਆਂ ਹਨ ਅਤੇ ਹਰ ਮਹੀਨੇ ਦੁਨੀਆਂ ਦੇ ਵੱਖ-ਵੱਖ ਸ਼ਹਿਰਾਂ ’ਚ ਪੈਦਲ ਮਾਰਚ ਕੱਢੇ ਜਾ ਰਹੇ ਹਨ। ਇਸੇ ਲੜੀ ਤਹਿਤ ਇਸ ਹਫ਼ਤੇ ਦੁਨੀਆਂ ਦੇ ਲਗਭਗ 70 ਵੱਡੇ ਸ਼ਹਿਰਾਂ ’ਚ ਪੈਦਲ ਮਾਰਚ ਕੱਢੇ ਗਏ ਹਨ।