09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਏਸ਼ੀਅਨ ਖੇਡਾਂ 'ਚ ਹਰਿਆਣਾ ਦੇ ਖਿਡਾਰੀ ਫਿਰ ਚਮਕੇ

ਏਸ਼ੀਅਨ ਖੇਡਾਂ 'ਚ ਹਰਿਆਣਾ ਦੇ ਖਿਡਾਰੀ ਫਿਰ ਚਮਕੇ

Ad Position 21
No active advertisement
ਅਜੀਤ ਡੈਸਕ 09-10-2026

ਹਰਿਆਣਾ ਦੇ ਖਿਡਾਰੀਆਂ ਨੇ 2026 ਦੀਆਂ ਏਸ਼ੀਆਈ ਖੇਡਾਂ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਇਕ ਵਾਰ ਫਿਰ ਰਾਜ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ | ਭਾਰਤ ਦੇ ਖਿਡਾਰੀਆਂ ਦੁਆਰਾ ਜਿੱਤੇ ਗਏ 85 ਤਗਮਿਆਂ 'ਚੋਂ 32 ਹਰਿਆਣਾ ਦੇ ਖਿਡਾਰੀਆਂ ਨੇ ਜਿੱਤੇ ਹਨ | ਭਾਰਤੀ ਖਿਡਾਰੀਆਂ ਵਲੋਂ ਜਿੱਤੇ ਕੁੱਲ 21 ਸੋਨ ਤਗਮਿਆਂ 'ਚੋਂ 14 ਸੋਨ ਤਗਮੇ ਜਿੱਤਣ ਵਿਚ ਹਰਿਆਣਾ ਦੇ ਖਿਡਾਰੀਆਂ ਨੇ ਮੁੱਖ ਭੂਮਿਕਾ ਨਿਭਾਈ ਹੈ, ਹਰਿਆਣਾ ਦੇ 5 ਖਿਡਾਰੀਆਂ ਨੇ ਵਿਅਕਤੀਗਤ ਮੁਕਾਬਲਿਆਂ 'ਚ ਅਤੇ 9 ਨੇ ਟੀਮ ਮੁਕਾਬਲਿਆਂ ਵਿਚ ਸੋਨ ਤਗਮੇ ਜਿੱਤੇ ਹਨ | ਹਰਿਆਣਾ ਦੀਆਂ ਦੋ ਮਹਿਲਾ ਖਿਡਾਰੀਆਂ ਨੇ ਵਿਅਕਤੀਗਤ ਮੁਕਾਬਲਿਆਂ ਵਿਚ ਅਤੇ 6  ਮਹਿਲਾ ਖਿਡਾਰੀਆਂ ਨੇ ਟੀਮ ਮੁਕਾਬਲਿਆਂ ਵਿਚ ਸੋਨ ਤਗਮੇ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ | ਸੋਨੇ ਦੇ ਤਗਮਿਆਂ ਤੋਂ ਇਲਾਵਾ 4 ਖਿਡਾਰੀਆਂ ਨੇ ਵਿਅਕਤੀਗਤ ਮੁਕਾਬਲਿਆਂ ਵਿਚ ਅਤੇ 5 ਨੇ ਟੀਮ ਮੁਕਾਬਲਿਆਂ 'ਚ ਚਾਂਦੀ ਦੇ ਤਗਮੇ ਜਿੱਤੇ, ਜਦਕਿ 8  ਖਿਡਾਰੀਆਂ ਨੇ ਵਿਅਕਤੀਗਤ ਮੁਕਾਬਲਿਆਂ ਵਿਚ ਅਤੇ ਇਕ ਨੇ ਟੀਮ ਮੁਕਾਬਲਿਆਂ ਵਿਚ ਕਾਂਸੀ ਦਾ ਤਗਮਾ ਜਿੱਤਿਆ | ਇਹ ਛੋਟੇ ਰਾਜ ਦਾ ਸ਼ਾਨਦਾਰ ਪ੍ਰਦਰਸ਼ਨ ਹੈ | ਜਨਸੰਖਿਆ ਤੇ ਖੇਤਰਫਲ ਦੇ ਮਾਮਲੇ 'ਚ ਬਹੁਤ ਛੋਟਾ ਰਾਜ ਹੋਣ ਦੇ ਬਾਵਜੂਦ ਏਸ਼ੀਅਨ ਖੇਡਾਂ 'ਚ ਹਰਿਆਣਾ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਦੇਸ਼ ਦੇ ਵੱਡੇ ਰਾਜਾਂ ਨਾਲੋਂ ਕਿਤੇ ਵੱਧ ਹੈ | ਏਸ਼ੀਅਨ ਖੇਡਾਂ 'ਚ ਸ਼ਾਨਦਾਰ  ਪ੍ਰਦਰਸ਼ਨ ਕਰਨ ਤੋਂ ਬਾਅਦ ਭਾਰਤ ਵਾਪਸ ਆਉਣ 'ਤੇ ਹਰਿਆਣਾ ਦੇ ਖੇਡ ਮੰਤਰੀ ਗÏਰਵ ਗÏਤਮ ਨੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ ਖਿਡਾਰੀਆਂ ਦਾ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ | ਹਰਿਆਣਾ ਦੇ ਖਿਡਾਰੀਆਂ ਨੇ ਪਿਛਲੇ ਕੁਝ ਦਹਾਕਿਆਂ ਤੋਂ ਲਗਾਤਾਰ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ | ਹਰਿਆਣਾ ਸਰਕਾਰ ਜਲਦੀ ਹੀ ਇਨ੍ਹਾਂ ਖਿਡਾਰੀਆਂ ਨੂੰ  ਨਕਦ ਇਨਾਮਾਂ ਨਾਲ ਸਨਮਾਨਿਤ ਕਰਨ ਲਈ ਇਕ ਰਾਜ ਪੱਧਰੀ ਸਮਾਗਮ ਦਾ ਆਯੋਜਨ ਕਰੇਗੀ |

ਵਿਦੇਸ਼ੀ ਨਿਵੇਸ਼ ਨੂੰ  ਉਤਸ਼ਾਹਿਤ ਕਰਨਾ
ਹਰਿਆਣਾ 'ਚ ਵਿਦੇਸ਼ੀ ਨਿਵੇਸ਼ ਨੂੰ  ਉਤਸ਼ਾਹਿਤ ਕਰਨ ਲਈ ਸਿੰਗਾਪੁਰ ਦੀ ਯਾਤਰਾ 'ਤੇ ਗਏ ਮੁੱਖ ਮੰਤਰੀ ਨਾਇਬ ਸਿੰਘ ਸੈਣੀ  ਵਾਪਸ ਆ ਗਏ ਹਨ, ਉਨ੍ਹਾਂ ਦੇ ਨਾਲ ਉਦਯੋਗ ਮੰਤਰੀ ਰਾਓ ਨਰਵੀਰ ਸਿੰਘ ਤੇ ਸੀਨੀਅਰ ਅਧਿਕਾਰੀਆਂ ਦਾ ਵਫਦ ਵੀ ਗਿਆ ਸੀ | ਮੁੱਖ ਮੰਤਰੀ ਸੈਣੀ ਨੇ ਆਪਣੀ ਸਿੰਗਾਪੁਰ ਯਾਤਰਾ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਉਣ ਦਾ ਦਾਅਵਾ ਕਰਦਿਆਂ ਦੱਸਿਆ ਕਿ ਸਿੰਗਾਪੁਰ ਤੋਂ ਹਰਿਆਣਾ ਨੂੰ  5,500 ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ ਤੇ ਵੱਖ-ਵੱਖ ਕੰਪਨੀਆਂ ਨਾਲ ਸਮਝੌਤਾ ਪੱਤਰਾਂ (ਐਮ.