ਟੈਕਸਾਸ ’ ਚ ਇਕ ਭਾਰਤੀ ਸਮੇਤ 7 ਗੈਰ - ਨਾਗਰਿਕਾਂ ਖ਼ਿਲਾਫ਼ ਗੈਰ - ਕਾਨੂੰਨੀ ਵੋਟਿੰਗ ਮਾਮਲੇ ’ ਚ ਕਾਰਵਾਈ
ਨਿਊਯਾਰਕ, 16 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਟੈਕਸਾਸ ਸੂਬੇ ਵਿਚ ਸੰਘੀ ਚੋਣਾਂ ਦੌਰਾਨ ਕਥਿਤ ਗੈਰ-ਕਾਨੂੰਨੀ ਵੋਟਿੰਗ ਅਤੇ ਅਮਰੀਕੀ ਨਾਗਰਿਕਤਾ ਬਾਰੇ ਝੂਠੀ ਜਾਣਕਾਰੀ ਦੇਣ ਦੇ ਮਾਮਲੇ ਵਿਚ ਇਕ ਭਾਰਤੀ ਸਮੇਤ ਸੱਤ ਗੈਰ-ਨਾਗਰਿਕਾਂ ਖ਼ਿਲਾਫ਼ ਸੰਘੀ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਵਿਚ ਛੇ ਗ੍ਰੀਨ ਕਾਰਡ ਧਾਰਕ ਹਨ।
ਨਿਊਯਾਰਕ, 16 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਟੈਕਸਾਸ ਸੂਬੇ ਵਿਚ ਸੰਘੀ ਚੋਣਾਂ ਦੌਰਾਨ ਕਥਿਤ ਗੈਰ-ਕਾਨੂੰਨੀ ਵੋਟਿੰਗ ਅਤੇ ਅਮਰੀਕੀ ਨਾਗਰਿਕਤਾ ਬਾਰੇ ਝੂਠੀ ਜਾਣਕਾਰੀ ਦੇਣ ਦੇ ਮਾਮਲੇ ਵਿਚ ਇਕ ਭਾਰਤੀ ਸਮੇਤ ਸੱਤ ਗੈਰ-ਨਾਗਰਿਕਾਂ ਖ਼ਿਲਾਫ਼ ਸੰਘੀ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਵਿਚ ਛੇ ਗ੍ਰੀਨ ਕਾਰਡ ਧਾਰਕ ਹਨ। ਮੁਲਜ਼ਮਾਂ ਵਿਚ 69 ਸਾਲਾ ਭਾਰਤੀ ਨਾਗਰਿਕ ਖਲਵਿੰਦਰ ਸਿੰਘ ਭੇਂਗੁਰਾ ਵੀ ਸ਼ਾਮਿਲ ਹੈ, ਜੋ 2022 ਤੋਂ ਅਮਰੀਕਾ ਦਾ ਕਾਨੂੰਨੀ ਸਥਾਈ ਨਿਵਾਸੀ ਹੈ। ਸੰਘੀ ਸਰਕਾਰੀ ਵਕੀਲਾਂ ਮੁਤਾਬਕ ਭੇਂਗੁਰਾ ਨੇ ਜਨਵਰੀ 2024 ਵਿਚ ਵੋਟਰ ਵਜੋਂ ਰਜਿਸਟਰ ਹੁੰਦਿਆਂ ਆਪਣੇ ਆਪ ਨੂੰ ਕਥਿਤ ਤੌਰ ’ਤੇ ਅਮਰੀਕੀ ਨਾਗਰਿਕ ਦੱਸਿਆ। ਅਧਿਕਾਰੀਆਂ ਦਾ ਦੋਸ਼ ਹੈ ਕਿ ਅਗਸਤ 2024 ਵਿਚ ਟੈਕਸਾਸ ਡਰਾਈਵਰ ਲਾਇਸੈਂਸ ਲਈ ਅਰਜ਼ੀ ਦਿੰਦਿਆਂ ਵੀ ਉਸ ਨੇ ਅਮਰੀਕੀ ਨਾਗਰਿਕ ਹੋਣ ਦਾ ਦਾਅਵਾ ਕੀਤਾ ਸੀ।ਨਿਆਂ ਵਿਭਾਗ ਮੁਤਾਬਕ ਭੇਂਗੁਰਾ ਨੇ ਨਵੰਬਰ 2024 ਦੀ ਆਮ ਚੋਣ ਵਿਚ ਵੋਟ ਪਾਈ। ਜਾਂਚ ਦੌਰਾਨ ਉਸ ਨੇ ਕਥਿਤ ਤੌਰ ’ਤੇ ਮੰਨਿਆ ਕਿ ਉਹ ਜਾਣਦਾ ਸੀ ਕਿ ਉਹ ਅਮਰੀਕੀ ਨਾਗਰਿਕ ਨਹੀਂ ਹੈ। ਉਸ ਨੂੰ 11 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ’ਤੇ ਗੈਰ-ਨਾਗਰਿਕ ਹੁੰਦਿਆਂ ਸੰਘੀ ਚੋਣ ਵਿਚ ਵੋਟ ਪਾਉਣ ਅਤੇ ਵੋਟਰ ਰਜਿਸਟ੍ਰੇਸ਼ਨ ਲਈ ਨਾਗਰਿਕਤਾ ਬਾਰੇ ਝੂਠਾ ਬਿਆਨ ਦੇਣ ਦੇ ਦੋਸ਼ ਲਗਾਏ ਗਏ ਹਨ।ਇਸੇ ਸੰਘੀ ਕਾਰਵਾਈ ਵਿਚ ਹੈਲਨ ਸਾਏਨ ਐਡਮਜ਼, ਜੋਸ਼ੂਆ ਨਮੇਲਿਚੁਕਵੂ ਅਕਪੋਮ, ਕਾਰਲੋਸ ਸਾਲਾਸ ਬੈਰੀਓਸ, ਸੇਲੇਸਟਿਨ ਕਾਟੂਬਾਡੀ, ਰੋਸੀਓ ਥ੍ਰੈਸ਼ਰ ਅਤੇ ਮੋਇਸੇਸ ਅਨਵਰ ਅਰੇਲਾਨੋ-ਅਲਬਾ ਖ਼ਿਲਾਫ਼ ਵੀ ਵੱਖ-ਵੱਖ ਦੋਸ਼ ਲਗਾਏ ਗਏ ਹਨ।ਛੇ ਮੁਲਜ਼ਮਾਂ ਖ਼ਿਲਾਫ਼ 10 ਸਤੰਬਰ ਨੂੰ ਦੋਸ਼ ਤੈਅ ਕੀਤੇ ਗਏ ਸਨ, ਜਦਕਿ 7ਵੇਂ ਖ਼ਿਲਾਫ਼ 11 ਸਤੰਬਰ ਨੂੰ ਅਪਰਾਧਿਕ ਸ਼ਿਕਾਇਤ ਦਰਜ ਕੀਤੀ ਗਈ। ਮਾਮਲਿਆਂ ਦੀ ਜਾਂਚ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਅਤੇ ਸੰਘੀ ਜਾਂਚ ਬਿਊਰੋ ਦੇ ਡੈਲਸ ਦਫ਼ਤਰ ਵਲੋਂ ਹੋਰ ਸੂਬਾਈ ਅਤੇ ਸਥਾਨਕ ਏਜੰਸੀਆਂ ਦੇ ਸਹਿਯੋਗ ਨਾਲ ਕੀਤੀ ਗਈ ਹੈ। ਨਿਆਂ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਹ ਸਾਰੇ ਦੋਸ਼ ਹਾਲੇ ਇਲਜ਼ਾਮ ਹਨ। ਅਦਾਲਤ ਵਿਚ ਦੋਸ਼ ਸਾਬਤ ਹੋਣ ਤੱਕ ਸਾਰੇ ਮੁਲਜ਼ਮਾਂ ਨੂੰ ਬੇਕਸੂਰ ਮੰਨਿਆ ਜਾਵੇਗਾ।