ਕਲਗ਼ੀਧਰ ਅਕੈਡਮੀ ਦੇ ਸਾਲਾਨਾ ਖੇਡ ਸਮਾਰੋਹ ਦੇ ਦੂਜੇ ਦਿਨ ਖੇਡ ਮੈਦਾਨ ’ਚ ਦਿਖਿਆ ਉਤਸ਼ਾਹ ਤੇ ਜੋਸ਼
ਸਾਹਨੇਵਾਲ, 19 ਨਵੰਬਰ (ਹਨੀ ਚਾਠਲੀ)- ਕਲਗ਼ੀਧਰ ਅਕੈਡਮੀ ਸੀ. ਸੈਕੰ.
ਸਾਹਨੇਵਾਲ, 19 ਨਵੰਬਰ (ਹਨੀ ਚਾਠਲੀ)- ਕਲਗ਼ੀਧਰ ਅਕੈਡਮੀ ਸੀ. ਸੈਕੰ. ਸਕੂਲ, ਦੁੱਗਰੀ (ਸਾਹਨੇਵਾਲ) ਵਿਖੇ ਚੱਲ ਰਹੇ ਤਿੰਨ ਦਿਨਾਂ ਸਲਾਨਾ ਖੇਡ ਸਮਾਰੋਹ ਦੇ ਦੂਜੇ ਦਿਨ ਮੁੱਖ ਖੇਡ ਮੁਕਾਬਲਿਆਂ ਦਾ ਆਗਾਜ਼ ਮੁੱਖ ਮਹਿਮਾਨ ਵਜੋਂ ਪਹੁੰਚੇ ਉੱਘੇ ਡਾ. ਗੁਰਪ੍ਰੀਤ ਸਿੰਘ ਵਾਂਡਰ ਵਲੋਂ ਬੜੇ ਉਤਸ਼ਾਹ, ਜੋਸ਼ ਅਤੇ ਸ਼ਾਨੋ-ਸ਼ੌਕਤ ਨਾਲ ਕੀਤਾ ਗਿਆ। ਉਨ੍ਹਾਂ ਦੇ ਨਾਲ ਸਕੂਲ ਦੇ ਚੇਅਰਮੈਨ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਅਤੇ ਪ੍ਰਿੰਸੀਪਲ ਭੁਪਿੰਦਰਜੀਤ ਕੌਰ ਬੇਦੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਖੇਡ ਸਮਾਗਮ ਦੀ ਸ਼ੁਰੂਆਤ ਖੇਡ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਈ, ਜਿਸ ਦੀ ਜ਼ਿੰਮੇਵਾਰੀ ਵਿਸ਼ੇਸ਼ ਤੌਰ ’ਤੇ ਪੀ.ਟੀ.ਏ. ਪ੍ਰਧਾਨ ਅਮਨਦੀਪ ਸਿੰਘ ਝੱਜ ਵਲੋਂ ਨਿਭਾਈ ਗਈ। ਇਸ ਉਪਰੰਤ ਵਿਦਿਆਰਥੀਆਂ ਵਲੋਂ ਉਨ੍ਹਾਂ ਨੂੰ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ ਅਤੇ ਪੀ.ਟੀ.ਏ. ਪ੍ਰਧਾਨ ਨੇ ਮਾਰਚ ਪਾਸਟ ਦੌਰਾਨ ਵਿਦਿਆਰਥੀਆਂ ਦੀ ਸਲਾਮੀ ਲਈ। ਬੱਚਿਆਂ ਵਲੋਂ ਖੇਡ ਮਸ਼ਾਲ ਜਗਾ ਕੇ ਖੇਡ ਭਾਵਨਾ, ਏਕਤਾ ਅਤੇ ਨਿਰੰਤਰ ਅੱਗੇ ਵਧਣ ਦੇ ਸੰਕਲਪ ਨਾਲ ਖੇਡ ਮੁਕਾਬਲਿਆਂ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਡਾ. ਗੁਰਪ੍ਰੀਤ ਸਿੰਘ ਵਾਂਡਰ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਜੀਵਨ ਦਾ ਅਹਿਮ ਹਿੱਸਾ ਹਨ। ਇਹ ਨਾ ਸਿਰਫ਼ ਸਰੀਰਕ ਤੰਦਰੁਸਤੀ ਦਾ ਸਾਧਨ ਹਨ, ਸਗੋਂ ਬੱਚਿਆਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ, ਸਹਿਣਸ਼ੀਲਤਾ, ਮਿਹਨਤ ਅਤੇ ਟੀਮ ਭਾਵਨਾ ਵਰਗੇ ਗੁਣ ਵੀ ਪੈਦਾ ਕਰਦੀਆਂ ਹਨ। ਸਕੂਲ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਸਕੂਲ ਦਾ ਉਦੇਸ਼ ਬੱਚਿਆਂ ਨੂੰ ਸਿਰਫ਼ ਵਿੱਦਿਅਕ ਖੇਤਰ ਵਿਚ ਹੀ ਨਹੀਂ, ਸਗੋਂ ਖੇਡਾਂ ਅਤੇ ਹੋਰ ਸਹਿ-ਵਿੱਦਿਅਕ ਗਤੀਵਿਧੀਆਂ ਵਿਚ ਵੀ ਮੋਹਰੀ ਬਣਾਉਣਾ ਹੈ। ਸਕੂਲ ਦੇ ਮੈਨੇਜਰ ਲਖਵੀਰ ਸਿੰਘ ਹਰਾ ਵਲੋਂ ਸਮੁੱਚੇ ਪ੍ਰਬੰਧ ਨੂੰ ਬਾਖ਼ੂਬੀ ਨਿਭਾਇਆ ਗਿਆ। ਤਿੰਨ ਦਿਨਾਂ ਖੇਡ ਸਮਾਰੋਹ ਦੇ ਫਾਈਨਲ ਮੁਕਾਬਲੇ ਕੱਲ੍ਹ 20 ਨਵੰਬਰ ਨੂੰ ਕਰਵਾਏ ਜਾਣਗੇ, ਜਿਨ੍ਹਾਂ ਵਿਚ ਵਿਦਿਆਰਥੀਆਂ ਦੀ ਖੇਡ ਪ੍ਰਤਿਭਾ ਅਤੇ ਮਿਹਨਤ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲੇਗਾ।