ਪਿਛਲੇ ਪੰਜ ਸਾਲਾਂ ਤੋਂ ਮੁਕੰਮਲ ਨਹੀਂ ਹੋ ਸਕੀ ਪਿੰਡ ਰਾਮਗੜ੍ਹ ਦੀ ਡਿਸਪੈਂਸਰੀ ਦੀ ਉਸਾਰੀ
ਟੱਲੇਵਾਲ, 31 ਅਗਸਤ (ਸੋਨੀ ਚੀਮਾ)-ਆਮ ਆਦਮੀ ਪਾਰਟੀ ਦੀ ਸਰਕਾਰ ਇਹ ਦਾਅਵੇ ਤਾਂ ਕਰਦੀ ਹੈ ਕਿ ਉਸ ਦੀ ਮੁੱਖ ਤਰਜੀਹ ਸਿੱਖਿਆ ਅਤੇ ਸਿਹਤ ਸੇਵਾਵਾਂ ਹਨ ਪਰ ਇਨ੍ਹਾਂ ਪ੍ਰਤੀ ਸਰਕਾਰ ਕਿੰਨੀ ਕੁ ਗੰਭੀਰ ਹੈ, ਇਸ ਦਾ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਪਿੰਡ ਰਾਮਗੜ੍ਹ ਵਿਖੇ 10 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਡਿਸਪੈਂਸਰੀ ਪਿਛਲੇ 5 ਸਾਲਾਂ ਤੋਂ ਮੁਕੰਮਲ ਨਹੀਂ ਹੋ ਸਕੀ। ਜਿਸ ਦੇ ਚੱਲਦਿਆਂ ਡਿਸਪੈਂਸਰੀ ਦਾ ਕੰਮ ਕਾਰ ਸਿਹਤ ਵਿਭਾਗ ਦੇ ਡਾਕਟਰਾਂ ਵਲੋਂ ਗੁਰਦੁਆਰਾ ਸਾਹਿਬ ਦੇ ਕਮਰਿਆਂ ਵਿਚ ਬੈਠ ਕੇ ਚਲਾਇਆ ਜਾ ਰਿਹਾ ਹੈ।
ਟੱਲੇਵਾਲ, 31 ਅਗਸਤ (ਸੋਨੀ ਚੀਮਾ)-ਆਮ ਆਦਮੀ ਪਾਰਟੀ ਦੀ ਸਰਕਾਰ ਇਹ ਦਾਅਵੇ ਤਾਂ ਕਰਦੀ ਹੈ ਕਿ ਉਸ ਦੀ ਮੁੱਖ ਤਰਜੀਹ ਸਿੱਖਿਆ ਅਤੇ ਸਿਹਤ ਸੇਵਾਵਾਂ ਹਨ ਪਰ ਇਨ੍ਹਾਂ ਪ੍ਰਤੀ ਸਰਕਾਰ ਕਿੰਨੀ ਕੁ ਗੰਭੀਰ ਹੈ, ਇਸ ਦਾ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਪਿੰਡ ਰਾਮਗੜ੍ਹ ਵਿਖੇ 10 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਡਿਸਪੈਂਸਰੀ ਪਿਛਲੇ 5 ਸਾਲਾਂ ਤੋਂ ਮੁਕੰਮਲ ਨਹੀਂ ਹੋ ਸਕੀ। ਜਿਸ ਦੇ ਚੱਲਦਿਆਂ ਡਿਸਪੈਂਸਰੀ ਦਾ ਕੰਮ ਕਾਰ ਸਿਹਤ ਵਿਭਾਗ ਦੇ ਡਾਕਟਰਾਂ ਵਲੋਂ ਗੁਰਦੁਆਰਾ ਸਾਹਿਬ ਦੇ ਕਮਰਿਆਂ ਵਿਚ ਬੈਠ ਕੇ ਚਲਾਇਆ ਜਾ ਰਿਹਾ ਹੈ। ਇੱਥੇ ਦੱਸਣਯੋਗ ਹੋਵੇਗਾ ਕਿ ਪਿਛਲੀ ਕਾਂਗਰਸ ਸਰਕਾਰ ਸਮੇਂ ਉਸ ਵੇਲੇ ਦੇ ਪਿੰਡ ਰਾਮਗੜ੍ਹ ਦੇ ਸਰਪੰਚ ਰਾਜਵਿੰਦਰ ਸਿੰਘ ਰਾਜਾ ਦੀ ਰਹਿਨੁਮਾਈ ਹੇਠ ਸਰਕਾਰ ਨੇ 10 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਸੀ ਜਿਸ ਨਾਲ ਡਿਸਪੈਂਸਰੀ ਦੀ ਸ਼ਾਨਦਾਰ ਇਮਾਰਤ ਖੜੀ ਹੋ ਗਈ ਪ੍ਰੰਤੂ ਪਿਛਲੇ ਸਾਢੇ ਚਾਰ ਸਾਲਾਂ ਤੋਂ ਉਸ ਨੂੰ ਮੁਕੰਮਲ ਨਹੀਂ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਸਿਹਤ ਸੇਵਾਵਾਂ ਪ੍ਰਤੀ ਕੀਤੇ ਜਾ ਰਹੇ ਦਾਅਵੇ ਦੀ ਪੋਲ ਖੁੱਲ੍ਹਦੀ ਦਿਖਾਈ ਦੇ ਰਹੀ ਹੈ। ਸਾਬਕਾ ਸਰਪੰਚ ਰਾਜਵਿੰਦਰ ਸਿੰਘ ਰਾਜਾ ਸਿੱਧੂ ਨੇ ਦੱਸਿਆ ਕਿ ਕਾਂਗਰਸ ਸਰਕਾਰ ਸਮੇਂ ਮੇਰੇ ਕਾਰਜਕਾਲ ਦੌਰਾਨ ਡਿਸਪੈਂਸਰੀ ਨੂੰ 10 ਲੱਖ ਦੀ ਗਰਾਂਟ ਆਈ ਸੀ ਜਿਸ ਨਾਲ ਅਸੀਂ ਇਹ ਡਿਸਪੈਂਸਰੀ ਦੀ ਇਮਾਰਤ ਬਣਾ ਦਿੱਤੀ ਸੀ ਪ੍ਰੰਤੂ ਉਸ ਉਪਰੰਤ ਸਰਕਾਰ ਬਦਲ ਗਈ ਅਤੇ ਹੁਣ ਸਾਢੇ ਚਾਰ ਸਾਲ ਬੀਤਣ ਦੇ ਬਾਵਜੂਦ ਵੀ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ ਦਾ ਖ਼ਮਿਆਜ਼ਾ ਆਮ ਲੋਕ, ਸਿਹਤ ਵਿਭਾਗ ਦੇ ਮੁਲਾਜ਼ਮ ਅਤੇ ਮਰੀਜ਼ ਭੁਗਤ ਰਹੇ ਹਨ। ਜਦੋਂ ਇਸ ਸਬੰਧੀ ਪਿੰਡ ਦੇ ਮੌਜੂਦਾ ਸਰਪੰਚ ਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਸਿਵਲ ਸਰਜਨ ਦਫ਼ਤਰ ਬਰਨਾਲਾ ਵਿਖੇ ਮੰਗ-ਪੱਤਰ ਦਿੱਤਾ ਸੀ ਪ੍ਰੰਤੂ ਉਨ੍ਹਾਂ ਨੇ ਸਾਨੂੰ ਹੋਰ ਗਰਾਂਟ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਪੰਚਾਇਤੀ ਫ਼ੰਡ ’ਚੋਂ ਇਸ ਡਿਸਪੈਂਸਰੀ ਨੂੰ ਤੁਸੀਂ ਮੁਕੰਮਲ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਹੁਣ ਥੋੜੇ੍ਹ ਦਿਨ ਪਹਿਲਾਂ ਅਸੀਂ ਪੰਚਾਇਤੀ ਤੌਰ ’ਤੇ ਕੰਮ ਚਲਾਇਆ ਹੈ, ਹੁਣ ਦੇਖਣਾ ਇਹ ਹੋਵੇਗਾ ਕਿ ਪਿੰਡ ਰਾਮਗੜ੍ਹ ਦੀ ਪੰਚਾਇਤ ਪਿਛਲੇ ਪੰਜਾਂ ਸਾਲਾਂ ਤੋਂ ਚਿੱਟਾ ਹਾਥੀ ਬਣੀ ਡਿਸਪੈਂਸਰੀ ਨੂੰ ਮੁਕੰਮਲ ਕਰ ਕੇ ਲੋਕ ਅਰਪਣ ਕਰਦੀ ਹੈ ਜਾਂ ਨਹੀਂ।