ਨਾਲੇ ਦੀ ਜਗ੍ਹਾ ਨੂੰ ਪੂਰ ਕੇ ਰਸਤਾ ਬਣਾਉਣ ਦੀ ‘ਆਪ’ ਕੌਂਸਲਰ ਮਿੰਟੂ ਜੁਨੇਜਾ ਨੇ ਨਗਰ ਨਿਗਮ ਨੂੰ ਕੀਤੀ ਸ਼ਿਕਾਇਤ
ਜਲੰਧਰ, 29 ਸਤੰਬਰ (ਸ਼ਿਵ)- ਸੁਭਾਨਾ ਅੰਡਰਪਾਥ ਨੇੜੇ ਨਾਲੇ ਦੇ ਉੱਪਰ ਇਕ ਕੋਠੀ ਦਾ ਰਸਤਾ ਬਣਾਏ ਜਾਣ ਦਾ ਦੋਸ਼ ਲਗਾਇਆ ਗਿਆ ਹੈ। ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 24 ਦੇ ਕੌਂਸਲਰ ਮਿੰਟੂ ਜੁਨੇਜਾ ਨੇ ਇਸ ਸਬੰਧੀ ਨਗਰ ਨਿਗਮ ਨੂੰ ਸ਼ਿਕਾਇਤ ਦੇ ਕੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਜਲੰਧਰ, 29 ਸਤੰਬਰ (ਸ਼ਿਵ)- ਸੁਭਾਨਾ ਅੰਡਰਪਾਥ ਨੇੜੇ ਨਾਲੇ ਦੇ ਉੱਪਰ ਇਕ ਕੋਠੀ ਦਾ ਰਸਤਾ ਬਣਾਏ ਜਾਣ ਦਾ ਦੋਸ਼ ਲਗਾਇਆ ਗਿਆ ਹੈ। ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 24 ਦੇ ਕੌਂਸਲਰ ਮਿੰਟੂ ਜੁਨੇਜਾ ਨੇ ਇਸ ਸਬੰਧੀ ਨਗਰ ਨਿਗਮ ਨੂੰ ਸ਼ਿਕਾਇਤ ਦੇ ਕੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਕੋਠੀ ਤੱਕ ਜਾਣ ਲਈ ਨਾਲੇ ਦੀ ਜਗ੍ਹਾ ਨੂੰ ਪੂਰ ਕੇ ਰਸਤਾ ਬਣਾਇਆ ਗਿਆ ਹੈ, ਜੋ ਨਿਯਮਾਂ ਦੇ ਉਲਟ ਹੈ। ਕੌਂਸਲਰ ਮਿੰਟੂ ਜੁਨੇਜਾ ਦਾ ਕਹਿਣਾ ਹੈ ਕਿ ਕੋਠੀ ਦੀ ਜ਼ਮੀਨ ਦੀ ਰਜਿਸਟਰੀ ਹੋਈ ਹੈ, ਪਰ ਨਾਲੇ ਦੀ ਜਗ੍ਹਾ ’ਤੇ ਰਸਤਾ ਬਣਾਉਣ ਦੀ ਇਜਾਜ਼ਤ ਨਹੀਂ ਹੈ ਤੇ ਨਗਰ ਨਿਗਮ ਨੂੰ ਇਸ ਬਾਰੇ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਅਨੁਸਾਰ ਨਾਲੇ ਨੂੰ ਪੂਰ ਕੇ ਰਸਤਾ ਕੱਢੇ ਜਾਣ ਦੇ ਮਾਮਲੇ ਦੀ ਜਾਂਚ ਹੋਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਮਾਮਲੇ ਸਬੰਧੀ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੇ ਏ.ਟੀ.ਪੀ. ਸੰਦੀਪ ਕੋਲ ਕਈ ਵਾਰ ਰਿਕਾਰਡ ਮੁਹੱਈਆ ਕਰਵਾਉਣ ਅਤੇ ਮਾਮਲੇ ਦੀ ਜਾਣਕਾਰੀ ਦੇਣ ਦੀ ਗੱਲ ਕਰ ਚੁੱਕੇ ਹਨ। ਉਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਸਬੰਧਤ ਜਗ੍ਹਾ ਦਾ ਮਾਲ ਵਿਭਾਗ ਤੋਂ ਰਿਕਾਰਡ ਮੰਗਵਾਇਆ ਜਾ ਰਿਹਾ ਹੈ, ਪਰ ਅਜੇ ਤੱਕ ਇਹ ਮਾਮਲਾ ਹੱਲ ਨਹੀਂ ਹੋਇਆ। ਮਿੰਟੂ ਜੁਨੇਜਾ ਨੇ ਮੰਗ ਕੀਤੀ ਕਿ ਨਗਰ ਨਿਗਮ ਵਲੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਸਪੱਸ਼ਟ ਕੀਤਾ ਜਾਵੇ ਕਿ ਕੋਠੀ ਦਾ ਰਸਤਾ ਜਿਸ ਜਗ੍ਹਾ ਤੋਂ ਕੱਢਿਆ ਗਿਆ ਹੈ, ਉਹ ਨਿੱਜੀ ਜ਼ਮੀਨ ਹੈ ਜਾਂ ਸਰਕਾਰੀ ਨਾਲੇ ਦੀ ਜਗ੍ਹਾ ਹੈ, ਇਸ ਮਾਮਲੇ ਨੂੰ ਲੈ ਕੇ ਇਲਾਕੇ ਵਿਚ ਚਰਚਾ ਵੀ ਤੇਜ਼ ਹੋ ਗਈ ਹੈ। ਜੇਕਰ ਜਾਂਚ ਦੌਰਾਨ ਇਹ ਸਾਹਮਣੇ ਆਉਂਦਾ ਹੈ ਕਿ ਨਾਲੇ ਦੀ ਜਗ੍ਹਾ ਨੂੰ ਪੂਰ ਕੇ ਰਸਤਾ ਬਣਾਇਆ ਗਿਆ ਹੈ ਤਾਂ ਆਉਣ ਵਾਲੇ ਬਰਸਾਤੀ ਮੌਸਮ ਵਿਚ ਇਸ ਨਾਲ ਨਾਲੇ ਦੇ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ।