ਐੱਸ.ਏ.ਐੱਸ. ਨਗਰ, 6 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਨੂੰ ਵਿਸ਼ਵ ਹਾਕੀ ਦੇ ਨਕਸ਼ੇ ’ਤੇ ਸਥਾਪਿਤ ਕਰਨ ਲਈ ਦੇਖਿਆ ਸੁਪਨਾ ਸਾਕਾਰ ਹੋਣ ਨਾਲ ਭਾਰਤੀ ਹਾਕੀ ਦੇ ਇਤਿਹਾਸ ਵਿਚ ਇਕ ਸੁਨਹਿਰੀ ਅਧਿਆਏ ਜੁੜ ਗਿਆ ਹੈ। ਸਾਬਕਾ ਭਾਰਤੀ ਵਿਸ਼ਵ ਕੱਪ ਜੇਤੂਆਂ, ਉਲੰਪੀਅਨਾਂ ਤੇ ਵਿਦੇਸ਼ੀ ਹਾਕੀ ਸਿਤਾਰਿਆਂ ਦੀ ਮੌਜੂਦਗੀ ਵਿਚ ‘ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਪੰਜਾਬ-2026’ ਦੀ ਮੇਜ਼ਬਾਨੀ ਅਤੇ ਭਾਰਤੀ ਟੀਮ ਦੀ ਸ਼ਾਨਦਾਰ ਜਿੱਤ ਨਾਲ ਇਹ ਟੂਰਨਾਮੈਂਟ ਪੰਜਾਬ ਦੇ ਖੇਡ ਇਤਿਹਾਸ ਵਿਚ ਮੀਲ ਪੱਥਰ ਸਾਬਿਤ ਹੋਇਆ ਹੈ। ਭਾਰਤ ਨੇ ਰੌਮਾਂਚਕ ਫਾਈਨਲ ਮੁਕਾਬਲੇ ਵਿਚ ਜਪਾਨ ਨੂੰ 4-1 ਨਾਲ ਹਰਾ ਕੇ ਟਰਾਫ਼ੀ ਆਪਣੇ ਨਾਂਅ ਕੀਤੀ। ਇਸ ਦੌਰਾਨ ਪੰਜਾਬ ਦੇ 2 ਇਤਿਹਾਸਕ ਸਟੇਡੀਅਮ ਮੁਹਾਲੀ ਸਥਿਤ ‘ਉਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ’ ਤੇ ਜਲੰਧਰ ਸਥਿਤ ‘ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ’ ਇਸ ਵਕਾਰੀ ਟੂਰਨਾਮੈਂਟ ਦੇ ਗਵਾਹ ਬਣ ਗਏ ਹਨ। ਭਾਰਤ ਪੂਰੇ ਟੂਰਨਾਮੈਂਟ ਦੌਰਾਨ ਅਜੇਤੂ ਰਿਹਾ। ਇਸ ਜਿੱਤ ਨਾਲ ਭਾਰਤ ਨੇ ਰਿਕਾਰਡ ਕਾਇਮ ਕਰਦਿਆਂ 6ਵੀਂ ਵਾਰ ਖ਼ਿਤਾਬ ਆਪਣੇ ਨਾਂਅ ਕੀਤਾ ਹੈ। ਇਸ ਦੇ ਨਾਲ ਹੀ 2023 ਤੇ 2024 ਦੀਆਂ ਜਿੱਤਾਂ ਤੋਂ ਬਾਅਦ ਭਾਰਤ ਨੇ ਲਗਾਤਾਰ ਤੀਜੀ ਵਾਰ ਖ਼ਿਤਾਬ ਜਿੱਤ ਕੇ ਆਪਣੀ ‘ਹੈਟ੍ਰਿਕ’ ਵੀ ਪੂਰੀ ਕਰ ਲਈ ਹੈ। ਜਲੰਧਰ ਤੇ ਮੁਹਾਲੀ ਵਿਸ਼ਵ ਹਾਕੀ ਦੇ ਸਭ ਤੋਂ ਵੱਡੇ ਮੁਕਾਬਲਿਆਂ ਦੀ ਮੇਜ਼ਬਾਨੀ ਕਰਨ ਲਈ ਤਿਆਰ ਜਲੰਧਰ ਤੇ ਮੁਹਾਲੀ ਵਿਖੇ ਕੀਤੇ ਸ਼ਾਨਦਾਰ ਪ੍ਰਬੰਧਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਨਾ ਸਿਰਫ਼ ਭਾਰਤੀ ਹਾਕੀ ਦੀ ‘ਨਰਸਰੀ’ ਹੈ ਸਗੋਂ ਇਹ ਵਿਸ਼ਵ ਹਾਕੀ ਦੇ ਸਭ ਤੋਂ ਵੱਡੇ ਮੁਕਾਬਲਿਆਂ ਦੀ ਮੇਜ਼ਬਾਨੀ ਕਰਨ ਲਈ ਵੀ ਪੂਰੀ ਤਰ੍ਹਾਂ ਤਿਆਰ ਹੈ। ਇਸ ਨਾਲ 2030 ਦੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਦੇ ਪੰਜਾਬ ਦੇ ਦਾਅਵੇ ਨੂੰ ਹੋਰ ਮਜ਼ਬੂਤੀ ਮਿਲੀ ਹੈ। 2028 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਲਈ ਵੀ ਭਾਰਤੀ ਟੀਮ ਪੂਰੀ ਤਰ੍ਹਾਂ ਤਿਆਰ ਹੈ। ਭਾਰਤੀ ਹਾਕੀ ਟੀਮ ਦਾ ਕਪਤਾਨ ਹਰਮਨਪ੍ਰੀਤ ਸਿੰਘ ਇਸ ਟੂਰਨਾਮੈਂਟ ਦਾ ਸਟਾਰ ਖਿਡਾਰੀ ਰਿਹਾ। ਇਸਦੇ ਨਾਲ ਹੀ ਭਾਰਤੀ ਹਾਕੀ ਟੀਮ ਦੇ ਗੋਲਕੀਪਰ ਕ੍ਰਿਸ਼ਨ ਬਹਾਦੁਰ ਪਾਠਕ ਨੂੰ ਗੋਲਕੀਪਰ ਆਫ਼ ਦਾ ਟੂਰਨਾਮੈਂਟ ਐਲਾਨਿਆ ਗਿਆ।
ਖੇਡ ਸੰਸਾਰ
Free
ਪੰਜਾਬ ਨੇ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੀ ਮੇਜ਼ਬਾਨੀ ਨਾਲ ਹਾਕੀ ਦੇ ਆਲਮੀ ਨਕਸ਼ੇ ’ ਤੇ ਕੀਤੇ ਸੁਨਹਿਰੀ ਹਸਤਾਖ਼ਰ
ਐੱਸ. ਏ.
ਅਜੀਤ ਡੈਸਕ
07-11-2026