ਨੌਕਰੀ ਦਿਵਾਉਣ ਦੀ ਆੜ ’ਚ 18 ਲੱਖ 33 ਹਜ਼ਾਰ ਦੀ ਠੱਗੀ ਮਾਰਨ ਵਾਲੇ 4 ਜਣਿਆਂ ਖ਼ਿਲਾਫ਼ ਮਾਮਲਾ ਦਰਜ
ਬਰਨਾਲਾ, 2 ਸਤੰਬਰ (ਰਾਜ ਪਨੇਸਰ)- ਸਥਾਨਕ ਨਾਮਦੇਵ ਨਗਰ ਬਰਨਾਲਾ ਦੇ ਇਕ ਵਿਅਕਤੀ ਨੂੰ ਵਣ ਵਿਭਾਗ ’ਚ ਨੌਕਰੀ ਦਿਵਾਉਣ ਦੀ ਆੜ ’ਚ 18 ਲੱਖ 33 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ 4 ਜਣਿਆਂ ਖ਼ਿਲਾਫ਼ ਥਾਣਾ ਸਿਟੀ-1 ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵਲੋਂ ਦਰਜ ਐਫ.
ਬਰਨਾਲਾ, 2 ਸਤੰਬਰ (ਰਾਜ ਪਨੇਸਰ)- ਸਥਾਨਕ ਨਾਮਦੇਵ ਨਗਰ ਬਰਨਾਲਾ ਦੇ ਇਕ ਵਿਅਕਤੀ ਨੂੰ ਵਣ ਵਿਭਾਗ ’ਚ ਨੌਕਰੀ ਦਿਵਾਉਣ ਦੀ ਆੜ ’ਚ 18 ਲੱਖ 33 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ 4 ਜਣਿਆਂ ਖ਼ਿਲਾਫ਼ ਥਾਣਾ ਸਿਟੀ-1 ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵਲੋਂ ਦਰਜ ਐਫ.ਆਈ.ਆਰ. ਅਨੁਸਾਰ ਮੁੱਦਈ ਛਿੰਦਾ ਸਿੰਘ ਪੁੱਤਰ ਰਾਮ ਸਿੰਘ ਵਾਸੀ ਬੀਹਣੀਵਾਲ (ਮਾਨਸਾ) ਹਾਲ ਆਬਾਦ ਗਲੀ ਨੰ: 3 ਨਾਮਦੇਵ ਨਗਰ ਬਰਨਾਲਾ ਨੇ ਪੁਲਿਸ ਕੋਲ ਦਰਖ਼ਾਸਤ ਦਿੱਤੀ ਸੀ ਕਿ ਉਸ ਦੀ ਮੁਲਾਕਾਤ ਸੁਖਪ੍ਰੀਤ ਕੌਰ ਨਾਲ ਹੋਈ ਸੀ। ਜਿਸ ਨੇ ਕਿਹਾ ਕਿ ਸਾਡੀ ਸਰਕਾਰੀ ਦਰਬਾਰੇ ਜਾਣ ਪਛਾਣ ਹੈ ਤੇ ਉਹ ਸਰਕਾਰੀ ਨੌਕਰੀ ਲਗਾਉਣ ਦਾ ਕੰਮ ਕਰਦੇ ਹਨ । ਜਿਸ ’ਤੇ ਮੁਦਈ ਨੇ ਵਣ ਵਿਭਾਗ ’ਚ ਵਣ ਗਾਰਡ ਦੀ ਨੌਕਰੀ ਲਗਾਉਣ ਲਈ ਕਿਹਾ। ਇਸ ਦੀਆਂ ਗੱਲ ’ਚ ਆ ਗਿਆ ਤੇ ਜਿਸ ਨੇ ਸਰਕਾਰੀ ਨੌਕਰੀ ਦਿਵਾਉਣ ਦੀ ਆੜ ’ਚ 20 ਲੱਖ ਰੁਪਏ ਦੀ ਮੰਗ ਕੀਤੀ ਤਾਂ ਸੌਦਾ 18 ਲੱਖ 33 ਹਜ਼ਾਰ ਰੁਪਏ ’ਚ ਤੈਅ ਹੋ ਗਿਆ । ਮੁੱਦਈ ਨੇ ਵੱਖ-ਵੱਖ ਐਂਟਰੀਆਂ ਰਾਹੀਂ ਦੱਸੇ ਗਏ ਖਾਤਿਆਂ ’ਚ ਪੈਸੇ ਪਵਾ ਦਿੱਤੇ ਤੇ ਦੋਸ਼ੀਅਨ ਨੇ ਮੁੱਦਈ ਨੂੰ ਇਕ ਜੁਆਈਨਿੰਗ ਲੈਟਰ ਤੇ ਆਈ.ਡੀ. ਕਾਰਡ ਵੀ ਬਣਾ ਕੇ ਦਿੱਤਾ । ਜਦੋਂ ਮੁੱਦਈ ਜੁਆਈਨਿੰਗ ਲੈਟਰ ਤੇ ਆਈ.ਡੀ. ਕਾਰਡ ਲੈ ਕੇ ਗੁਰਦਾਸਪੁਰ ਦਫ਼ਤਰ ਵਿਖੇ ਗਿਆ ਤਾਂ ਉੱਥੇ ਜਾ ਕੇ ਪਤਾ ਲੱਗਿਆ ਕਿ ਲੈਟਰ ਤੇ ਆਈ.ਡੀ. ਕਾਰਡ ਜਾਅਲੀ ਤੇ ਫ਼ਰਜ਼ੀ ਹੈ ਤੇ ਸਰਕਾਰੀ ਨੌਕਰੀ ਸਬੰਧੀ ਉਸ ਦਾ ਦਾ ਕਿਸੇ ਵੀ ਲਿਸਟ ’ਚ ਨਾਮ ਨਹੀਂ ਹੈ। ਜਦੋਂ ਮੁੱਦਈ ਨੇ ਦੋਸ਼ੀਅਨ ਤੋਂ ਪੈਸੇ ਵਾਪਸ ਮੰਗੇ ਤਾਂ ਉਨ੍ਹਾਂ ਵਲੋਂ ਪੈਸੇ ਵਾਪਸ ਕਰਨ ਤੋਂ ਮਨਾ ਕਰ ਦਿੱਤਾ ਤੇ ਕਿਹਾ ਕਿ ਤੂੰ ਜੋ ਮਰਜ਼ੀ ਕਰ ਲੈ । ਮੁੱਦਈ ਵਲੋਂ ਦਿੱਤੀ ਦਰਖਾਸਤ ਦੀ ਪੁਲਿਸ ਨੇ ਬਾਰੀਕੀ ਨਾਲ ਪੜਤਾਲ ਕਰਨ ਉਪਰੰਤ ਸੁਖਪ੍ਰੀਤ ਕੌਰ ਪਤਨੀ ਸੁਖਮੰਦਰ ਸਿੰਘ ਵਾਸੀ ਤਲਵੰਡੀ ਸਾਬੋ, ਨਵਜੋਤ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਤਲਵੰਡੀ ਸਾਬੋ, ਸੁਖਮਨਪ੍ਰੀਤ ਕੌਰ ਵਾਸੀ ਸ਼ੇਖਪੁਰ (ਬਠਿੰਡਾ), ਸੁਖਮੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਤਲਵੰਡੀ ਸਾਬੋ ਖ਼ਿਲਾਫ਼ 18 ਲੱਖ 33 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਸਬੰਧ ’ਚ ਥਾਣਾ ਸਿਟੀ-1 ਵਲੋਂ ਮਾਮਲਾ ਦਰਜ ਕੀਤਾ ਗਿਆ ਹੈ।