ਦਾਣਾ ਮੰਡੀ ਵਿਖੇ ਸੀਮਿੰਟ ਦੀ ਦੁਕਾਨ ਦਾ ਸ਼ਟਰ ਤੋੜ ਕੇ ਨਕਦੀ ਲੈ ਕੇ ਚੋਰ ਫ਼ਰਾਰ
ਆਸ-ਪਾਸ ਪਈ ਖ਼ਾਲੀ ਜਗ੍ਹਾ, ਜਿੱਥੇ ਲੱਗੇ ਗੰਦਗੀ ਦੇ ਢੇਰ ਬਣਿਆ ਨਸ਼ੇੜੀਆਂ ਦਾ ਅੱਡਾ
ਬਰਨਾਲਾ, 18 ਅਕਤੂਬਰ (ਨਰਿੰਦਰ ਅਰੋੜਾ)-ਬਰਨਾਲਾ ਵਿਖੇ ਲਗਾਤਾਰ ਚੋਰੀਆਂ ਦਾ ਸਿਲਸਿਲਾ ਜਾਰੀ ਹੈ ਅਤੇ ਚੋਰ ਬਿਨਾਂ ਕਿਸੇ ਡਰ ਤੋਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਦਾਣਾ ਮੰਡੀ ਰੋਡ ’ਤੇ ਪਹਿਲਾਂ ਵੀ ਕਈ ਚੋਰੀਆਂ ਹੋ ਚੁੱਕੀਆਂ ਹਨ ਅਤੇ ਬੀਤੀ ਰਾਤ ਦਾਣਾ ਮੰਡੀ ਵਿਖੇ ਸਥਿਤ ਇੱਕ ਸੀਮਿੰਟ ਦੀ ਦੁਕਾਨ ’ਤੇ ਚੋਰਾਂ ਵਲੋਂ ਸ਼ਟਰ ਤੋੜ ਕੇ ਨਕਦੀ ਲੈ ਕੇ ਫ਼ਰਾਰ ਹੋਣ ਦੀ ਘਟਨਾ ਸਾਹਮਣੇ ਆਈ ਹੈ।
ਬਰਨਾਲਾ, 18 ਅਕਤੂਬਰ (ਨਰਿੰਦਰ ਅਰੋੜਾ)-ਬਰਨਾਲਾ ਵਿਖੇ ਲਗਾਤਾਰ ਚੋਰੀਆਂ ਦਾ ਸਿਲਸਿਲਾ ਜਾਰੀ ਹੈ ਅਤੇ ਚੋਰ ਬਿਨਾਂ ਕਿਸੇ ਡਰ ਤੋਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਦਾਣਾ ਮੰਡੀ ਰੋਡ ’ਤੇ ਪਹਿਲਾਂ ਵੀ ਕਈ ਚੋਰੀਆਂ ਹੋ ਚੁੱਕੀਆਂ ਹਨ ਅਤੇ ਬੀਤੀ ਰਾਤ ਦਾਣਾ ਮੰਡੀ ਵਿਖੇ ਸਥਿਤ ਇੱਕ ਸੀਮਿੰਟ ਦੀ ਦੁਕਾਨ ’ਤੇ ਚੋਰਾਂ ਵਲੋਂ ਸ਼ਟਰ ਤੋੜ ਕੇ ਨਕਦੀ ਲੈ ਕੇ ਫ਼ਰਾਰ ਹੋਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਦਿੰਦਿਆਂ ਸ਼ਵੇਤਾ ਇੰਡਸਟਰੀ ਦੇ ਮਾਲਕ ਨੀਰਜ ਕੁਮਾਰ ਨੇ ਦੱਸਿਆ ਕਿ ਉਹ ਬੀਤੀ ਰਾਤ ਦੁਕਾਨ ਬੰਦ ਕਰ ਕੇ ਗਏ ਸਨ। ਜਦੋਂ ਸਵੇਰੇ ਆ ਕੇ ਦੇਖਿਆ ਤਾਂ ਦੁਕਾਨ ਦੇ ਸ਼ਟਰ ਟੁੱਟੇ ਪਏ ਸਨ ਅਤੇ ਥੋੜ੍ਹੀ ਜਿਹੀ ਜਗ੍ਹਾ ਵਿਚੋਂ ਚੋਰ ਅੰਦਰ ਵੜ ਗਏ। ਚੋਰਾਂ ਵਲੋਂ ਗੱਲੇ ਵਿਚ ਪਈ ਕਰੀਬ 20 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਗਈ। ਅਸੀਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ’ਤੇ ਪਹੁੰਚ ਕੇ ਪੁਲਿਸ ਵਲੋਂ ਘਟਨਾ ਦਾ ਜਾਇਜ਼ਾ ਲਿਆ ਗਿਆ। ਮੌਕੇ ’ਤੇ ਪਹੁੰਚੇ ਕਾਂਗਰਸ ਦੇ ਸੀਨੀਅਰ ਆਗੂ ਲੱਕੀ ਪੱਖੋ ਨੇ ਕਿਹਾ ਕਿ ਪੰਜਾਬ ਦੀ ਸਥਿਤੀ ਬਹੁਤ ਬੁਰੀ ਹੋ ਚੁੱਕੀ ਹੈ। ਲਗਾਤਾਰ ਲੁੱਟਾਂ-ਖੋਹਾਂ ਅਤੇ ਨਸ਼ੇ ਵਧ ਰਹੇ ਹਨ, ਪਰ ਸਰਕਾਰ ਅਤੇ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਇਸ ਦੇ ਆਸ-ਪਾਸ ਖ਼ਾਲੀ ਥਾਂ ਪਈ ਹੈ, ਜਿੱਥੇ ਗੰਦਗੀ ਦੇ ਢੇਰ ਤਾਂ ਪਏ ਹੀ ਹਨ, ਪਰ ਇਹ ਜਗ੍ਹਾ ਨਸ਼ੇੜੀਆਂ ਦਾ ਅੱਡਾ ਬਣੀ ਹੋਈ ਹੈ। ਕਈ ਵਾਰ ਦੁਕਾਨਦਾਰਾਂ ਵਲੋਂ ਖ਼ਬਰਾਂ ਵੀ ਲਗਵਾਈਆਂ ਗਈਆਂ ਹਨ ਅਤੇ ਪ੍ਰਸ਼ਾਸਨ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਹੈ, ਪਰ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ। ਉਨ੍ਹਾਂ ਮਾਰਕੀਟ ਕਮੇਟੀ ਅਫ਼ਸਰਾਂ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਵੱਲ ਧਿਆਨ ਦੇ ਕੇ ਇੱਥੋਂ ਨਸ਼ੇੜੀਆਂ ਦਾ ਅੱਡਾ ਖ਼ਤਮ ਕਰਵਾਇਆ ਜਾਵੇ ਅਤੇ ਸਾਫ-ਸਫ਼ਾਈ ਕਰਵਾਈ ਜਾਵੇ। ਜਦੋਂ ਇਸ ਮਾਮਲੇ ਸੰਬੰਧੀ ਮੌਕੇ ’ਤੇ ਪਹੁੰਚੇ ਤਫ਼ਤੀਸ਼ੀ ਅਫਸਰ ਹੌਲਦਾਰ ਅਮਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਿਆਨ ਲਿਖੇ ਜਾ ਰਹੇ ਹਨ। ਬਿਆਨ ਲਿਖਣ ਤੋਂ ਬਾਅਦ ਜਾਂਚ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਅਮਲ ਦੇ ਵਿਚ ਲਿਆਂਦੀ ਜਾਵੇਗੀ ਰਹੀ।