ਦਿੱਲੀ ਮੈਟਰੋ ਵਿਚ ਮਿਲੇ ਸਰਕਾਰ ਵਿਰੋਧੀ ਪੋਸਟਰ, ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ
ਨਵੀਂ ਦਿੱਲੀ, 24 ਅਕਤੂਬਰ (ਜਗਤਾਰ ਸਿੰਘ)- ਦਿੱਲੀ ਮੈਟਰੋ ਦੀ ਏਅਰਪੋਰਟ ਐਕਸਪ੍ਰੈੱਸ ਲਾਈਨ ‘ਤੇ ਇੱਕ ਟ੍ਰੇਨ ਦੇ ਅੰਦਰ ਸਰਕਾਰ ਵਿਰੋਧੀ ਪੋਸਟਰ ਲੱਗੇ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਐਫ. ਆਈ.
ਨਵੀਂ ਦਿੱਲੀ, 24 ਅਕਤੂਬਰ (ਜਗਤਾਰ ਸਿੰਘ)- ਦਿੱਲੀ ਮੈਟਰੋ ਦੀ ਏਅਰਪੋਰਟ ਐਕਸਪ੍ਰੈੱਸ ਲਾਈਨ ‘ਤੇ ਇੱਕ ਟ੍ਰੇਨ ਦੇ ਅੰਦਰ ਸਰਕਾਰ ਵਿਰੋਧੀ ਪੋਸਟਰ ਲੱਗੇ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੀ ਸ਼ਿਕਾਇਤ ‘ਤੇ ਪੁਲਿਸ ਨੇ ‘ਦਿੱਲੀ ਪਬਲਿਕ ਪ੍ਰਾਪਰਟੀ ਡਿਫੇਸਮੈਂਟ ਐਕਟ’ ਅਤੇ ‘ਮੈਟਰੋ ਰੇਲਵੇ ਐਕਟ’ ਤਹਿਤ ਕੇਸ ਦਰਜ ਕਰ ਲਿਆ ਹੈ। ਦਰਅਸਲ ਦਿੱਲੀ ਮੈਟਰੋ ਦੀ ਏਅਰਪੋਰਟ ਐਕਸਪ੍ਰੈੱਸ ਲਾਈਨ ਦੀ ਇੱਕ ਟ੍ਰੇਨ ਦੇ ਅੰਦਰ ਕੇਂਦਰ ਸਰਕਾਰ ਦੇ ਕੰਮਕਾਜ ‘ਤੇ ਸਵਾਲ ਚੁੱਕਣ ਵਾਲੇ ਦੋ ਪੋਸਟਰ ਲੱਗੇ ਮਿਲੇ ਸਨ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਦਿੱਲੀ ਪੁਲਿਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਐੱਫ਼.ਆਈ.ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਵਿੱਚ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਵੀ ਸ਼ਾਮਲ ਹੋ ਗਈ ਹੈ। ਇਹ ਮਾਮਲਾ 20 ਅਕਤੂਬਰ, 2026 ਦਾ ਹੈ, ਜਦੋਂ ਦਿੱਲੀ ਮੈਟਰੋ ਦੇ ਇੱਕ ਟ੍ਰੇਨ ਆਪਰੇਟਰ ਤਰੁਣ ਚੌਧਰੀ ਨਵੀਂ ਦਿੱਲੀ ਸਟੇਸ਼ਨ ਤੋਂ ਯਸ਼ੋਭੂਮੀ ਸਟੇਸ਼ਨ ਜਾ ਰਹੇ ਸਨ। ਟ੍ਰੇਨ ਦੇ ਅੰਦਰ ਨਿਰੀਖਣ ਕਰਦੇ ਸਮੇਂ ਉਨ੍ਹਾਂ ਨੂੰ ਇਕ ਸੀਟ ‘ਤੇ ਏ-4 ਸਾਈਜ਼ ਦੇ ਦੋ ਬਲੈਕ-ਐਂਡ-ਵਾਈਟ ਪੋਸਟਰ ਚਿਪਕੇ ਹੋਏ ਮਿਲੇ ਸਨ। ਇਨ੍ਹਾਂ ਪੋਸਟਰਾਂ ‘ਤੇ ਪਿਛਲੇ ਕੁਝ ਸਾਲਾਂ ਵਿਚ ਦੇਸ਼ ਵਿਚ ਹੋਏ ਬਦਲਾਵਾਂ ਤੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ 9 ਵੱਡੇ ਸਵਾਲ ਕੀਤੇ ਗਏ ਸਨ। ਪੋਸਟਰਾਂ ਉੱਪਰ ਇੱਕ ਕਿਯੂ ਆਰ ਕੋਡ ਵੀ ਛਪਿਆ ਹੋਇਆ ਸੀ, ਜਿਸ ਨੂੰ ਸਕੈਨ ਕਰਕੇ ਯਾਤਰੀਆਂ ਨੂੰ ਇੱਕ ਔਨਲਾਈਨ ਵੱਟਸਐਪ ਗਰੁੱਪ ਨਾਲ ਜੁੜਨ ਦਾ ਸੱਦਾ ਦਿੱਤਾ ਗਿਆ ਸੀ।ਪੁਲਿਸ ਨੇ ਪੋਸਟਰਾਂ ਨੂੰ ਜ਼ਬਤ ਕਰ ਲਿਆ ਹੈ। ‘ਦਿੱਲੀ ਪ੍ਰੀਵੈਂਸ਼ਨ ਆਫ਼ ਡਿਫੇਸਮੈਂਟ ਆਫ਼ ਪਬਲਿਕ ਪ੍ਰਾਪਰਟੀ ਐਕਟ’ ਤੇ ‘ਮੈਟਰੋ ਰੇਲਵੇ ਐਕਟ, 2002’ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਪੁਲਿਸ ਤੇ ਸੁਰੱਖਿਆ ਏਜੰਸੀਆਂ ਮੈਟਰੋ ਸਟੇਸ਼ਨਾਂ ਦੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਪੋਸਟਰ ਚਿਪਕਾਉਣ ਵਾਲੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।