ਓ.ਯੂ.) 'ਤੇ ਦਸਤਖਤ ਕੀਤੇ ਗਏ ਹਨ | ਇਨ੍ਹਾਂ ਨਿਵੇਸ਼ ਪ੍ਰਸਤਾਵਾਂ ਨਾਲ ਰਾਜ ਵਿਚ ਉਦਯੋਗਿਕ ਵਿਕਾਸ ਦੇ ਨਾਲ-ਨਾਲ ਆਧੁਨਿਕ ਸਿਹਤ ਸੇਵਾਵਾਂ, ਪਾਣੀ ਪ੍ਰਬੰਧਨ, ਸਿੱਖਿਆ, ਹੁਨਰ ਵਿਕਾਸ ਤੇ ਰੁਜ਼ਗਾਰ ਦੇ ਨਵੇਂ ਮੌਕਿਆਂ ਨੂੰ  ਗਤੀ ਮਿਲੇਗੀ | ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ਵਵਿਆਪੀ ਨਿਵੇਸ਼ਕਾਂ ਦੀ ਹਰਿਆਣਾ ਪ੍ਰਤੀ ਵਧਦੀ ਰੁਚੀ  ਦਰਸਾਉਂਦੀ ਹੈ ਕਿ ਰਾਜ ਨਿਵੇਸ਼, ਨਵੀਨਤਾ ਤੇ ਉਦਯੋਗ ਲਈ ਇਕ ਭਰੋਸੇਮੰਦ ਤੇ ਆਕਰਸ਼ਕ ਸਥਾਨ ਵਜੋਂ ਉੱਭਰ ਰਿਹਾ ਹੈ |  ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਸੈਣੀ ਦੇ ਸਿੰਗਾਪੁਰ ਦੌਰੇ ਦÏਰਾਨ, ਸਿਹਤ ਤੇ ਤੰਦਰੁਸਤੀ ਖੇਤਰ 'ਚ 3,000 ਕਰੋੜ  ਰੁਪਏ ਦੇ ਪ੍ਰਸਤਾਵਾਂ 'ਤੇ ਸਹਿਮਤੀ ਬਣੀ ਹੈ | ਇਨ੍ਹਾਂ ਪ੍ਰਸਤਾਵਿਤ ਨਿਵੇਸ਼ਾਂ ਤੋਂ ਅਤਿ-ਆਧੁਨਿਕ ਹਸਪਤਾਲਾਂ, ਸਿਹਤ ਸੰਭਾਲ ਕੇਂਦਰਾਂ, ਤੰਦਰੁਸਤੀ ਸਹੂਲਤਾਂ, ਡਾਕਟਰੀ ਖੋਜ ਤੇ ਸਿਹਤ ਖੇਤਰ 'ਚ ਆਧੁਨਿਕ ਤਕਨਾਲੋਜੀ ਦੇ ਵਿਸਥਾਰ ਨੂੰ  ਹੁਲਾਰਾ ਮਿਲੇਗਾ |  ਨਿਵੇਸ਼ਕਾਂ ਨੇ ਹਰਿਆਣਾ ਵਿਚ ਉੱਨਤ ਜਲ ਪ੍ਰਬੰਧਨ ਖੇਤਰ 'ਚ ਦਿਲਚਸਪੀ ਦਿਖਾਈ ਹੈ ਤੇ ਇਸ ਖੇਤਰ 'ਚ ਲਗਭਗ 1,500 ਕਰੋੜ ਰੁਪਏ ਅਤੇ ਸਿੱਖਿਆ ਤੇ ਹੁਨਰ ਵਿਕਾਸ 'ਚ 1,000 ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵਾਂ 'ਤੇ ਸਹਿਮਤੀ ਬਣੀ ਹੈ |
ਜੁਰੋਂਗ ਦੀ ਤਰਜ਼ 'ਤੇ ਆਈ.ਐਮ.ਟੀ.
