28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਬੜਾ ਕੁਝ ਬਦਲ ਰਿਹਾ ਹੈ ਵਿਕਾਸ ਦੇ ਨਾਲ-ਨਾਲ

ਬੜਾ ਕੁਝ ਬਦਲ ਰਿਹਾ ਹੈ ਵਿਕਾਸ ਦੇ ਨਾਲ-ਨਾਲ

Ad Position 21
No active advertisement
ਅਜੀਤ ਡੈਸਕ 29-11-2026

ਪਿਛਲੇ ਦਿਨੀਂ ਇੰਦੌਰ ਰਹਿੰਦੇ ਸਾਡੇ ਇਕ ਅਮੀਰ ਰਿਸ਼ਤੇਦਾਰ ਦੀ ਮੌਤ ਹੋ ਗਈ | ਬਹੁਤ ਹੀ ਵਧੀਆ ਤਰੀਕੇ ਨਾਲ ਸਾਰੀਆਂ ਰਸਮਾਂ ਹੋਈਆਂ | ਬਹੁਤ ਦਾਨ ਪੰੁਨ ਵੀ ਕੀਤਾ ਗਿਆ | ਤਿੰਨ ਦਿਨ ਮਹਿਮਾਨਾਂ ਲਈ ਵੰਨ-ਸੁਵੰਨੇ ਪਕਵਾਨ ਵੀ ਪਰੋਸੇ ਗਏ | ਪਕਵਾਨ ਇਸ ਕਰਕੇ ਪਰੋਸੇ ਗਏ ਕਿਉਂਕਿ ਮਿ੍ਤਕ ਰਿਸ਼ਤੇਦਾਰ ਨੇ ਜ਼ਿੰਦਗੀ ਭਰ ਸਭ ਦੀ ਚੰਗੀ ਮੇਜ਼ਬਾਨੀ ਕੀਤੀ ਸੀ | ਇਹ ਕੋਸ਼ਿਸ਼ ਕੀਤੀ ਗਈ ਕਿ ਵੱਧ ਤੋਂ ਵੱਧ ਡਿਸਪੋਜ਼ੇਬਲ ਕਰਾਕਰੀ ਹੀ ਵਰਤੀ ਜਾਵੇ | ਵਰਤੋ ਤੇ ਸੁੱਟੋ | ਅਸਲ 'ਚ ਇੰਦੌਰ 'ਚ ਪਾਣੀ ਦੀ ਸਖ਼ਤ ਕਿੱਲਤ ਹੈ | ਇੰਦੌਰ ਭਾਰਤ ਦਾ ਸਭ ਤੋਂ ਵੱਧ ਸਾਫ਼ ਸੁਥਰਾ ਸ਼ਹਿਰ ਹੈ ਪਰ ਜਲ ਸੰਕਟ ਨਾਲ ਜੂਝ ਰਿਹਾ ਹੈ | ਇੰਦੌਰ ਵਾਂਗ ਭਾਰਤ ਦੇ ਹੋਰਨਾਂ ਮਹਾਨਗਰਾਂ/ਸ਼ਹਿਰਾਂ 'ਚ ਪਾਣੀ ਦੀ ਘਾਟ ਹੈ | ਲੰਘੇ ਵਰ੍ਹੇ ਮੈਂ ਤਿੰਨ ਦਿਨ ਡਲਹੌਜ਼ੀ ਘੁੰਮਣ ਗਿਆ ਸੀ | ਮੈਂ ਨੋਟ ਕੀਤਾ ਕਿ ਟੈਂਕਰਾਂ ਰਾਹੀਂ ਹੋਟਲਾਂ 'ਚ ਪਾਣੀ ਆ ਰਿਹਾ ਸੀ | ਜਲ ਤਾਂ ਹਵਾ ਤੋਂ ਬਾਅਦ ਪਹਿਲੀ ਲੋੜ ਹੈ ਅਤੇ ਅਸੀਂ ਜਲ ਸੰਕਟ ਨਾਲ ਜੂਝ ਰਹੇ ਹਾਂ | 50,362 ਵਰਗ ਕਿ. ਮੀ. 