17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਕਾਂਗਰਸੀਆਂ ਦਾ ਏਕਾ

ਕਾਂਗਰਸੀਆਂ ਦਾ ਏਕਾ

Ad Position 21
No active advertisement
ਅਜੀਤ ਡੈਸਕ 17-09-2026

ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨੇ ਆਉਂਦਿਆਂ ਹੀ ਜਿਸ ਤਰ੍ਹਾਂ ਪਿੰਡ ਤੂਰ ਬਣਜਾਰਾ (ਸੰਗਰੂਰ) ਦੇ ਮਜ਼ਦੂਰ ਗੁਲਜ਼ਾਰ ਸਿੰਘ ਦੀ ਖ਼ੁਦਕੁਸ਼ੀ ਦੇ ਮਾਮਲੇ ਨੂੰ  ਲੈ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਖ਼ਿਲਾਫ਼ ਚੰਡੀਗੜ੍ਹ ਵਿਚ ਪ੍ਰਭਾਵਸ਼ਾਲੀ ਰੋਸ ਮੁਜ਼ਾਹਰਾ ਕੀਤਾ, ਉਸ ਦੀ ਜਿੱਥੇ ਖ਼ੂਬ ਚਰਚਾ ਹੋ ਰਹੀ ਹੈ, ਉੱਥੇ ਇਸ ਨੂੰ  ਪੰਜਾਬ ਕਾਂਗਰਸ ਵਲੋਂ ਆਪਣੇ-ਆਪ ਨੂੰ  ਇਕੱਠਾ ਕਰਕੇ ਆਉਂਦੀਆਂ ਚੋਣਾਂ ਲਈ ਇਕ ਹੰਭਲਾ ਮਾਰਨ ਵਾਲੀ ਕਵਾਇਦ ਵੀ ਕਿਹਾ ਜਾ ਰਿਹਾ ਹੈ | ਲਗਭਗ ਪਿਛਲੇ ਤਿੰਨ ਮਹੀਨੇ ਤੋਂ ਜਿਸ ਤਰ੍ਹਾਂ ਦਾ ਸੂਬਾ ਪਾਰਟੀ ਦੇ ਆਗੂਆਂ ਨੇ ਰਵੱਈਆ ਧਾਰਨ ਕੀਤਾ ਹੋਇਆ ਸੀ, ਉਹ ਪਾਰਟੀ ਸਫ਼ਾਂ ਵਿਚ ਨਿਰਾਸ਼ਾ ਪੈਦਾ ਕਰਨ ਵਾਲਾ ਸੀ | ਪਾਰਟੀ ਦੇ ਵੱਖ-ਵੱਖ ਧੜਿਆਂ ਵਲੋਂ ਕਿਸੇ ਨਾ ਕਿਸੇ ਰੂਪ ਵਿਚ ਅਲਾਪੇ ਜਾਂਦੇ ਰਹੇ ਵੱਖਰੇ-ਵੱਖਰੇ ਰਾਗਾਂ ਨੂੰ  ਇਕ ਤਰ੍ਹਾਂ ਨਾਲ ਸਿਆਸੀ ਹਲਕਿਆਂ ਵਲੋਂ ਚੀਕ-ਚਿਹਾੜਾ ਹੀ ਮੰਨਿਆ ਜਾਂਦਾ ਰਿਹਾ ਸੀ |ਉਸ ਸਮੇਂ ਸੂਬਾ ਪਾਰਟੀ ਇੰਚਾਰਜ ਭੁਪੇਸ਼ ਬਘੇਲ ਵਲੋਂ ਵੱਖੋ-ਵੱਖਰੇ ਰਸਤਿਆਂ 'ਤੇ ਤੁਰਦੇ ਆਗੂਆਂ ਨੂੰ  ਇਕੋ ਥਾਂ 'ਤੇ ਲਿਆਉਣ ਦੇ ਯਤਨ ਜਿੱਥੇ ਬੁਰੀ ਤਰ੍ਹਾਂ ਫੇਲ੍ਹ ਹੋਏ ਸਨ, ਉੱਥੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਸੰਦਰਭ ਵਿਚ ਕਾਂਗਰਸੀ ਆਗੂਆਂ ਦਾ ਇਕੱਠਿਆਂ ਹੋ ਸਕਣਾ ਵੀ ਸ਼ੱਕੀ ਬਣ ਗਿਆ ਸੀ | ਇਸੇ ਵਿਵਾਦ ਦੇ ਚਲਦਿਆਂ ਰਾਜਸਥਾਨ ਦੇ ਨੌਜਵਾਨ ਆਗੂ ਸਚਿਨ ਪਾਇਲਟ ਨੂੰ  ਸੂਬੇ ਦੀ ਕਮਾਨ ਸੰਭਾਲੀ ਗਈ ਸੀ ਅਤੇ ਨਾਲ ਹੀ ਇਹ ਸਖ਼ਤ ਸੰਦੇਸ਼ ਵੀ ਦਿੱਤਾ ਗਿਆ ਸੀ ਕਿ ਜੇਕਰ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਹੁਣ ਵੀ ਨਾ ਸੰਭਲੇ, ਤਾਂ ਉਨ੍ਹਾਂ ਨੂੰ  ਪਾਰਟੀ ਦੇ ਹੋ ਰਹੇ ਵੱਡੇ ਨੁਕਸਾਨ ਦਾ ਭਾਗੀ ਸਮਝਿਆ ਜਾਏਗਾ | ਸੂਬੇ ਵਿਚ ਕਾਂਗਰਸ ਨੂੰ  ਇਕ ਵੱਡੀ ਧਿਰ ਮੰਨਿਆ ਜਾਂਦਾ ਰਿਹਾ ਹੈ | ਆਉਂਦੀਆਂ ਚੋਣਾਂ ਵਿਚ ਉਸ ਦਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੀ ਮੰਨਿਆ ਜਾਂਦਾ ਸੀ, ਪਰ ਕਾਂਗਰਸੀਆਂ ਵਲੋਂ ਆਪ ਹੀ ਖੇਡ ਵਿਗਾੜਨ ਨਾਲ ਵੱਡਾ ਬਿਖਰਾਅ ਵੇਖਣ ਨੂੰ  ਮਿਲ ਰਿਹਾ ਸੀ | ਕਈ ਮਸਲੇ ਪਾਰਟੀ ਦੇ ਸਾਹਮਣੇ ਸਨ, ਇਨ੍ਹਾਂ ਵਿਚੋਂ ਇਕ ਇਹ ਸੀ ਕਿ ਸੂਬਾ ਪ੍ਰਧਾਨ ਨੂੰ  ਗੱਦੀਓਾ ਲਾਹੁਣ ਲਈ ਇਕ ਧੜੇ ਵਲੋਂ ਲਗਾਤਾਰ ਲਾਮਬੰਦੀ ਕੀਤੀ ਜਾ ਰਹੀ ਸੀ | ਇਸੇ ਹੀ ਧੜੇ ਵਲੋਂ ਚੋਣਾਂ ਸਮੇਂ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਵੀ ਹਾਈਕਮਾਨ ਤੋਂ ਮੰਗ ਕੀਤੀ ਜਾ ਰਹੀ ਸੀ | ਪਰ ਹਾਈਕਮਾਨ ਇਸ ਲਈ ਤਿਆਰ ਨਹੀਂ ਸੀ ਹੋਈ | ਪੰਜਾਬ ਕਾਂਗਰਸ ਦਾ ਹਾਈਕਮਾਨ ਵਲੋਂ ਨਵਾਂ ਇੰਚਾਰਜ ਲਾਉਣ ਨਾਲ ਹਾਲ ਦੀ ਘੜੀ ਕੁਝ ਹੱਦ ਤੱਕ ਏਕਤਾ ਦਾ ਪ੍ਰਭਾਵ ਜ਼ਰੂਰ ਬਣ ਰਿਹਾ ਹੈ ਪਰ ਅਜੇ ਵੀ ਟਿਕਟਾਂ ਦੀ ਵੰਡ ਨੂੰ  ਲੈ ਕੇ ਰੱਸਾਕਸ਼ੀ ਹੋਣ ਦੀ ਸੰਭਾਵਨਾ ਬਣੀ ਹੋਈ ਹੈ | ਇਸ ਨਾਲ ਨਜਿੱਠਣ ਲਈ ਵੀ ਪਾਰਟੀ ਨੂੰ  ਤਕੜੀ ਜ਼ੋਰ ਅਜ਼ਮਾਈ ਕਰਨੀ ਪੈ ਸਕਦੀ ਹੈ | ਉਂਝ ਵੀ ਹਾਲੇ ਤੱਕ ਸਿਰਫ਼ ਇੰਚਾਰਜ ਹੀ ਬਦਲਿਆ ਗਿਆ ਹੈ | ਪਾਰਟੀ ਅੰਦਰ ਉੱਠਦੇ ਰਹੇ ਮਸਲਿਆਂ ਬਾਰੇ ਕੋਈ ਕਦਮ ਨਹੀਂ ਚੁੱਕਿਆ ਗਿਆ | ਉੱਪਰੋਂ ਇਹ ਸੰਦੇਸ਼ ਵੀ ਦਿੱਤਾ ਗਿਆ ਹੈ ਕਿ ਆਉਂਦੀਆਂ ਚੋਣਾਂ ਲਈ ਕਿਸੇ ਨੂੰ  ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ ਜਾਏਗਾ | ਰਾਹੁਲ ਗਾਂਧੀ ਦੇ ਨਾਂਅ 'ਤੇ ਹੀ ਚੋਣਾਂ ਲੜੀਆਂ ਜਾਣਗੀਆਂ |
ਹਾਲ ਦੀ ਘੜੀ ਚੰਡੀਗੜ੍ਹ ਵਿਚ ਹੋਈ ਪ੍ਰਭਾਵਸ਼ਾਲੀ ਰੈਲੀ ਨਾਲ ਇਹ ਪ੍ਰਭਾਵ ਦੇਣ ਦਾ ਯਤਨ ਜ਼ਰੂਰ ਕੀਤਾ ਗਿਆ ਕਿ ਹੁਣ ਪਾਰਟੀ ਅਤੇ ਸਾਰੇ ਆਗੂ ਇਕੱਠੇ ਹੋ ਗਏ ਹਨ | ਇਸ ਵਿਚ ਬੋਲਦਿਆਂ ਵੀ ਸਾਰੇ ਹੀ ਨੇਤਾਵਾਂ ਨੇ ਪਾਰਟੀ ਅੰਦਰ ਏਕਤਾ ਹੋਣ ਦਾ ਪ੍ਰਭਾਵ ਦਿੱਤਾ ਹੈ | ਚੋਣਾਂ ਵਿਚ ਕੁਝ ਮਹੀਨੇ ਦਾ ਸਮਾਂ ਰਹਿ ਜਾਣ ਕਾਰਨ ਦਿਖਾਈ ਗਈ ਏਕੇ ਦੀ ਇਸ ਭਾਵਨਾ ਨੂੰ  ਆਉਂਦੇ ਸਮੇਂ ਵਿਚ ਕਿੰਨਾ ਕੁ ਸਥਾਈ ਬਣਾ ਕੇ ਰੱਖਿਆ ਜਾਏਗਾ ਇਹ ਦੇਖਣ ਵਾਲੀ ਗੱਲ ਹੋਵੇਗੀ |  ਚੋਣ ਤਿਆਰੀਆਂ ਵਿਚ ਪਛੜ ਗਈ ਇਸ ਪਾਰਟੀ ਨੂੰ  ਚੋਣਾਂ ਲਈ ਨੀਤੀਗਤ ਯੋਜਨਾਬੰਦੀ ਕਰਨ ਲਈ ਵੀ ਵੱਡੀ ਕਵਾਇਦ ਕਰਨ ਦੀ ਜ਼ਰੂਰਤ ਹੋਵੇਗੀ | ਅਜਿਹੀ ਭਾਵਨਾ ਨਾਲ ਹੀ ਇਹ ਦੂਸਰੀਆਂ ਵਿਰੋਧੀ ਪਾਰਟੀਆਂ ਦਾ ਚੋਣ ਮੈਦਾਨ ਵਿਚ ਸਾਹਮਣਾ ਕਰਨ ਦੇ ਸਮਰੱਥ ਹੋ ਸਕੇਗੀ |

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਜੋ ਏਕੇ ਨੂੰ ਵਿਉਂਤਬੰਦੀ ਦਾ ਧੁਰਾ ਬਣਾਉਣਗੇ, ਉਹੀ ਕਾਮਯਾਬ ਹੋਣਗੇ | —ਵੀਨਸ ਲੋਮਬਰਾਡੀ ਅਗਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਲੱਖਣ ਸਫ਼ਰ ਤੇ ਦੇਸ਼
Ad Position 24