ਪਿੰਡ ਨੂਰਪੁਰ ਦੀ ਦਾਣਾ ਮੰਡੀ ’ਚ ਗੁੰਡਾਗਰਦੀ, ਨੌਜਵਾਨਾਂ ਨੇ ਮਜ਼ਦੂਰਾਂ ਨੂੰ ਬੁਰੀ ਤਰ੍ਹਾਂ ਕੱਟਿਆ
ਜ਼ੀਰਾ, 27 ਅਕਤੂਬਰ (ਰਜਨੀਸ਼ ਕਥੂਰੀਆ)- ਥਾਣਾ ਸਦਰ ਜ਼ੀਰਾ ਦੇ ਅਧੀਨ ਪੈਂਦੇ ਪਿੰਡ ਨੂਰਪੁਰ ਵਿਖੇ ਸਥਿਤ ਦਾਣਾ ਮੰਡੀ ਵਿਚ ਇਕ ਕਿਸਾਨ ਵਲੋਂ ਗੁੰਡਿਆਂ ਨੂੰ ਬੁਲਾ ਕੇ ਮਜ਼ਦੂਰਾਂ ਦਾ ਕੁਟਾਪਾ ਚੜਵਾਏ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਦੌਰਾਨ 7 ਮਜ਼ਦੂਰ ਜ਼ਖਮੀ ਹੋ ਗਏ।
ਜ਼ੀਰਾ, 27 ਅਕਤੂਬਰ (ਰਜਨੀਸ਼ ਕਥੂਰੀਆ)- ਥਾਣਾ ਸਦਰ ਜ਼ੀਰਾ ਦੇ ਅਧੀਨ ਪੈਂਦੇ ਪਿੰਡ ਨੂਰਪੁਰ ਵਿਖੇ ਸਥਿਤ ਦਾਣਾ ਮੰਡੀ ਵਿਚ ਇਕ ਕਿਸਾਨ ਵਲੋਂ ਗੁੰਡਿਆਂ ਨੂੰ ਬੁਲਾ ਕੇ ਮਜ਼ਦੂਰਾਂ ਦਾ ਕੁਟਾਪਾ ਚੜਵਾਏ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਦੌਰਾਨ 7 ਮਜ਼ਦੂਰ ਜ਼ਖਮੀ ਹੋ ਗਏ। ਸਿਵਲ ਹਸਪਤਾਲ ਜ਼ੀਰਾ ਵਿਖੇ ਇਲਾਜ ਅਧੀਨ ਰਾਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਬਸਤੀ ਪੂਰਨ ਸਿੰਘ ਵਾਲੀ ਜ਼ੀਰਾ ਨੇ ਦੱਸਿਆ ਕਿ ਉਹ ਪਿੰਡ ਨੂਰਪੁਰ ਵਿਖੇ ਇਕ ਆੜਤ ’ਤੇ ਚੌਧਰੀ ਦਾ ਕੰਮ ਕਰਦਾ ਹੈ। ਪਿੰਡ ਨੂਰਪੁਰ ਦਾ ਹੀ ਇਕ ਕਿਸਾਨ ਆਪਣਾ ਝੋਨਾ ਤੁਲਵਾਉਣ ਲਈ ਆੜਤ ’ਤੇ ਲੈ ਕੇ ਆਇਆ। ਉਸ ਸਮੇਂ ਅਸੀਂ ਚਾਹ ਪੀ ਰਹੇ ਸੀ ਤਾਂ ਸਾਨੂੰ ਕਿਸਾਨ ਕਹਿਣ ਲੱਗਾ ਕਿ ਚਾਹ ਪੀਣੀ ਬੰਦ ਕਰਕੇ ਪਹਿਲਾਂ ਮੇਰਾ ਝੋਨਾ ਮੰਡੀ ਦੇ ਫੜ ’ਤੇ ਉਤਾਰੋ। ਰਾਜਿੰਦਰ ਸਿੰਘ ਨੇ ਦੱਸਿਆ ਕਿ ਇਸ ਗੱਲ ਨੂੰ ਲੈ ਕੇ ਮਾਮੂਲੀ ਬਹਿਸ ਹੋ ਗਈ ਤਾਂ ਕੁਝ ਸਮੇਂ ਬਾਅਦ ਕਿਸਾਨ ਨੇ ਫੋਨ ਕਰਕੇ ਬਦਮਾਸ਼ ਕਿਸਮ ਦੇ ਨੌਜਵਾਨ ਬੁਲਾ ਲਏ। 20-25 ਦੀ ਗਿਣਤੀ ਵਿਚ ਬਦਮਾਸ਼ ਗੱਡੀਆਂ ਤੇ ਹਥਿਆਰਾਂ ਨਾਲ ਲੈਸ ਹੋ ਕੇ ਆਏ ਜਿਨ੍ਹਾਂ ਨੇ ਆਉਂਦਿਆਂ ਹੀ ਹਥਿਆਰਾਂ ਨਾਲ ਸਾਡਾ ਕੁਟਾਪਾ ਚਾੜਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਸ ਤੋਂ ਇਲਾਵਾ ਉਸ ਦੇ ਸਾਥੀ ਚਾਨਣ ਸਿੰਘ ਪੁੱਤਰ ਲਾਲ ਸਿੰਘ ਵਾਸੀ ਪਿੰਡ ਦੌਲਤਪੁਰਾ,ਗੋਲਡੀ ਪੁੱਤਰ ਸਤਪਾਲ ਸਿੰਘ ਵਾਸੀ ਜ਼ੀਰਾ, ਪਵਨਦੀਪ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਪਿੰਡ ਦੌਲਤਪੁਰਾ, ਸੁੱਖਾ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਦੌਲਤਪੁਰਾ ਤੇ ਵਰਿੰਦਰ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਮੁੱਦਕੀ ਤੋਂ ਇਲਾਵਾ ਪਵਨਪ੍ਰੀਤ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਪਿੰਡ ਦੌਲਤਪੁਰਾ ਜ਼ਖਮੀ ਹੋ ਗਏ। ਪਵਨਪ੍ਰੀਤ ਸਿੰਘ ਦੀ ਹਾਲਤ ਗੰਭੀਰ ਹੋਣ ਕਰਕੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਹੈ। ਇਸ ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਇਸ ਸਬੰਧ ਵਿਚ ਜਦੋਂ ਥਾਣਾ ਸਦਰ ਜ਼ੀਰਾ ਦੇ ਐਸ. ਐਚ. ਓ. ਕਸ਼ਮੀਰ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਉਹਨਾਂ ਨੇ ਫੋਨ ਅਟੈਂਡ ਕਰਨਾ ਮੁਨਾਸਿਬ ਨਾ ਸਮਝਿਆ।