ਗੈਸਟ ਟੀਚਰਾਂ ਨੇ ਇਨਸਾਫ਼ ਦੀ ਮੰਗ ਕਰਦਿਆਂ ਸਿਰਸਾ ਤੋਂ ਨਿਆਂ ਯਾਤਰਾ ਕੀਤੀ ਸ਼ੁਰੂ
ਸਿਰਸਾ, 22 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਗੈਸਟ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਿਰਸਾ ਤੋਂ ਨਿਆਂ ਯਾਤਰਾ ਸ਼ੁਰੂ ਕੀਤੀ। ਇਹ ਯਾਤਰਾ ਮਿੰਨੀ ਸਕੱਤਰੇਤ ਤੋਂ ਰਾਜਰਾਣੀ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਨਾਲ ਸ਼ੁਰੂ ਹੋਈ।
ਸਿਰਸਾ, 22 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਗੈਸਟ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਿਰਸਾ ਤੋਂ ਨਿਆਂ ਯਾਤਰਾ ਸ਼ੁਰੂ ਕੀਤੀ। ਇਹ ਯਾਤਰਾ ਮਿੰਨੀ ਸਕੱਤਰੇਤ ਤੋਂ ਰਾਜਰਾਣੀ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਨਾਲ ਸ਼ੁਰੂ ਹੋਈ। ਇਸ ਯਾਤਰਾ ਦੌਰਾਨ ਗੈਸਟ ਅਧਿਆਪਕਾਂ ਨੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਮਿੰਨੀ ਸਕੱਤਰੇਤ ਤੋਂ ਬੱਸ ਸਟੈਂਡ ਤੱਕ ਪੈਦਲ ਮਾਰਚ ਕੀਤਾ। ਇਹ ਯਾਤਰਾ ਰਾਜ ਭਰ ਦੇ ਗੈਸਟ ਟੀਚਰਾਂ ਨੂੰ ਇੱਕਜੁੱਟ ਕਰਨ, ਉਨ੍ਹਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣ ਤੇ ਅਦਾਲਤੀ ਫੈਸਲਿਆਂ ਨੂੰ ਲਾਗੂ ਕਰਨ ਦੇ ਉਦੇਸ਼ ਨਾਲ ਕੱਢੀ ਜਾ ਰਹੀ ਹੈ। ਸੰਘਰਸ਼ ਫਰੰਟ ਦੀ ਪ੍ਰਧਾਨ ਕ੍ਰਿਸ਼ਨਾ ਧਾਰਸੁਲ ਨੇ ਕਿਹਾ ਕਿ ਸਰਕਾਰ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਫੈਸਲਿਆਂ ਦੀ ਪਾਲਣਾ ਨਹੀਂ ਕਰ ਰਹੀ। ਕੋਰਟ ਦੇ ਫੈਸਲੇ ਮੁਤਾਬਕ ਗੈਸਟ ਟੀਚਰਾਂ ਨੂੰ ਤਿੰਨ ਸਾਲਾਂ ਦੀ ਰੈਗੂਲਰਾਈਜ਼ੇਸ਼ਨ ਨੀਤੀ ਤਹਿਤ ਸਰਕਾਰ ਨੂੰ ਤੁਰੰਤ ਗੈਸਟ ਟੀਚਰਾਂ ਨੂੰ ਰੈਗੂਲਰ ਦਰਜਾ ਦੇਣਾ ਚਾਹੀਦਾ ਹੈ ਤੇ 20 ਸਾਲਾਂ ਤੋਂ ਵੱਧ ਸਮੇਂ ਤੋਂ ਸੇਵਾ ਨਿਭਾਉਣ ਵਾਲੇ ਗੈਸਟ ਟੀਚਰਾਂ ਦੇ ਸਬੰਧ ਵਿੱਚ ਸਥਾਈ ਨਿਯੁਕਤੀ ਪੱਤਰ ਜਾਰੀ ਕਰਨੇ ਚਾਹੀਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖਿਆ ਪ੍ਰਣਾਲੀ ਵਿੱਚ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਗੈਸਟ ਅਧਿਆਪਕਾਂ ਨੂੰ ਇਨਸਾਫ਼ ਦਿਵਾਉਣ ਤੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਸਰਕਾਰ ਨੂੰ ਸਕਾਰਾਤਮਕ ਕਦਮ ਚੁੱਕਣੇ ਚਾਹੀਦੇ ਹਨ ਤੇ ਤਿੰਨ ਸਾਲਾਂ ਦੀ ਰੈਗੂਲਰਾਈਜ਼ੇਸ਼ਨ ਨੀਤੀ ਸੰਬੰਧੀ ਅਦਾਲਤ ਦੇ ਫੈਸਲੇ ਨੂੰ ਤੁਰੰਤ ਲਾਗੂ ਕਰਨਾ ਚਾਹੀਦਾ ਹੈ। ਇਸ ਮੌਕੇ ਸੂਬੇ ਦੇ ਵੱਖ-ਵੱਖ ਗੈਸਟ ਅਧਿਆਪਕ ਸੰਗਠਨਾਂ ਦੇ ਆਗੂ ਮੌਜੂਦ ਸਨ। ਉਨ੍ਹਾਂ ਨੇ ਦੱਸਿਆ ਕਿ ਗੈਸਟ ਅਧਿਆਪਕ 25 ਅਕਤੂਬਰ ਨੂੰ ਕੁਰੂਕਸ਼ੇਤਰ ’ਚ ਮਹਾਰੈਲੀ ਕਰਨ ਤੋਂ ਬਾਅਦ ਪੰਚਕੂਲਾ ਤੱਕ ਯਾਤਰਾ ਕਰਕੇ ਰਾਜਪਾਲ ਨੂੰ ਮੰਗ ਪੱਤਰ ਸੌਂਪਣਗੇ। ਇਸ ਮੌਕੇ ਰਵਿੰਦਰ ਖਿਆਲੀਆ, ਅਮਿਤ ਬੈਨੀਵਾਲ, ਮੈਨਾ ਯਾਦਵ, ਰਾਧਾ ਕ੍ਰਿਸ਼ਨ ਝੋਰੜ, ਸੁਰੇਂਦਰ ਕੜਵਾਸਰਾ, ਮਹਿੰਦਰ ਪਾਲ ਸਿਨਵਾਰ ਤੇ ਹੋਰ ਅਧਿਆਪਕ ਮੌਜੂਦ ਸਨ।