'ਚ ਫੈਲੇ ਪੰਜਾਬ 'ਚ ਪਾਣੀ ਦਾ ਪੱਧਰ ਨਿਰੰਤਰ ਡਿਗ ਰਿਹਾ ਹੈ | ਗਰਮੀਆਂ 'ਚ 55,673 ਵਰਗ ਕਿ.ਮੀ. 'ਚ ਫੈਲੇ ਹਿਮਾਚਲ ਦੇ ਕਈ ਹਿੱਸੇ ਜਲ ਸੰਕਟ ਨਾਲ ਜੂਝਦੇ ਹਨ | ਪਾਣੀ ਵਾਂਗ ਸਾਡੀ ਹਵਾ ਦੀ ਗੁਣਵੱਤਾ ਦਾ ਗ੍ਰਾਫ਼ ਵੀ ਨਿਰੰਤਰ ਡਿੱਗ ਰਿਹਾ ਹੈ | ਵਿਕਾਸ ਦੇ ਨਾਂਅ 'ਤੇ ਪਹਾੜ ਪੱਧਰੇ ਕਰਕੇ, ਜੰਗਲ ਵੱਢ ਕੇ ਵੱਡੀਆਂ ਵੱਡੀਆਂ ਸੜਕਾਂ, ਸੁਰੰਗਾਂ ਅਤੇ ਡੈਮ ਬਣਾਏ ਜਾ ਰਹੇ ਹਨ | ਮੈਦਾਨੀ ਰਾਜਾਂ 'ਚ ਧੜਾਧੜ ਉਸਾਰੀਆਂ ਹੋ ਰਹੀਆਂ ਹਨ | ਜੰਗਲਾਂ ਹੇਠ ਰਕਬਾ ਨਿਰੰਤਰ ਘਟ ਰਿਹਾ ਹੈ | ਸਕੀਮ ਨਾਲ, ਕਰਜ਼ੇ ਨਾਲ, ਕਿਸ਼ਤਾਂ ਨਾਲ ਬੈਂਕ ਧੜਾਧੜ ਲੋਕਾਂ ਨੂੰ  ਚਾਰ ਪਹੀਆ, ਦੋ ਪਹੀਆ ਵਾਹਨ ਦੇ ਰਹੇ ਹਨ ਅਤੇ ਲੋਕ ਲੈ ਰਹੇ ਹਨ | ਇਹ ਸਿਸਟਮ ਚੌਗਿਰਦੇ ਦਾ ਸੱਤਿਆਨਾਸ਼ ਕਰ ਰਿਹਾ ਹੈ | ਜਿਥੋਂ ਤੱਕ ਖੁਰਾਕ ਦਾ ਸਵਾਲ ਹੈ ਸਾਡੇ ਕੋਲ ਚੰਗੀ ਖੁਰਾਕ ਦੀ ਘਾਟ ਹੈ | ਚੰਗੇ ਫਲ ਤਾਂ ਗ਼ਰੀਬ ਅਤੇ ਮੱਧ ਵਰਗ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ | 85 ਕਰੋੜ ਲੋਕ ਸਰਕਾਰੀ ਰਾਸ਼ਨ ਦੀ ਸਹੂਲਤ ਲੈ ਰਹੇ ਹਨ | ਅਸੀਂ ਸਕੂਲਾਂ 'ਚ 'ਮਿਡ ਡੇਅ ਮੀਲ' ਯੋਜਨਾ ਚਲਾ ਰਹੇ ਹਾਂ | ਇਸ ਨੂੰ  ਚਲਾਉਣ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਸਾਡਾ ਹਰ ਦੂਜਾ ਬੱਚਾ ਕੁਪੋਸ਼ਨ ਦਾ ਸ਼ਿਕਾਰ ਹੈ | ਅਸੀਂ ਅਜੇ ਵੀ ਤਪਦਿਕ ਨਾਲ ਜੂਝ ਰਹੇ ਹਾਂ | ਅਸੀਂ 'ਵਿਸ਼ਵ ਗੁਰੂ' ਹਾਂ ਅਤੇ ਵੱਡੀ 'ਸਪੇਸ ਸ਼ਕਤੀ' ਵੀ | ਸਾਡੀ ਫ਼ੌਜ ਕਾਫੀ ਸ਼ਕਤੀਸ਼ਾਲੀ ਹੈ ਪਰ ਅਸੀਂ ਜਦੋਂ ਹਸਪਤਾਲ ਜਾਂਦੇ ਹਾਂ ਤਾਂ ਬਿੱਲ ਦੇਖ ਕੇ ਡਰ ਜਾਂਦੇ ਹਾਂ | ਜਦੋਂ ਅਸੀਂ ਸਰਕਾਰੀ ਹਸਪਤਾਲ 'ਚ ਜਾਂਦੇ ਹਾਂ, ਵਰਾਂਡਿਆਂ 'ਚ ਰੁਲਦੇ ਹਾਂ ਤਾਂ ਪੰਜਾਬੀ ਦੇ ਚਾਰ ਸ਼ਬਦ ਚੇਤੇ ਆਉਂਦੇ ਹਨ 'ਕੌਣ ਹੈ ਦਿੰਦਾ ਢੋਈ', ਜਦੋਂ ਅਸੀਂ ਪ੍ਰਾਈਵੇਟ ਹਸਪਤਾਲ ਜਾਂਦੇ ਹਾਂ ਤਾਂ ਚੇਤੇ ਆਉਂਦਾ ਹੈ, 'ਬਾਪ ਬੜਾ ਨਾ ਭਈਆ ਸਭ ਸੇ ਬੜਾ ਰੁਪਈਆ |' ਤੁਹਾਨੂੰ ਯਾਦ ਹੀ ਹੋਵੇਗਾ ਕਿ ਕੋਰੋਨਾ ਕਹਿਰ ਵੇਲੇ ਸਾਡੇ ਸਿਹਤ ਢਾਂਚੇ ਦਾ ਜਲੂਸ ਹੀ ਨਿਕਲ ਗਿਆ ਸੀ | ਇਹ ਠੀਕ ਹੈ ਕਿ ਸਰਕਾਰ ਨੇ ਆਯੂਸ਼ਮਾਨ ਕਾਰਡ ਸਿਹਤ ਬੀਮਾ ਕਾਰਡ, ਬੈਂਕ ਇੰਸੋਰੈਂਸ ਆਦਿ ਕਾਰਡ ਜਾਰੀ  ਕੀਤੇ ਹਨ ਪਰ ਇਨ੍ਹਾਂ 'ਚ ਸਭ ਕੁਝ ਕਵਰ ਨਹੀਂ ਹੁੰਦਾ | ਨੰਗਲ-ਭਾਖੜਾ ਦੇ ਨੌਜਵਾਨ ਹਰਕੀਰਤ ਸਿੰਘ ਹੈਪੀ ਦੀ ਬਿਮਾਰੀ 'ਤੇ ਦੋ ਕਰੋੜ ਰੁਪਏ ਖਰਚ ਹੋਏ | ਹਰਕੀਰਤ ਪ੍ਰਵਾਸੀ ਪੰਜਾਬੀ ਸਨ ਅਤੇ ਪਰਿਵਾਰ ਨੇ ਪੂਰੀ ਵਾਹ ਲਾਈ, ਬੇਸ਼ੱਕ ਉਹ ਬਚ ਨਹੀਂ ਸਕੇ | ਵੱਡੀ ਗਿਣਤੀ 'ਚ ਭਾਰਤੀ ਨਾਗਰਿਕ ਇਲਾਜ ਅੱਧ ਵਿਚਾਲੇ ਹੀ ਛੱਡ ਦਿੰਦੇ ਹਨ | ਇਹ 'ਅਭਾਵ ਇੰਡੀਆ' ਹੈ, ਜਿਥੇ ਸੰਤ ਮਹਾਂਤਮਾ ਵੀ ਗੰਭੀਰ ਬਿਮਾਰੀਆਂ ਦਾ ਇਲਾਜ ਕਰਦੇ ਹਨ | ਗਲੀ-ਗਲੀ ਬੈਠੇ ਡਾਕਟਰ ਪੰਛੀ, ਡਾ. ਤਿੱਤਰ, ਡਾ. ਬਟੇਰ, ਡਾ. ਯੂ. ਟਿਊਬਰ ਵੀ ਬਰੇਨ ਟਿਊਮਰ ਦਾ ਇਲਾਜ ਕਰ ਰਹੇ ਹਨ | ਇਨ੍ਹਾਂ ਕੋਲ ਮੈਡੀਕਲ ਦੀ ਚੋਟੀ ਦੀ ਡਿਗਰੀ ਹੈ 'ਡਬਲਿਯੂ.ਡੀ.' ਭਾਵ 'ਵਿਦਾਊਟ ਡਿਗਰੀ', ਅਨਪੜ੍ਹਤਾ ਅਤੇ ਵਿੱਤੀ ਸਮਰੱਥਾ ਦੀ ਘਾਟ ਕਾਰਨ ਕਰੋੜਾਂ ਲੋਕ ਨੀਮ ਹਕੀਮਾਂ ਕੋਲ ਤੁਰੇ ਫਿਰਦੇ ਹਨ | ਸਾਡੇ ਦੇਸ਼ 'ਚ ਝਾੜ ਫੂਕ ਨਾਲ ਵੀ ਇਲਾਜ ਹੁੰਦਾ ਹੈ | ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀਂ ਦੇਸ਼ ਦੇ ਲੋਕਾਂ ਨੂੰ  ਇਹ ਅਪੀਲ ਕੀਤੀ ਸੀ ਕਿ 'ਬੱਚਤ ਕਰੋ... ਜਨਤਕ ਟਰਾਂਸਪੋਰਟ ਵਰਤੋ... ਇਕ ਸਾਲ ਸੋਨਾ ਨਾ ਖਰੀਦੋ... ਵਿਦੇਸ਼ ਯਾਤਰਾ ਨਾ ਕਰੋ |' ਇਹ ਅਪੀਲ ਤਰਕਸੰਗਤ ਹੈ ਕਿਉਂਕਿ ਜਦੋਂ ਦੇਸ਼ ਸੰਕਟ 'ਚ ਹੋਵੇ ਤਾਂ ਨਾਗਰਿਕਾਂ ਨੂੰ  ਵੀ ਆਪਣਾ ਫ਼ਰਜ਼ ਨਿਭਾਉਣਾ ਚਾਹੀਦਾ ਹੈ | ਇਸ ਤੋਂ ਪਹਿਲਾਂ ਵੀ ਸਾਡੇ ਦੇਸ਼ ਦੇ ਮਹਾਨ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਦੇਸ਼ ਵਾਸੀਆਂ ਨੂੰ  ਵਰਤ ਰੱਖਣ ਲਈ ਕਿਹਾ ਸੀ ਤਾਂ ਜੋ ਅੰਨ ਸੰਕਟ ਨਾਲ ਨਜਿੱਠਿਆ ਜਾ ਸਕੇ | ਸਰਕਾਰੀ ਘਰਾਂ, ਕੋਠੀਆਂ ਅਤੇ ਜਨਤਕ ਥਾਵਾਂ 'ਤੇ ਅਨਾਜ ਉਗਾਉਣ ਦਾ ਵਿਚਾਰ ਸ਼ਾਸਤਰੀ ਜੀ ਦਾ ਹੀ ਸੀ | ਇੰਦਰਾ ਗਾਂਧੀ ਵਲੋਂ ਲਗਾਈ ਐਮਰਜੈਂਸੀ ਦੌਰਾਨ ਵੀ ਵਿਆਹਾਂ 'ਚ ਪਕਵਾਨਾਂ ਦੀ ਸੰਖਿਆ ਘਟਾਈ ਗਈ ਸੀ | ਮਹਾਤਮਾ ਗਾਂਧੀ ਵਲੋਂ ਖਾਦੀ ਅਤੇ ਛੋਟੇ ਉਦਯੋਗਾਂ ਨੂੰ  ਹੱਲਾਸ਼ੇਰੀ ਦੇਣ ਪਿੱਛੇ ਕਈ ਠੋਸ ਕਾਰਨ ਸਨ | ਮਹਾਤਮਾ ਗਾਂਧੀ ਚਾਹੁੰਦੇ ਸਨ ਕਿ ਪਿੰਡਾਂ ਤੋਂ ਸ਼ਹਿਰਾਂ ਵੱਲ ਘੱਟ ਤੋਂ ਘੱਟ ਪ੍ਰਵਾਸ ਹੋਵੇ ਕਿਉਂਕਿ 80 ਫ਼ੀਸਦੀ ਜਨਸੰਖਿਆ ਤਾਂ ਪਿੰਡਾਂ 'ਚ ਰਹਿੰਦੀ ਹੈ | ਜੇ ਲੋਕ ਸ਼ਹਿਰਾਂ ਵੱਲ ਪ੍ਰਵਾਸ ਕਰ ਗਏ ਤਾਂ ਨਵੀਆਂ ਸਮੱਸਿਆਵਾਂ ਪੈਦਾ ਹੋ ਜਾਣਗੀਆਂ | ਚੰਡੀਗੜ੍ਹ, ਮੁਹਾਲੀ, ਖਰੜ ਦੀ ਉਦਾਹਰਨ ਤੁਹਾਡੇ ਸਾਹਮਣੇ ਹੈ | 1990-2000 ਤੱਕ ਸ਼ਿਵਾਲਿਕ ਵਿਹਾਰ (ਨਵਾਂ ਗਾਓਾ, ਚੰਡੀਗੜ੍ਹ) ਬਹੁਤ ਹੀ ਖੁੱਲ੍ਹਾ ਇਲਾਕਾ ਸੀ ਪਰ ਹੁਣ ਤਾਂ ਪਹਾੜ ਗੰਜ ਦਿੱਲੀ ਵਰਗਾ ਹੋ ਗਿਆ ਹੈ | ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਦੇਸ਼ ਦੇ ਖਾਸ ਹਾਲਾਤ ਨੂੰ  ਦੇਖ ਕੇ ਹੀ ਮਿਸ਼ਰਤ ਅਰਥ-ਵਿਵਸਥਾ ਲਾਗੂ ਕੀਤੀ ਸੀ | ਨਾ ਤਾਂ 100 ਫ਼ੀਸਦੀ, ਨਿੱਜੀਕਰਨ ਅਤੇ ਨਾ ਹੀ 100 ਫ਼ੀਸਦੀ ਸਰਕਾਰੀਕਰਨ | ਨਹਿਰੂ ਨੇ ਦੇਸ਼ ਦਾ ਚੱਪਾ-ਚੱਪਾ ਦੇਖਿਆ ਸੀ ਰੇਲ ਅਤੇ ਹਵਾਈ ਜਹਾਜ਼ 'ਤੇ ਚੜ੍ਹ ਕੇ | ਪੈਦਲ ਤੁਰ ਕੇ, ਊਠ 'ਤੇ ਚੜ੍ਹ ਕੇ, ਹਾਥੀ 'ਤੇ ਚੜ੍ਹ ਕੇ | ਝੁਰਲੂ ਘੁੰਮਾਅ ਕੇ ਨਹੀਂ ਲਿਖੀ ਗਈ 647 ਸਫੇ ਦੀ ਕਿਤਾਬ 'ਡਿਸਕਵਰੀ ਆਫ਼ ਇੰਡੀਆ', 'ਵਟਸਐਪ ਯੂਨੀਵਰਸਿਟੀ' ਦੇ ਖੋਜੀ ਕੋਲੰਬਸ ਭਾਵੇਂ ਨਹਿਰੂ ਵਿਰੁੱਧ ਕੂੜ ਪ੍ਰਚਾਰ ਕਰੀ ਜਾਣ | ਨਹਿਰੂ ਨੇ ਬਹੁਤ ਘੱਟ ਸਾਧਨਾਂ ਨਾਲ ਦੇਸ਼ ਨੂੰ  ਆਪਣੇ ਪੈਰਾਂ 'ਤੇ ਖੜ੍ਹਾ ਕਰਨ ਲਈ ਪੂਰੀ ਵਾਹ ਲਾ ਦਿੱਤੀ ਸੀ | ਸ੍ਰੀ ਅੰਮਿ੍ਤਸਰ ਰਹਿੰਦੀ ਇਕ ਸੱਚੀ-ਸੁੱਚੀ ਜਨਸੰਘੀ ਲਿਖਾਰੀ ਬੀਬੀ ਇਕ ਵਾਰੀ ਨੰਗਲ ਆਈ | ਸਵੇਰ ਦੇ ਸਮੇਂ ਉਹ ਬੀਬੀ ਵੀ.ਆਈ.ਪੀ. ਵਿਸ਼ਰਾਮ ਘਰ 'ਸਤਲੁਜ ਸਦਨ' 'ਚ ਨਾਸ਼ਤਾ ਕਰ ਰਹੀ ਸੀ | ਸਾਦੀ ਰੋਟੀ, ਲਸੂੜਿਆਂ ਦਾ ਆਚਾਰ ਅਤੇ ਦਹੀਂ | ਮੈਂ ਵੀ ਨਾਲ ਹੀ ਬੈਠਾ ਸਾਂ, ਉਹ ਬੋਲੀ, 'ਨਹਿਰੂ ਦਾ ਬੁੱਤ ਭਾਖੜਾ ਡੈਮ ਲਾਗੇ ਬਿਲਕੁਲ ਠੀਕ ਥਾਂ 'ਤੇ ਲੱਗਾ ਹੈ... ਨਹਿਰੂ ਸੱਚੀਂ ਮਹਾਨ ਸੀ... ਪਰ ਤੁਸੀਂ ਛਾਪਿਓ ਨਾ... ਮੈਨੂੰ ਪਾਰਟੀ 'ਚੋਂ ਕੱਢ ਦੇਣਗੇ |' ਡਾ. ਮਨਮੋਹਨ ਸਿੰਘ ਅਤੇ ਅਟਲ ਬਿਹਾਰੀ ਵਾਜਪਾਈ ਦੇ ਦੌਰ 'ਚ ਨਿੱਜੀਕਰਨ ਅਤੇ ਵਿਦੇਸ਼ੀ ਨਿਵੇਸ਼ ਨੂੰ  ਹੱਲਾਸ਼ੇਰੀ ਮਿਲੀ | ਪਿਛਲੇ 12 ਵਰਿ੍ਹਆਂ ਤੋਂ ਸ੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹਨ | ਅਸੀਂ ਬੁਲਿਟ ਟਰੇਨ ਦੀ ਰਫ਼ਤਾਰ ਨਾਲ ਧਰਤੀ 'ਤੇ ਨਿੱਜੀਕਰਨ ਵੱਲ ਵਧ ਰਹੇ ਹਾਂ | ਵੈਸੇ ਅਸਮਾਨ 'ਤੇ ਉੱਡਦੇ ਸਾਰੇ ਜਹਾਜ਼ ਨਿੱਜੀ ਹਨ ਪਰ ਸਾਡੇ ਕੋਲ ਸ਼ਹਿਰੀ ਹਵਾਬਾਜ਼ੀ ਮੰਤਰੀ ਸਰਕਾਰੀ ਹਨ | ਦੇਖੋ ਇਹ ਵੀ ਇਕ ਪ੍ਰਾਪਤੀ ਹੈ |  ਕਈ ਸਕੀਮਾਂ ਮੁੱਢੋਂ ਹੀ ਗ਼ਲਤ ਹਨ ਭਾਵੇਂ ਪੈਸੇ ਦੀ ਬਹੁਤ ਬੱਚਤ ਹੁੰਦੀ ਹੈ, ਜਿਵੇਂ 'ਅਗਨੀਵੀਰ' ਚਾਰ ਵਰ੍ਹੇ ਤਾਂ ਪ੍ਰਪੱਕ ਫ਼ੌਜੀ ਬਣਨ ਨੂੰ  ਲਗਦੇ ਹਨ, ਸਿਸਟਮ ਕਹਿੰਦਾ ਤੂੰ ਹੁਣ ਸੇਵਾਮੁਕਤ ਹੋ ਜਾ | ਬਿਨਾਂ ਪੈਨਸ਼ਨ ਤੋਂ 100 ਫ਼ੀਸਦੀ ਟੈਨਸ਼ਨ ਨਾਲ | ਕੈਨੇਡਾ 'ਚ ਬੁਢਾਪੇ ਨੂੰ  'ਗੋਲਡਨ ਏਜ' ਕਹਿੰਦੇ ਹਨ | ਬਾਬਿਆਂ ਨੂੰ  ਰੱਜਵੀਂ ਪੈਨਸ਼ਨ ਮਿਲਦੀ ਹੈ | ਸਿਹਤ ਅਤੇ ਸਮਾਜਿਕ ਸੁਰੱਖਿਆ ਵੀ ਹੈ | ਅਸੀਂ ਤਾਂ ਪੁਰਾਣੀ ਪੈਨਸ਼ਨ ਹੀ ਬੰਦ ਕਰ ਦਿੱਤੀ ਹੈ | ਸਾਡੀ ਵਿਧਵਾ, ਯਤੀਮ, ਦਿਵਿਆਂਗ, ਬੁਢਾਪਾ ਪੈਨਸ਼ਨ 'ਊਠ ਦੇ ਮੰੂਹ 'ਚ ਜੀਰਾ' ਵਾਂਗ ਹੈ | ਬੇਰੁਜ਼ਗਾਰੀ ਭੱਤਾ ਨਾਮਾਤਰ ਹੈ | ਜੇ ਦੇਸ਼ 'ਚ ਚੰਗੇ ਡਾਕਟਰਾਂ, ਨਰਸਾਂ, ਟੀਚਰਾਂ ਲਈ ਹੀ ਪੱਕੀ ਸਰਕਾਰੀ ਨੌਕਰੀ ਨਹੀਂ ਤਾਂ ਸਾਡਾ ਭਵਿੱਖ ਕੀ ਹੋਵੇਗਾ | ਤਿੰਨ ਕਰੋੜ ਤੋਂ ਵੱਧ ਪ੍ਰਵਾਸੀ ਭਾਰਤੀ ਹਨ, ਜਿਨ੍ਹਾਂ 'ਚ ਇਕ ਕਰੋੜ ਤੋਂ ਵੱਧ ਪੰਜਾਬੀ ਹਨ | ਨਵੀਂ ਪੀੜ੍ਹੀ ਤਾਂ ਪੈਲੀ ਵੇਚ ਕੇ ਪੱਕੇ ਤੌਰ 'ਤੇ ਵਿਦੇਸ਼ ਜਾ ਵਸੀ ਹੈ | ਤੁਸੀਂ ਖੁਦ ਹੀ ਇਕ ਤਜਰਬਾ ਕਰੋ | ਹੁਣੇ ਹੁਣੇ ਜਨਗਣਨਾ ਹੋ ਰਹੀ ਹੈ | ਬਹੁਤੀ ਥਾੲੀਂ ਪਾਣੀ ਦੀ ਸਪਲਾਈ ਠੀਕ ਨਹੀਂ ਪਰ ਲਿਖਿਆ ਇਹ ਜਾ ਰਿਹਾ ਹੈ ਕਿ ਇਲਾਕਾ ਵਾਰਡ 'ਚ ਪਾਣੀ ਦੀ ਸਪਲਾਈ 100 ਫ਼ੀਸਦੀ ਸ਼ੁੱਧ ਹੈ | ਇਸੇ ਤਰ੍ਹਾਂ ਹੀ ਇਹ ਲਿਖਿਆ ਜਾ ਰਿਹਾ ਹੈ ਕਿ ਇਲਾਕਾ ਜਾਂ ਵਾਰਡ 100 ਫ਼ੀਸਦੀ ਖੁੱਲ੍ਹੇ 'ਚ ਪਖਾਨੇ ਤੋਂ ਮੁਕਤ ਹੈ ਪਰ ਲੋਕ ਜੰਗਲ ਪਾਣੀ ਬਾਹਰ ਜਾ ਰਹੇ ਹਨ | ਅਸੀਂ ਵੱਖ-ਵੱਖ ਸ਼ਹਿਰਾਂ ਨੂੰ  ਰਾਸ਼ਟਰੀ ਪ੍ਰੋਗਰਾਮ 'ਸਵੱਛ ਭਾਰਤ ਮੁਹਿੰਮ' ਅਧੀਨ ਸਨਮਾਨਿਤ ਕਰ ਰਹੇ ਹਾਂ ਪਰ ਜਨਤਕ ਥਾਵਾਂ 'ਤੇ ਲਾਵਾਰਿਸ ਢੱਠੇ ਘੁੰਮ ਰਹੇ ਹਨ | ਤਲਖ ਹਕੀਕਤਾਂ ਸਵੀਕਾਰ ਕਰਕੇ ਸਾਨੂੰ ਜਨਸੰਖਿਆ ਵਿਸਫੋਟ ਰੋਕਣਾ ਪਵੇਗਾ ਅਤੇ ਨਵੀਂ ਵਿਉਂਤਬੰਦੀ ਕਰਨੀ ਪਵੇਗੀ | ਮੰਤਰੀਆਂ ਅਤੇ ਅਫਸਰਾਂ ਨੂੰ  ਈਵੈਂਟ ਮੈਨੇਜਰ ਬਣਨ ਦੀ ਥਾਂ ਠੋਸ ਕੰਮ ਕਰਨ ਦੀ ਲੋੜ ਹੈ | ਰੀਲਾਂ ਓ.ਕੇ. ਪਰ ਰੀਅਲ? ਸਿੱਖਿਆ ਅਤੇ ਸਿਹਤ ਕ੍ਰਾਂਤੀ ਨਾਅਰਿਆਂ ਨਾਲ ਨਹੀਂ ਸਗੋਂ ਕੰਮ ਨਾਲ ਆਵੇਗੀ | ਰਾਜਸੀ ਵਿਰੋਧੀ ਰਾਹੁਲ ਗਾਂਧੀ ਨੂੰ  ਪੱਪੂ ਕਹਿਣ ਲਈ ਤੁਸੀਂ ਸੁਤੰਤਰ ਹੋ ਪਰ ਉਸ ਵਲੋਂ ਕੋਟਾ (ਰਾਜਸਥਾਨ) 'ਚ ਆਖੀਆਂ ਗੰਭੀਰ ਗੱਲਾਂ ਨੂੰ  ਸੁਣਨਾ ਹੀ ਪਵੇਗਾ ਤੇ ਹੁਣ ਅੰਤ 'ਚ ਅਜੋਕੇ ਸਮਾਜਿਕ ਦਿ੍ਸ਼ ਦੀ ਗੱਲ 'ਮੈਂ ਤੁਹਾਨੂੰ ਭੇਜਿਆ ਸੀ 'ਵਟਸਐਪ' ਤੇ ਸ਼ੋਕ ਸੰਦੇਸ਼... 'ਫੇਸਬੁੱਕ' ਤੋਂ ਲੱਗਾ ਸੀ ਪਤਾ ਤੁਹਾਡੇ ਪਾਪਾ ਪੂਰੇ ਹੋ ਗਏ |

-ਭਾਖੜਾ ਡੈਮ ਰੋਡ, ਨੰਗਲ |
ਮੋਬਾਈਲ : 98156-24927

Ad Position 22
No active advertisement
ਪਿਛਲੀ ਖ਼ਬਰ ਮਾਰੂਥਲ ਵਿਚ ਉੱਗਿਆ ਗੁਲਾਬ ਰੇਸ਼ਮਾ ਅਗਲੀ ਖ਼ਬਰ ਵਾਲਾਂ ਦੇ ਮੁਸਾਮ ਖੋਲ੍ਹੇ- ਲੂੰਧੜਾ
Ad Position 24