ਤਾਸ਼ ਦੇ ਪੱਤਿਆਂ ’ਤੇ ਲੱਗ ਰਿਹਾ ਸੀ ਹਜ਼ਾਰਾਂ ਰੁਪਏ ਦਾ ਦਾਅ, ਟੋਹਾਣਾ ਪੁਲਿਸ ਵਲੋਂ 4 ਜਣੇ ਕਾਬੂ
ਟੋਹਾਣਾ, 2 ਅਕਤੂਬਰ (ਮਨਜੀਤ ਸਿੰਘ)- ਜਨਤਕ ਥਾਵਾਂ ’ਤੇ ਜੂਆ ਖੇਡਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਥਾਣਾ ਸ਼ਹਿਰੀ ਟੋਹਾਣਾ ਪੁਲਿਸ ਨੇ ਚਾਰ ਜਣਿਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਜੂਏ ਲਈ ਲਗਾਈ ਗਈ 51,300 ਰੁਪਏ ਦੀ ਨਕਦੀ ਤੇ ਤਾਸ਼ ਦੇ ਪੱਤੇ ਬਰਾਮਦ ਕੀਤੇ ਹਨ।
ਟੋਹਾਣਾ, 2 ਅਕਤੂਬਰ (ਮਨਜੀਤ ਸਿੰਘ)- ਜਨਤਕ ਥਾਵਾਂ ’ਤੇ ਜੂਆ ਖੇਡਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਥਾਣਾ ਸ਼ਹਿਰੀ ਟੋਹਾਣਾ ਪੁਲਿਸ ਨੇ ਚਾਰ ਜਣਿਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਜੂਏ ਲਈ ਲਗਾਈ ਗਈ 51,300 ਰੁਪਏ ਦੀ ਨਕਦੀ ਤੇ ਤਾਸ਼ ਦੇ ਪੱਤੇ ਬਰਾਮਦ ਕੀਤੇ ਹਨ। ਥਾਣਾ ਸ਼ਹਿਰੀ ਟੋਹਾਣਾ ਦੇ ਮੁਖੀ ਇੰਸਪੈਕਟਰ ਸੰਦੀਪ ਕੁਮਾਰ ਨੇ ਦੱਸਿਆ ਕਿ ਪੁਲਿਸ ਟੀਮ ਅਪਰਾਧਾਂ ਦੀ ਰੋਕਥਾਮ ਸਬੰਧੀ ਗਸ਼ਤ ’ਤੇ ਸੀ। ਇਸ ਦੌਰਾਨ ਨਵੇਂ ਬਾਈਪਾਸ ਨੇੜੇ ਲੋਹਾ ਖੇੜਾ ਪੁਲ ਕੋਲ ਦੋਵਾਂ ਨਹਿਰਾਂ ਵਿਚਕਾਰ ਪਟੜੀ ’ਤੇ ਕੁਝ ਵਿਅਕਤੀ ਤਾਸ਼ ਦੇ ਪੱਤਿਆਂ ’ਤੇ ਪੈਸੇ ਲਗਾ ਕੇ ਜੂਆ ਖੇਡ ਰਹੇ ਹਨ। ਸੂਚਨਾ ਮਿਲਣ ਉਪਰੰਤ ਪੁਲਿਸ ਟੀਮ ਨੇ ਦੱਸੇ ਗਏ ਸਥਾਨ ’ਤੇ ਛਾਪਾ ਮਾਰਿਆ ਤੇ ਮੌਕੇ ਤੋਂ ਚਾਰ ਵਿਅਕਤੀਆਂ ਨੂੰ ਕਾਬੂ ਕਰ ਲਿਆ। ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਬਲਜਿੰਦਰ ਉਰਫ਼ ਬਿੱਟੂ ਵਾਸੀ ਲੋਹਾਖੇੜਾ, ਸੰਜੂ ਵਾਸੀ ਵਾਰਡ ਨੰਬਰ 16 ਤਿਲਕ ਨਗਰ ਟੋਹਾਣਾ, ਅਸ਼ੋਕ ਕੁਮਾਰ ਵਾਸੀ ਲੋਹਾਖੇੜਾ ਤੇ ਸ਼ੰਕਰ ਲਾਲ ਵਾਸੀ ਵਾਰਡ ਨੰਬਰ 21 ਈਦਗਾਹ ਕਲੋਨੀ, ਦਮਕੌਰਾ ਰੋਡ ਟੋਹਾਣਾ ਵਜੋਂ ਹੋਈ ਹੈ। ਪੁਲਿਸ ਨੇ ਮੌਕੇ ਤੋਂ 51,300 ਰੁਪਏ ਦੀ ਜੂਏ ਦੀ ਰਕਮ ਤੇ 52 ਤਾਸ਼ ਦੇ ਪੱਤੇ ਬਰਾਮਦ ਕਰਕੇ ਕਬਜ਼ੇ ਵਿੱਚ ਲੈ ਲਏ। ਇਸ ਸਬੰਧੀ ਥਾਣਾ ਸ਼ਹਿਰੀ ਟੋਹਾਣਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਚਾਰੋਂ ਮੁਲਜ਼ਮਾਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕਰਨ ਉਪਰੰਤ ਉਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।