ਪ੍ਰਸ਼ਾਸਨ ਨੇ ਫੁੱਟਪਾਥ ਖਾਲੀ ਕਰਵਾਏ, ਦੁਕਾਨਦਾਰਾਂ ਨੂੰ ਚਿਤਾਵਨੀ
ਸੜਕਾਂ ’ਤੇ ਰੇਹੜੀਆਂ ਲਾਈਆਂ ਤਾਂ ਹੋਵੇਗੀ ਕਾਰਵਾਈ
ਮਾਛੀਵਾੜਾ ਸਾਹਿਬ, 30 ਸਤੰਬਰ (ਰਾਜਦੀਪ ਸਿੰਘ ਅਲਬੇਲਾ)- ਮਾਛੀਵਾੜਾ ਦੇ ਖ਼ਾਲਸਾ ਚੌਕ ਨੇੜੇ ਫੁੱਟਪਾਥਾਂ ‘ਤੇ ਹੋਏ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਨਗਰ ਕੌਂਸਲ ਤੇ ਪੁਲਿਸ ਪ੍ਰਸ਼ਾਸਨ ਨੇ ਸਖ਼ਤ ਰੁਖ ਅਪਣਾਉਂਦਿਆਂ ਸਾਂਝੀ ਕਾਰਵਾਈ ਕੀਤੀ। ਫੁੱਟਪਾਥਾਂ ‘ਤੇ ਲੱਗੀਆਂ ਦੁਕਾਨਾਂ ਤੇ ਹੋਰ ਕਬਜ਼ੇ ਹਟਵਾ ਕੇ ਰਸਤਾ ਖਾਲੀ ਕਰਵਾਇਆ ਗਿਆ।
ਮਾਛੀਵਾੜਾ ਸਾਹਿਬ, 30 ਸਤੰਬਰ (ਰਾਜਦੀਪ ਸਿੰਘ ਅਲਬੇਲਾ)- ਮਾਛੀਵਾੜਾ ਦੇ ਖ਼ਾਲਸਾ ਚੌਕ ਨੇੜੇ ਫੁੱਟਪਾਥਾਂ ‘ਤੇ ਹੋਏ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਨਗਰ ਕੌਂਸਲ ਤੇ ਪੁਲਿਸ ਪ੍ਰਸ਼ਾਸਨ ਨੇ ਸਖ਼ਤ ਰੁਖ ਅਪਣਾਉਂਦਿਆਂ ਸਾਂਝੀ ਕਾਰਵਾਈ ਕੀਤੀ। ਫੁੱਟਪਾਥਾਂ ‘ਤੇ ਲੱਗੀਆਂ ਦੁਕਾਨਾਂ ਤੇ ਹੋਰ ਕਬਜ਼ੇ ਹਟਵਾ ਕੇ ਰਸਤਾ ਖਾਲੀ ਕਰਵਾਇਆ ਗਿਆ। ਨਗਰ ਕੌਂਸਲ ਦੇ ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਖ਼ਾਲਸਾ ਚੌਕ ਮਾਛੀਵਾੜਾ ਦੀ ਇਤਿਹਾਸਕ ਪਛਾਣ ਹੈ, ਪਰ ਇਸ ਦੇ ਆਲੇ-ਦੁਆਲੇ ਫੁੱਟਪਾਥਾਂ ‘ਤੇ ਕਬਜ਼ਿਆਂ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਭਾਰੀ ਆਵਾਜਾਈ ਵਾਲੇ ਇਸ ਇਲਾਕੇ ਵਿਚ ਫੁੱਟਪਾਥਾਂ ‘ਤੇ ਕਬਜ਼ੇ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ। ਮਾਮਲਾ ਡੀ. ਐੱਸ. ਪੀ. ਸਮਰਾਲਾ ਪ੍ਰਿਤਪਾਲ ਸਿੰਘ ਦੇ ਧਿਆਨ ਵਿਚ ਲਿਆਂਦੇ ਜਾਣ ਤੋਂ ਬਾਅਦ ਨਗਰ ਕੌਂਸਲ ਅਤੇ ਪੁਲਸ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਕੀਤੀ ਅਤੇ ਫੁੱਟਪਾਥ ਖਾਲੀ ਕਰਵਾਏ। ਡੀ. ਐੱਸ. ਪੀ. ਪ੍ਰਿਤਪਾਲ ਸਿੰਘ ਨੇ ਬਾਜ਼ਾਰ ਦਾ ਦੌਰਾ ਕਰਦਿਆਂ ਦੁਕਾਨਦਾਰਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਦੁਕਾਨਾਂ ਦੇ ਬਾਹਰ ਸੜਕਾਂ ‘ਤੇ ਨਾਜਾਇਜ਼ ਰੇਹੜੀਆਂ ਲਗਾਉਣ ਜਾਂ ਕਿਸੇ ਵੀ ਤਰ੍ਹਾਂ ਦਾ ਕਬਜ਼ਾ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਬਜ਼ਿਆਂ ਕਾਰਨ ਬਾਜ਼ਾਰ ਵਿੱਚ ਜਾਮ ਦੀ ਸਥਿਤੀ ਬਣਦੀ ਹੈ ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਡੀ. ਐੱਸ. ਪੀ. ਨੇ ਸਪਸ਼ਟ ਕੀਤਾ ਕਿ ਜੇਕਰ ਕਿਸੇ ਦੁਕਾਨਦਾਰ ਵਲੋਂ ਦੁਬਾਰਾ ਨਾਜਾਇਜ਼ ਕਬਜ਼ਾ ਕੀਤਾ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪੁਲਸ ਵਲੋਂ ਸ਼ਹਿਰ ਵਿਚ ਕਿਰਾਏ ‘ਤੇ ਰਹਿਣ ਵਾਲੇ ਲੋਕਾਂ ਦੀ ਪਛਾਣ ਸਬੰਧੀ ਵੀ ਮਕਾਨ ਮਾਲਕਾਂ ਨੂੰ ਸੁਚੇਤ ਕੀਤਾ ਗਿਆ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਕਿਰਾਏਦਾਰਾਂ ਦੀ ਪਛਾਣ ਦੀ ਪੂਰੀ ਤਸਦੀਕ ਕਰ ਕੇ ਹੀ ਕਮਰੇ ਕਿਰਾਏ ‘ਤੇ ਦਿੱਤੇ ਜਾਣ। ਇਸ ਮੌਕੇ ਥਾਣਾ ਮੁਖੀ ਕਰਮਜੀਤ ਸਿੰਘ, ਸਹਾਇਕ ਥਾਣੇਦਾਰ ਜਸਬੀਰ ਸਿੰਘ, ਮੁੱਖ ਮੁਨਸ਼ੀ ਮਨਜੋਤ ਸਿੰਘ ਸਮੇਤ ਪੁਲਸ ਅਧਿਕਾਰੀ ਮੌਜੂਦ ਸਨ।