05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਬਾਲੀਵੁੱਡ ਨਗ਼ਮਿਆਂ ਵਿਚ 'ਸਾਵਣ' ਅਤੇ 'ਬਰਸਾਤ' ਦੀਆਂ ਬਾਤਾਂ

ਬਾਲੀਵੁੱਡ ਨਗ਼ਮਿਆਂ ਵਿਚ 'ਸਾਵਣ' ਅਤੇ 'ਬਰਸਾਤ' ਦੀਆਂ ਬਾਤਾਂ

Ad Position 21
No active advertisement
ਅਜੀਤ ਡੈਸਕ 05-08-2026

ਵਰਤਮਾਨ ਮੌਸਮ ਬਰਸਾਤ ਦਾ ਮੌਸਮ ਹੈ ਤੇ ਸਾਉਣ ਮਹੀਨੇ ਦੀਆਂ ਫ਼ੁਹਾਰਾਂ ਨਾਲ ਸਮੁੱਚਾ ਵਾਤਾਵਰਨ ਇਕ ਮਸਤੀ ਤੇ ਇਕ ਸਰੂਰ ਜਿਹਾ ਪੈਦਾ ਕਰ ਰਿਹਾ ਹੈ। ਇਸ ਮੌਸਮ ਨਾਲ ਸੰਬੰਧਿਤ ਰਾਗਾਂ 'ਚ ਗੁੰਨ੍ਹੇ ਸੰਗੀਤ ਨੂੰ ਸੁਣ ਕੇ ਸਰੋਤੇ ਵਜਦ ਵਿਚ ਆ ਕੇ ਝੂਮ ਰਹੇ ਹਨ। ਆਓ, ਇਸ ਸੁਰੀਲੇ ਤੇ ਮਸਤੀ ਭਰੇ ਬਰਸਾਤ ਦੇ ਮੌਸਮ ਨਾਲ ਜੁੜੇ ਬਾਲੀਵੁੱਡ ਦੇ ਗੀਤਾਂ ਦੀ ਗੱਲ ਕਰੀਏ।
ਸਭ ਤੋਂ ਪਹਿਲਾਂ ਤਾਂ ਇਹ ਦੱਸਣਾ ਬਣਦਾ ਹੈ ਕਿ ਬਾਲੀਵੁੱਡ ਵਿਚ 'ਸਾਵਨ', 'ਆਇਆ ਸਾਵਨ ਝੂਮ ਕੇ', 'ਸਾਵਨ ਭਾਦੋਂ', 'ਸੋਲ੍ਹਵਾਂ ਸਾਵਨ', 'ਸਾਵਨ ਕੀ ਘਟਾ', 'ਸਾਵਨ ਕੋ ਆਨੇ ਦੋ' ਅਤੇ 'ਪਿਆਸਾ ਸਾਵਨ' ਆਦਿ ਸਿਰਲੇਖਾਂ ਤੋਂ ਇਲਾਵਾ 'ਬਰਸਾਤ' ਅਤੇ 'ਬਰਸਾਤ ਕੀ ਰਾਤ' ਨਾਮਕ ਸੁਪਰਹਿਟ ਫ਼ਿਲਮਾਂ ਬਣ ਚੁੱਕੀਆਂ ਹਨ। ਭਾਰਤ ਵਿਚ ਬਣੀਆਂ ਬਲੈਕ ਐਂਡ ਵ੍ਹਾਈਟ ਜ਼ਮਾਨੇ ਦੀਆਂ ਫ਼ਿਲਮਾਂ ਵਿਚ ਬਰਸਾਤ ਦਾ ਕਿਸਾਨੀ ਜੀਵਨ ਵਿਚ ਬਹੁਤ ਮਹੱਤਵ ਦਰਸਾਇਆ ਜਾਂਦਾ ਸੀ। ਭਾਰਤੀ ਸਿਨੇਮਾ ਦੀਆਂ ਸ਼ਾਹਕਾਰ ਫ਼ਿਲਮਾਂ 'ਮਦਰ ਇੰਡੀਆ', 'ਦੋ ਆਂਖੇਂ ਬਾਰ੍ਹਾਂ ਹਾਥ', 'ਦੋ ਬੀਘਾ ਜ਼ਮੀਨ' ਅਤੇ 'ਲਗਾਨ' ਆਦਿ ਸਣੇ ਅਨੇਕਾਂ ਹੋਰ ਫ਼ਿਲਮਾਂ ਵਿਚ ਬਰਸਾਤ ਦੀ ਵੱਡੀ ਭੂਮਿਕਾ ਦਰਸਾਈ ਗਈ ਸੀ।
ਜਿੱਥੋਂ ਤੱਕ ਬਾਲੀਵੁੱਡ ਸੰਗੀਤ ਵਿਚ ਬਰਸਾਤ ਦੀ ਗੱਲ ਦਾ ਮਾਮਲਾ ਹੈ ਤਾਂ ਪਤਾ ਲਗਦਾ ਹੈ ਕਿ ਬਾਲੀਵੁੱਡ ਦੇ ਸੰਗੀਤਕਾਰਾਂ ਨੇ ਆਪੋ-ਆਪਣੇ ਢੰਗ ਨਾਲ ਸਾਵਣ ਜਾਂ ਬਰਸਾਤ ਨਾਲ ਸਬੰਧਿਤ ਗੀਤਾਂ ਨੂੰ ਸੰਗੀਤਬੱਧ ਕਰਨ ਲੱਗਿਆਂ ਭਾਰਤੀ ਸ਼ਾਸਤਰੀ ਸੰਗੀਤ ਪ੍ਰੰਪਰਾ ਦਾ ਪੂਰਾ-ਪੂਰਾ ਖਿਆਲ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਬਾਲੀਵੁੱਡ ਦੇ 'ਸ਼ੋਅਮੈਨ' ਕਹੇ ਜਾਂਦੇ ਅਦਾਕਾਰ ਤੇ ਫ਼ਿਲਮਕਾਰ ਰਾਜ ਕਪੂਰ ਦੀ ਫ਼ਿਲਮ 'ਬਰਸਾਤ' ਅਤੇ ਅਦਾਕਾਰ ਬੌਬੀ ਦਿਓਲ ਦੀ ਫ਼ਿਲਮ 'ਬਰਸਾਤ' ਵੀ ਆਪਣੇ ਸੁਰੀਲੇ ਗੀਤਾਂ ਕਰਕੇ ਸਫ਼ਲ ਰਹੀਆਂ ਸਨ। ਅਦਾਕਾਰ ਭਾਰਤ ਭੂਸ਼ਨ ਅਭਿਨੀਤ ਫ਼ਿਲਮ 'ਬਰਸਾਤ ਕੀ ਰਾਤ' ਵੀ ਆਪਣੇ ਸੁਰੀਲੇ ਅਤੇ ਮਨਮੋਹਕ ਸੰਗੀਤ ਲਈ ਅੱਜ ਤੱਕ ਯਾਦ ਕੀਤੀ ਜਾਂਦੀ ਹੈ। ਰਾਜ ਕਪੂਰ ਦੀ 'ਬਰਸਾਤ' ਦਾ ਗੀਤ 'ਹਮਸੇ ਮਿਲੇ ਤੁਮ ਸਜਨ ਤੁਮਸੇ ਮਿਲੇ ਹਮ ਬਰਸਾਤ ਮੇਂ' ਅਤੇ ਬੌਬੀ ਦਿਓਲ ਦੀ 'ਬਰਸਾਤ' ਦਾ ਗੀਤ 'ਬਰਸਾਤ ਕੇ ਦਿਨ ਆਏ' ਦੇ ਨਾਲ-ਨਾਲ ਭਾਰਤ ਭੂਸ਼ਨ ਦੀ ਫ਼ਿਲਮ 'ਬਰਸਾਤ ਕੀ ਰਾਤ' ਦੇ ਗੀਤ 'ਜ਼ਿੰਦਗੀ ਭਰ ਨਹੀਂ ਭੂਲੇਗੀ ਯੇ ਬਰਸਾਤ ਕੀ ਰਾਤ' ਅਤੇ 'ਗਰਜਤ ਬਰਸਤ ਸਾਵਨ ਆਇਓ ਰੇ' ਤਾਂ ਲੋਕ ਚੇਤਿਆਂ ਵਿਚ ਸਦਾ ਲਈ ਵੱਸ ਗਏ ਸਨ।
ਉਕਤ ਗੀਤਾਂ ਤੋਂ ਇਲਾਵਾ ਫ਼ਿਲਮ 'ਮੰਜ਼ਿਲ' ਦਾ ਗੀਤ 'ਰਿਮਝਿਮ ਗਿਰੇ ਸਾਵਨ ਸੁਲਗ ਸੁਲਗ ਜਾਏ ਮਨ', ਫ਼ਿਲਮ 'ਮਿਲਨ' ਦਾ ਗੀਤ 'ਸਾਵਨ ਕਾ ਮਹੀਨਾ ਪਵਨ ਕਰੇ ਸ਼ੋਰ', 'ਚੁਪਕੇ ਚੁਪਕੇ' ਫ਼ਿਲਮ ਦਾ ਗੀਤ 'ਅਬ ਕੇ ਸਜਨ ਸਾਵਨ ਮੇਂ, ਆਗ ਲਗੇਗੀ ਬਦਨ ਮੇਂ', 'ਪਰਖ' ਦਾ ਗੀਤ ' ਓ' ਸਜਨਾ ਬਰਖਾ ਬਹਾਰ ਆਈ', 'ਰੋਟੀ ਕਪੜਾ ਔਰ ਮਕਾਨ' ਦਾ ਗੀਤ 'ਤੇਰੀ ਦੋ ਟਕਿਆਂ ਦੀ ਨੌਕਰੀ ਤੇ ਮੇਰਾ ਲਾਖੋਂ ਕਾ ਸਾਵਨ ਜਾਏ', 'ਜੁਰਮਾਨਾ' ਦਾ ਗੀਤ 'ਸਾਵਨ ਕੇ ਝੂਲੇ ਪੜੇ ਕਿ ਤੁਮ ਚਲੇ ਆਓ', ਫ਼ਿਲਮ 'ਮਹਿਬੂਬਾ' ਦਾ ਗੀਤ 'ਮੇਰੇ ਨੈਨਾ ਸਾਵਨ ਭਾਦੋਂ ਫਿਰ ਭੀ ਮੇਰਾ ਮਨ ਪਿਆਸਾ', 'ਚਾਂਦਨੀ' ਦਾ ਗੀਤ 'ਲਗੀ ਆਜ ਸਾਵਨ ਕੀ ਫਿਰ ਵੋ ਝੜੀ ਹੈ', ਫ਼ਿਲਮ 'ਅਨਜਾਨਾ' ਦਾ ਗੀਤ 'ਰਿਮਝਿਮ ਕੇ ਗੀਤ ਸਾਵਨ ਗਾਏ ਹਾਏ, ਭੀਗੀ ਭੀਗੀ ਰਾਤੋਂ ਮੇਂ' ਅਤੇ ਫ਼ਿਲਮ 'ਸਾਵਨ ਕੋ ਆਨੇ ਦੋ' ਦਾ ਗੀਤ 'ਤੁਮਹੇਂ ਗੀਤੋਂ ਮੇਂ ਢਾਲੂੰਗਾ, ਸਾਵਨ ਕੋ ਆਨੇ ਦੋ' ਤਾਂ ਸਿੱਧੇ ਤੌਰ 'ਤੇ ਸਾਉਣ ਮਹੀਨੇ ਦੀਆਂ ਮਦਮਸਤ ਫ਼ੁਹਾਰਾਂ ਅਤੇ ਪ੍ਰੇਮੀ ਮਨਾਂ ਅੰਦਰ ਫੁੱਟਦੇ ਜਜ਼ਬਾਤ ਦੀ ਤਰਜਮਾਨੀ ਕਰਦੇ ਹਨ। ਇਸਦੇ ਨਾਲ ਹੀ ਸਾਉਣ ਅਤੇ ਭਾਦੋਂ ਦੀਆਂ ਬਰਸਾਤਾਂ ਨੂੰ ਕੇਂਦਰ ਵਿਚ ਰੱਖ ਕੇ ਹੋਰ ਵੀ ਕਈ ਯਾਦਗਾਰੀ ਗੀਤ ਬਾਲੀਵੁੱਡ ਵਿਚ ਸਿਰਜੇ ਗਏ ਹਨ।
'ਕਾਲੀ ਘਟਾ ਛਾਏ ਮੋਰਾ ਜੀਆ ਘਬਰਾਏ' (ਸੁਜਾਤਾ), 'ਨੈਨਾ ਬਰਸੇ ਰਿਮਝਿਮ ਰਿਮਝਿਮ' (ਵੋ ਕੌਨ ਥੀ), 'ਡਮ ਡਮ ਡੀਗਾ ਡੀਗਾ ਮੌਸਮ ਹੈ ਭੀਗਾ ਭੀਗਾ' (ਹਮਾਰੀ ਯਾਦ ਆਏਗੀ), 'ਬਾਦਲ ਯੂੰ ਗਰਜਤਾ ਹੈ ਡਰ ਕੁਛ ਐਸਾ ਲਗਤਾ ਹੈ' (ਬੇਤਾਬ), 'ਕਹਾਂ ਸੇ ਆਏ ਬਦਰਾ ਘੁਲਤਾ ਜਾਏ ਕਜਰਾ' (ਚਸ਼ਮੇ ਬੱਦੂਰ), 'ਬੋਲੇ ਰੇ ਪਪੀਹਰਾ' (ਗੁੱਡੀ), 'ਮੇਘਾ ਰੇ ਮੇਘਾ ਰੇ ਮਤ ਪਰਦੇਸ ਜਾ ਰੇ, ਆਜ ਤੂ ਪ੍ਰੇਮ ਕਾ ਸੰਦੇਸ਼ ਬਰਸਾ ਰੇ' (ਪਿਆਸਾ ਸਾਵਨ), 'ਰਿਮਝਿਮ ਰਿਮਝਿਮ ਕੇ ਤਰਾਨੇ ਲੇ ਕੇ ਆਈ ਬਰਸਾਤ' (ਕਾਲਾ ਬਾਜ਼ਾਰ), 'ਘਰ ਆ ਜਾ ਘਿਰ ਆਏ ਬਦਰਾ' (ਛੋਟੇ ਨਵਾਬ) ਅਤੇ 'ਮੇਘਾ ਛਾਏ ਆਧੀ ਰਾਤ ਬੈਰਨ ਬਨੀ ਨਿੰਦੀਆ' (ਸ਼ਰਮੀਲੀ), ਆਦਿ ਜਿਹੇ ਬਰਸਾਤੀ ਸੰਗੀਤ ਜਾਂ ਬੋਲਾਂ ਵਾਲੇ ਗੀਤਾਂ ਤੋਂ ਇਲਾਵਾ ਬਾਲੀਵੁੱਡ ਦੇ ਕੁਝ ਗੀਤ ਅਜਿਹੇ ਵੀ ਹਨ ਜੋ ਬਰਸਾਤ ਦੌਰਾਨ ਫ਼ਿਲਮਾਏ ਗਏ ਹਨ ਤੇ ਦਰਸ਼ਕਾਂ ਨੇ ਅਜਿਹੇ ਗੀਤਾਂ ਦੇ ਸੁੰਦਰ ਫ਼ਿਲਮਾਂਕਣ ਅਤੇ ਸੁਰੀਲੇ ਸੰਗੀਤ ਦੀ ਭਰਪੂਰ ਸ਼ਲਾਘਾ ਕੀਤੀ ਹੈ। ਅਜਿਹੇ ਕੁਝ ਗੀਤਾਂ ਵਿੱਚੋਂ 'ਟਿਪ ਟਿਪ ਬਰਸਾ ਪਾਨੀ' (ਮੋਹਰਾ), 'ਕੋਈ ਲੜਕੀ ਹੈ ਜਬ ਵੋ ਹਸਤੀ ਹੈ, ਬਾਰਿਸ਼ ਆਤੀ ਹੈ ਘੁਮੜ ਘੁਮੜ ਘੁਮ ਘੁਮ' (ਦਿਲ ਤੋ ਪਾਗ਼ਲ ਹੈ), 'ਤਾਲ ਸੇ ਤਾਲ ਮਿਲਾਓ' (ਤਾਲ), 'ਇਕ ਲੜਕੀ ਭੀਗੀ ਭਾਗੀ ਸੀ, ਸੋਈ ਰਾਤੋਂ ਮੇਂ ਜਾਗੀ ਸੀ' (ਚਲਤੀ ਕਾ ਨਾਮ ਗਾੜੀ), 'ਆਜ ਰਪਟ ਜਾਏਂ ਤੋ ਹਮੇਂ ਨਾ ਬਚਅਈਓ' (ਨਮਕ ਹਲਾਲ), 'ਹਾਏ ਰੇ ਹਾਏ, ਨੀਂਦ ਨਹੀਂ ਆਏ, ਆਇਆ ਪਿਆਰ ਭਰਾ ਮੌਸਮ ਦੀਵਾਨਾ' (ਹਮਜੋਲੀ) ਅਤੇ 'ਆਖ਼ਿਰ ਤੁਮਹੇਂ ਆਨਾ ਹੈ ਜ਼ਰਾ ਦੇਰ ਲਗੇਗੀ' (ਯਲਗਾਰ) ਆਦਿ ਵਿਸ਼ੇਸ਼ ਤੌਰ 'ਤੇ ਵਰਣਨਯੋਗ ਹੈ। ਸੋ, ਇਹ ਕਹਿਣਾ ਬਣਦਾ ਹੈ ਕਿ ਬਾਲੀਵੁੱਡ ਨੇ ਸਾਵਣ ਅਤੇ ਬਰਸਾਤ ਦੀ ਵਰਤੋਂ ਆਪਣੇ ਸੰਗੀਤਕ ਪੱਖ ਨੂੰ ਸੁਆਰਨ ਵਾਸਤੇ ਬਾਖ਼ੂਬੀ ਕੀਤੀ ਹੈ।
-410, ਚੰਦਰ ਨਗਰ, ਬਟਾਲਾ (ਜ਼ਿਲ੍ਹਾ ਗੁਰਦਾਸਪੁਰ)

Ad Position 22
No active advertisement
ਪਿਛਲੀ ਖ਼ਬਰ ਬਿਹਤਰੀਨ ਐਕਟਰ, ਲਾਜਵਾਬ ਨਿਰਦੇਸ਼ਕ ਹੈ ਰਿਤੇਸ਼ ਦੇਸ਼ਮੁਖ ਅਗਲੀ ਖ਼ਬਰ ਹਰ ਤਰ੍ਹਾਂ ਦੇ ਕਿਰਦਾਰ ਲਈ ਫਿੱਟ ਹੈ ਇਸ਼ਿਤਾ ਗਾਂਗੁਲੀ
Ad Position 24
No active advertisement