ਜਲੰਧਰ, 25 ਅਗਸਤ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੀਆਂ 30 ਅਗਸਤ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਨਾਮਜ਼ਦਗੀ ਵਾਪਸ ਲੈਣ ਦਾ ਮੰਗਲਵਾਰ ਆਖਰੀ ਦਿਨ ਸੀ ਪਰ ਅੱਜ ਕਿਸੇ ਵੀ ਉਮੀਦਵਾਰ ਵਲੋਂ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਨਹੀਂ ਲਏ ਗਏ, ਜਿਸ ਕਾਰਨ ਹੁਣ ਕੁੱਲ 24 ਉਮੀਦਵਾਰ ਚੋਣ ਮੈਦਾਨ ’ਚ ਰਹਿ ਗਏ ਹਨ। ਜਿਨ੍ਹਾਂ ’ਚ ਸੈਕਟਰੀ ਦੇ ਅਹੁਦੇ ਲਈ 3, ਜੂਨੀਅਰ ਮੀਤ ਪ੍ਰਧਾਨ ਤੇ ਖਜ਼ਾਨਚੀ ਲਈ 2-2 ਉਮੀਦਵਾਰ ਅਤੇ 10 ਮੈਂਬਰੀ ਐਗਜ਼ੈਕਟਿਵ ਕਮੇਟੀ ਲਈ 16 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਜਦਕਿ ਜੁਆਇੰਟ ਸੈਕਟਰੀ ਦੇ ਅਹੁਦੇ ਲਈ ਅਚੀਵਰਜ਼ ਗਰੁੱਪ ਦੇ ਉਮੀਦਵਾਰ ਹਰਪ੍ਰੀਤ ਸਿੰਘ ਗੋਲਡੀ ਦਾ ਜਿੱਤਣਾ ਤੈਅ ਹੈ, ਕਿਉਂਕਿ ਉਨ੍ਹਾਂ ਦੀ ਵਿਰੋਧੀ ਪ੍ਰੋਗਰੈਸਿਵ ਗਰੁੱਪ ਦੀ ਉਮੀਦਵਾਰ ਮੈਡਮ ਅਨੂੰ ਮਾਟਾ ਨੇ ਬੀਤੇ ਕੱਲ੍ਹ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈ ਲਏ ਸਨ ਤੇ ਇਸ ਤਰ੍ਹਾਂ ਹਰਪ੍ਰੀਤ ਸਿੰਘ ਗੋਲਡੀ ਦੀ ਨਿਰਵਿਰੋਧ ਜਿੱਤ ਪੱਕੀ ਸਮਝੀ ਜਾ ਰਹੀ ਹੈ। ਓਧਰ ਚੋਣ ਅਧਿਕਾਰੀ ਵਲੋਂ ਅੱਜ ਉਮੀਦਵਾਰਾਂ ਨੂੰ ਚੋਣਾਂ ਸੰਬੰਧੀ ਨੰਬਰ ਵੀ ਅਲਾਟ ਕਰ ਦਿੱਤੇ ਗਏ ਹਨ ਤੇ ਐਗਜ਼ੈਕਟਿਵ ਕਮੇਟੀ ਲਈ ਉਮੀਦਵਾਰਾਂ ਨੂੰ ਇਕ ਤੋਂ ਲੈ ਕੇ 16 ਨੰਬਰ ਅਲਾਟ ਕੀਤੇ ਗਏ ਹਨ। ਹਾਲਾਂਕਿ ਇਨ੍ਹਾਂ ਨੰਬਰਾਂ ਦੇ ਨਾਲ ਉਮੀਦਵਾਰਾਂ ਦੇ ਨਾਂ ਵੀ ਵੋਟ ਪਰਚੀ ’ਤੇ ਲਿਖੇ ਜਾਣਗੇ ਪਰ ਇਹ ਨੰਬਰ ਉਮੀਦਵਾਰਾਂ ਨੂੰ ਇਕ ਵੱਖਰੀ ਪਛਾਣ ਦੇਣਗੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਨ੍ਹਾਂ ਚੋਣਾਂ ’ਚ ਜਿੱਥੇ ਪ੍ਰੋਗਰੈਸਿਵ ਤੇ ਅਚੀਵਰਜ਼ ਗਰੁੱਪ ਆਹਮੋ-ਸਾਹਮਣੇ ਹਨ, ਉੱਥੇ ਇਕੋ ਇਕ ਆਜ਼ਾਦ ਉਮੀਦਵਾਰ ਮਾਈਕਲ ਓਹਰੀ ਸੈਕਟਰੀ ਦੇ ਅਹੁਦੇ ਦੀ ਚੋਣ ਲੜ ਰਹੇ ਹਨ। ਜਦਕਿ ਅਚੀਵਰਜ਼ ਵਲੋਂ ਅਮਿਤ ਕੁਕਰੇਜਾ ਤੇ ਪ੍ਰੋਗਰੈਸਿਵ ਗਰੁੱਪ ਵਲੋਂ ਵਿਜੇ ਸਹਿਦੇਵ ਸੈਕਟਰੀ ਦੇ ਅਹੁਦੇ ਦੀ ਚੋਣ ਲੜ ਰਹੇ ਹਨ ਪਰ ਆਜ਼ਾਦ ਉਮੀਦਵਾਰ ਮਾਈਕਲ ਓਹਰੀ ਦੇ ਆਉਣ ਨਾਲ ਮੁਕਾਬਲਾ ਤਿਕੋਣਾ ਹੋ ਗਿਆ ਹੈ। ਜਦਕਿ ਜੂਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਅਚੀਵਰਜ਼ ਗਰੁੱਪ ਦੇ ਧੀਰਜ ਸੇਠ ਤੇ ਪ੍ਰੋਗਰੈਸਿਵ ਗਰੁੱਪ ਦੇ ਐਡ. ਦਲਜੀਤ ਸਿੰਘ ਛਾਬੜਾ ਵਿਚਕਾਰ ਸਿੱਧਾ ਮੁਕਾਬਲਾ ਹੋਵੇਗਾ। ਇਸੇ ਤਰ੍ਹਾਂ ਖਜ਼ਾਨਚੀ ਦੇ ਅਹੁਦੇ ਲਈ ਵੀ ਅਚੀਵਰਜ਼ ਗਰੁੱਪ ਦੇ ਸੌਰਭ ਖੁੱਲ੍ਹਰ ਤੇ ਪ੍ਰੋਗਰੈਸਿਵ ਗਰੁੱਪ ਦੇ ਗੁਰਦਰਸ਼ਨ ਸਿੰਘ ਕੋਛੜ ਵਿਚਕਾਰ ਸਿੱਧੀ ਟੱਕਰ ਹੋਵੇਗੀ। ਓਧਰ 10 ਐਗਜ਼ੈਕਟਿਵ ਕਮੇਟੀ ਲਈ ਅਚੀਵਰਜ਼ ਗਰੁੱਪ ਵਲੋਂ ਨਿਤਨ ਬਹਿਲ, ਮਹਿੰਦਰ ਸਿੰਘ, ਸ਼ਾਲਿਨੀ ਕਾਲੜਾ, ਸੀ. ਏ. ਰਾਜੀਵ ਬਾਂਸਲ, ਅਤੁਲ ਤਲਵਾੜ, ਵਿੰਨੀ ਸ਼ਰਮਾ ਧਵਨ, ਐਮ. ਬੀ. ਬਾਲੀ, ਜ਼ੂਬਿਨ ਸ਼ੰਗਾਰੀ ਤੇ ਰਿਸ਼ੂ ਝਾਂਜੀ ਚੋਣ ਲੜ ਰਹੇ ਹਨ, ਜਦਕਿ ਪ੍ਰੋਗਰੈਸਿਵ ਗਰੁੱਪ ਨੇ ਪ੍ਰੋ. ਵਿਪਨ ਝਾਂਜੀ, ਸ਼ਾਲੀਨ ਜੋਸ਼ੀ, ਐਡਵੋਕੇਟ ਤਰਨਜੋਤ ਸਿੰਘ ਸਿਡਾਨਾ, ਕੈਪਟਨ ਰਮਨ ਸਿੰਘ,ਜਸਮੀਤ ਛਾਬੜਾ, ਗਗਨਦੀਪ ਉੱਪਲ ਤੇ ਮਨਿਦੰਰ ਸਿੰਘ ਬੇਦੀ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਤੇਜ਼- ਜਿਮਖਾਨ ਕਲੱਬ ਦੀਆਂ ਚੋਣਾਂ ’ਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੁੱਖ ਮੁਕਾਬਲਾ ਅਚੀਵਰਜ਼ ਤੇ ਪ੍ਰੋਗਰੈਸਿਵ ਦੋਵਾਂ ਗਰੁੱਪਾਂ ਵਿਚਾਲੇ ਹੀ ਹੋ ਰਿਹਾ ਹੈ। ਇਨ੍ਹਾਂ ਦੋਵਾਂ ਗਰੁੱਪਾਂ ਦੇ ਉਮੀਦਵਾਰਾਂ ਵਲੋਂ ਆਪੋ-ਆਪਣੇ ਪੱਧਰ ’ਤੇ ਚੋਣ ਪ੍ਰਚਾਰ ਵੀ ਤੇਜ਼ ਕਰ ਦਿੱਤਾ ਗਿਆ ਹੈ। ਅੱਜ ਉਮੀਦਵਾਰਾਂ ਨੂੰ ਚੋਣ ਨੰਬਰ ਮਿਲਣ ਤੋਂ ਬਾਅਦ ਉਨ੍ਹਾਂ ਨੇ ਹੁਣ ਇਨ੍ਹਾਂ ਨੰਬਰਾਂ ਦੇ ਨਾਲ ਸ਼ੋਸ਼ਲ ਮੀਡੀਆ ’ਤੇ ਪੋਸਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੌਰਾਨ ਦੋਵਾਂ ਗਰੁੱਪਾਂ ਦੇ ਉਮੀਦਵਾਰਾਂ ਵਲੋਂ ਜਿੱਥੇ ਚੋਣ ਪ੍ਰਚਾਰ ਲਈ ਸ਼ੋਸ਼ਲ ਮੀਡੀਆ ਦਾ ਸਹਾਰਾ ਲਿਆ ਜਾ ਰਿਹਾ ਹੈ, ਉੱਥੇ ਬਹੁਤੇ ਉਮੀਦਵਾਰਾਂ ਵਲੋਂ ਕਲੱਬ ਮੈਂਬਰਾਂ ਨਾਲ ਸਿੱਧੇ ਤੌਰ ’ਤੇ ਵੀ ਰਾਬਤਾ ਕਾਇਮ ਕਰਕੇ ਆਪਣੇ ਹੱਕ ’ਚ ਵੋਟਾਂ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਕਈ ਉਮੀਦਵਾਰਾਂ ਵਲੋਂ ਕਲੱਬ ਮੈਂਬਰਾਂ ਨੂੰ ਜਿੱਥੇ ਪਾਰਟੀਆਂ ’ਚ ਬੁਲਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ, ਉੱਥੇ ਕਈ ਉਮੀਦਵਾਰ ਫੋਨਾਂ ਅਤੇ ਨਿੱਜੀ ਤੌਰ ’ਤੇ ਮੁਲਾਕਾਤ ਕਰਕੇ ਉਨ੍ਹਾਂ ਕੋਲੋਂ ਸਮਰਥਨ ਮੰਗ ਰਹੇ ਹਨ। ਇੱਥੇ ਦੱਸਣਯੋਗ ਹੈ ਕਿ ਜਿਮਖਾਨਾ ਕਲੱਬ ਦੀਆਂ ਚੋਣਾਂ ਲਈ ਵੋਟਾਂ 30 ਅਗਸਤ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀਂ 5 ਵਜੇ ਤੱਕ ਪਾਈਆਂ ਜਾਣਗੀਆਂ ’ਤੇ ਉਸੇ ਰਾਤ ਨੂੰ ਨਤੀਜੇ ਵੀ ਐਲਾਨ ਦਿੱਤੇ ਜਾਣਗੇ।
ਸੈਕਟਰੀ ਦੇ ਅਹੁਦੇ ਲਈ ਤਿਕੋਣੀ ਤੇ ਬਾਕੀਆਂ ’ਤੇ ਸਿੱਧੀ ਟੱਕਰ
ਜਲੰਧਰ, 25 ਅਗਸਤ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੀਆਂ 30 ਅਗਸਤ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਨਾਮਜ਼ਦਗੀ ਵਾਪਸ ਲੈਣ ਦਾ ਮੰਗਲਵਾਰ ਆਖਰੀ ਦਿਨ ਸੀ ਪਰ ਅੱਜ ਕਿਸੇ ਵੀ ਉਮੀਦਵਾਰ ਵਲੋਂ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਨਹੀਂ ਲਏ ਗਏ, ਜਿਸ ਕਾਰਨ ਹੁਣ ਕੁੱਲ 24 ਉਮੀਦਵਾਰ ਚੋਣ ਮੈਦਾਨ ’ਚ ਰਹਿ ਗਏ ਹਨ। ਜਿਨ੍ਹਾਂ ’ਚ ਸੈਕਟਰੀ ਦੇ ਅਹੁਦੇ ਲਈ 3, ਜੂਨੀਅਰ ਮੀਤ ਪ੍ਰਧਾਨ ਤੇ ਖਜ਼ਾਨਚੀ ਲਈ 2-2 ਉਮੀਦਵਾਰ ਅਤੇ 10 ਮੈਂਬਰੀ ਐਗਜ਼ੈਕਟਿਵ ਕਮੇਟੀ ਲਈ 16 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਸੌਰਭ ਖੁੱਲ੍ਹਰ ਤੇ ਗੁਰਦਰਸ਼ਨ ਸਿੰਘ ਕੋਛੜ-ਖਜ਼ਾਨਚੀ।
ਪ੍ਰੋਗਰੈਸਿਵ ਗਰੁੱਪ ਦੇ ਐਗਜ਼ੈਕਟਿਵ ਕਮੇਟੀ ਉਮੀਦਵਾਰ।
26-08-2026