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੀ ਰਾਸ਼ਟਰੀ ਰਾਜਧਾਨੀ ਖੇਤਰ (ਐਨ.ਸੀ.ਆਰ.) ਨਾਲ ਨੇੜਤਾ, ਮਜ਼ਬੂਤ ਸੜਕ ਤੇ ਰੇਲ ਸੰਪਰਕ, ਵਿਕਸਤ ਉਦਯੋਗਿਕ ਅਧਾਰ, ਹੁਨਰਮੰਦ ਮਨੁੱਖੀ ਸਰੋਤ ਅਤੇ ਦੇਸ਼ ਦੇ ਪ੍ਰਮੁੱਖ ਉਦਯੋਗਿਕ ਤੇ ਆਟੋਮੋਬਾਈਲ ਹੱਬਾਂ 'ਚੋਂ ਇਕ ਹੋਣਾ ਰਾਜ ਦੀ ਸਭ ਤੋਂ ਵੱਡੀ ਤਾਕਤ ਹੈ | ਮੁੱਖ ਮੰਤਰੀ ਸੈਣੀ ਆਪਣੇ ਸਿੰਗਾਪੁਰ ਦੌਰੇ ਦੌਰਾਨ ਇੱਥੋਂ ਦੇ ਵਿਸ਼ਵ-ਪ੍ਰਸਿੱਧ ਸ਼ਹਿਰੀ ਵਿਕਾਸ ਤੇ ਬੁਨਿਆਦੀ ਢਾਂਚਾ ਕੇਂਦਰ ਸੁਰਬਾਨਾ ਜੁਰੋਂਗ ਵੀ ਗਏ | ਉਨ੍ਹਾਂ ਦੇ ਇਸ ਦੌਰੇ ਦਾ ਮੁੱਖ ਉਦੇਸ਼ ਹਰਿਆਣਾ ਵਿਚ ਵਿਕਸਤ ਕੀਤੇ ਜਾ ਰਹੇ ਨਵੇਂ ਉਦਯੋਗਿਕ ਮਾਡਲ ਟਾਊਨਸ਼ਿਪ ਦੇ ਲਈ ਆਧੁਨਿਕ, ਏਕੀਕ੍ਰਿਤ ਤੇ ਭਵਿੱਖਮੁਖੀ ਪ੍ਰਣਾਲੀਆਂ ਨੂੰ  ਸਮਝਣਾ ਤੇ ਉਨ੍ਹਾਂ ਦਾ ਅਧਿਐਨ ਕਰਨਾ ਸੀ | ਜਿਸ ਦੌਰਾਨ ਮੁੱਖ ਮੰਤਰੀ ਨੇ ਵੱਖ-ਵੱਖ ਵਪਾਰਕ ਇਕਾਈਆਂ ਨੂੰ  ਇਕੋ ਸਥਾਨ 'ਤੇ ਵਿਕਸਤ ਕਰਨ ਦੀ ਸੰਚਾਲਨ ਪ੍ਰਕਿਰਿਆ ਦਾ ਅਧਿਐਨ ਕੀਤਾ | ਉਨ੍ਹਾਂ ਨੇ ਵਾਟਰ-ਟਰੀਟਮੈਂਟ ਤੋਂ ਲੈ ਕੇ ਇਸ ਦੇ ਸੁਚਾਰੂ  ਪ੍ਰਬੰਧਨ ਦੀਆਂ ਬਾਰੀਕੀਆਂ ਨੂੰ  ਚੰਗੀ ਤਰ੍ਹਾਂ ਸਮਝਣ ਲਈ ਇਨ੍ਹਾਂ ਬਾਰੇ ਪੁੱਛਗਿੱਛ ਵੀ ਕੀਤੀ | ਮੁੱਖ ਮੰਤਰੀ ਸੈਣੀ ਨੇ ਸੁਰਬਾਨਾ ਜੁਰੋਂਗ ਦੇ ਮਾਹਿਰਾਂ ਨਾਲ ਵਿਚਾਰ-ਵਟਾਂਦਰੇ ਦੌਰਾਨ ਭਵਿੱਖ ਦੇ ਸ਼ਹਿਰਾਂ ਨੂੰ  ਵਿਕਸਤ ਕਰਨ ਤੇ ਆਧੁਨਿਕ ਸਹੂਲਤਾਂ ਦੇ ਨਾਲ-ਨਾਲ ਮਜ਼ਬੂਤ ਵਿਵਸਥਾਵਾਂ ਬਣਾਉਣ ਦੀ ਪ੍ਰਕਿਰਿਆ ਨੂੰ  ਨੇੜਿਓਾ ਦੇਖਿਆ | ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਹਰਿਆਣਾ 'ਚ ਪ੍ਰਸਤਾਵਿਤ ਉਦਯੋਗਿਕ ਮਾਡਲ ਟਾਊਨਸ਼ਿਪ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਹੋਵੇਗੀ, ਜਿਸ ਨਾਲ  ਸਿਰਫ਼ ਉਦਯੋਗਾਂ ਨੂੰ  ਉਤਸ਼ਾਹ ਹੀ ਨਹੀਂ ਮਿਲੇਗਾ ਸਗੋਂ ਸਥਾਨਕ ਨੌਜਵਾਨਾਂ ਲਈ ਬਿਹਤਰ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ | 
ਉਦਯੋਗ-ਅਨੁਕੂਲ ਵਾਤਾਵਰਨ
ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਹਰਿਆਣਾ 'ਚ ਉਦਯੋਗਾਂ ਲਈ ਇਕ ਸਕਾਰਾਤਮਕ ਤੇ ਨਿਵੇਸ਼ਕ ਅਨੁਕੂਲ ਮਾਹੌਲ ਤਿਆਰ ਕਰਨਾ ਰਾਜ ਸਰਕਾਰ ਦੀ ਤਰਜੀਹ ਹੈ | ਸੈਣੀ ਨੇ ਦੱਸਿਆ ਕਿ ਸਿੰਗਾਪੁਰ ਦੀ ਉਨ੍ਹਾਂ ਦੀ ਫੇਰੀ ਦਾ ਉਦੇਸ਼ ਭਵਿੱਖ ਦੀਆਂ ਜ਼ਰੂਰਤਾਂ  ਅਨੁਸਾਰੀ ਆਧੁਨਿਕ ਸਹੂਲਤਾਂ ਨਾਲ ਲੈਸ ਸ਼ਹਿਰਾਂ ਤੇ ਉਦਯੋਗਿਕ ਖੇਤਰਾਂ ਨੂੰ  ਵਿਕਸਤ ਕਰਨ ਬਾਰੇ ਜਾਨਣਾ ਸੀ | ਮੁੱਖ ਮੰਤਰੀ ਨਾਲ ਸਿੰਗਾਪੁਰ ਵਪਾਰ ਫੋਰਮ ਦੇ ਤਹਿਤ ਇਕ ਗੋਲਮੇਜ਼ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿਸ 'ਚ ਸਿੰਗਾਪੁਰ ਦੀਆਂ ਪ੍ਰਮੁੱਖ ਕੰਪਨੀਆਂ ਦੇ ਪ੍ਰਤੀਨਿਧੀਆਂ, ਉਦਯੋਗ ਅਧਿਕਾਰੀਆਂ, ਨਿਵੇਸ਼ਕਾਂ ਤੇ ਵਪਾਰਕ ਆਗੂਆਂ ਨੇ ਨਿਵੇਸ਼ ਸੰਬੰਧੀ ਵਿਆਪਕ ਚਰਚਾ ਕੀਤੀ | ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਹਰਿਆਣਾ ਦਾ ਉਦੇਸ਼ ਸਿੰਗਾਪੁਰ ਦੀਆਂ ਕੰਪਨੀਆਂ ਦੇ ਸਹਿਯੋਗ ਨਾਲ ਸੈਮੀਕੰਡਕਟਰ, ਗ੍ਰੀਨ ਐਨਰਜੀ, ਵੇਅਰਹਾਊਸਿੰਗ ਤੇ ਬੁਨਿਆਦੀ ਢਾਂਚੇ ਦੇ ਖੇਤਰਾਂ 'ਚ ਨਿਵੇਸ਼ ਵਧਾਉਣਾ ਹੈ | ਉਨ੍ਹਾਂ ਦੱਸਿਆ  ਕਿ ਗੁਰੂਗ੍ਰਾਮ ਤੋਂ ਇਲਾਵਾ, ਪੰਚਕੂਲਾ, ਕਰਨਾਲ, ਹਿਸਾਰ, ਸੋਨੀਪਤ ਤੇ ਰੋਹਤਕ ਵਰਗੇ ਸ਼ਹਿਰਾਂ ਨੂੰ  ਵਿਸ਼ਵਵਿਆਪੀ ਸਮਰੱਥਾ ਕੇਂਦਰਾਂ ਤੇ ਤਕਨਾਲੋਜੀ ਵਾਲੇ ਕਾਰੋਬਾਰਾਂ ਲਈ ਅਗਲੇ ਵਿਕਾਸ ਕੇਂਦਰਾਂ ਵਜੋਂ ਵਿਕਸਤ ਕਰਨਾ ਸਾਡਾ ਟੀਚਾ ਹੈ | ਉਨ੍ਹਾਂ ਕਿਹਾ ਕਿ ਇੱਥੋਂ ਦੀਆਂ ਕੰਪਨੀਆਂ ਨੂੰ  ਪ੍ਰਤੀਯੋਗੀ ਲਾਗਤਾਂ, ਹੁਨਰਮੰਦ ਪ੍ਰਤਿਭਾ ਤੇ ਬਿਹਤਰ ਗੁਣਵੱਤਾ ਦਾ ਲਾਭ ਮਿਲੇੇਗਾ, ਜਿਸ ਨਾਲ ਹਰਿਆਣਾ ਦੇ ਕਈ ਸਥਾਨ ਉੱਤਰੀ ਭਾਰਤ ਦੇ ਵਿਸ਼ਾਲ ਪ੍ਰਤਿਭਾ ਪੂਲ ਤੱਕ ਸਿੱਧੀ ਪਹੁੰਚ ਪ੍ਰਦਾਨ ਕਰਨਗੇ | ਹਰਿਆਣਾ ਪਹਿਲਾਂ ਹੀ ਕਾਰਾਂ, ਦੋਪਹੀਆ ਵਾਹਨਾਂ ਤੇ ਟਰੈਕਟਰਾਂ ਦੇ ਨਿਰਮਾਣ 'ਚ ਆਪਣਾ ਵਿਸ਼ੇਸ਼ ਸਥਾਨ ਰੱਖਦਾ ਹੈ | ਸੈਂਕੜੇ ਵਿਦੇਸ਼ੀ ਕੰਪਨੀਆਂ ਪਹਿਲਾਂ ਹੀ ਹਰਿਆਣਾ 'ਚ ਨਿਵੇਸ਼ ਕਰ ਚੁੱਕੀਆਂ ਹਨ ਤੇ ਸਰਕਾਰ ਰਾਜ ਵਿਚ ਨਿਵੇਸ਼ ਵਧਾਉਣ ਲਈ ਲਗਾਤਾਰ ਯਤਨਸ਼ੀਲ ਹੈ | ਮੁੱਖ ਮੰਤਰੀ ਦੀ ਸਿੰਗਾਪੁਰ ਫੇਰੀ ਦਾ ਰਾਜ ਦੀ ਆਰਥਿਕਤਾ 'ਤੇ ਕਿੰਨਾ ਪ੍ਰਭਾਵ ਪਵੇਗਾ ਤੇ ਕਿੰਨਾ ਨਵਾਂ ਨਿਵੇਸ਼ ਆਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ | ਪਰ ਇਸ ਵੇਲੇ ਮੁੱਖ ਮੰਤਰੀ ਸੈਣੀ ਤੇ ਰਾਜ ਉਦਯੋਗ ਮੰਤਰੀ ਰਾਓ ਨਰਵੀਰ ਸਿੰਘ ਸਿੰਗਾਪੁਰ ਦੌਰੇ ਨੂੰ  ਲੈ ਕੇ ਬਹੁਤ ਉਤਸ਼ਾਹਿਤ ਨਜ਼ਰ ਆ ਰਹੇ ਹਨ |

-ਵਿਸ਼ੇਸ਼ ਪ੍ਰਤੀਨਿਧੀ | ਮੋਬਾਈਲ : 9855465946
ਈਮੇਲ :
ramsinghbrar@gmail.com

Ad Position 22
No active advertisement
ਪਿਛਲੀ ਖ਼ਬਰ ਬਹੁਪੱਖੀ ਅਦਾਕਾਰ ਸਨ ਨਾਨਾ ਪਾਟੇਕਰ ਅਗਲੀ ਖ਼ਬਰ ਬਰਮਿੰਘਮ ਹਵਾਈ ਅੱਡੇ ਦੇ ਵਿਸਥਾਰ ਲਈ 2 ਅਰਬ ਪੌਂਡ ਦੀ ਵੱਡੀ ਯੋਜਨਾ ਦਾ ਐਲਾਨ
Ad Position 24