ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਦੀ ਚੋਣ, ਅੰਮ੍ਰਿਤਪਾਲ ਕਲਿਆਣ ਬਣੇ ਜ਼ਿਲ੍ਹਾ ਪ੍ਰਧਾਨ
ਬਠਿੰਡਾ, 10 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ. ਨੰ.
ਬਠਿੰਡਾ, 10 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ. ਨੰ. 26) ਦੀ ਜ਼ਿਲ੍ਹਾ ਇਕਾਈ ਬਠਿੰਡਾ ਦੀ ਚੋਣ ਕਰਨ ਸੰਬੰਧੀ ਸਥਾਨਕ ਚਿਲਡਰਨ ਪਾਰਕ ਵਿਖੇ ਯੂਨੀਅਨ ਦੇ ਆਗੂਆਂ ਅਤੇ ਵਰਕਰਾਂ ਦੀ ਇਕੱਤਰਤਾ ਸੱਦੀ ਗਈ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਦਵਿੰਦਰ ਸਿੰਘ ਨਾਭਾ ਅਤੇ ਸੂਬਾ ਖ਼ਜ਼ਾਨਚੀ ਬਲਜਿੰਦਰ ਸਿੰਘ ਸਮਾਣਾ ਦੀ ਪ੍ਰਧਾਨਗੀ ਹੇਠ ਨਵੀਂ ਜ਼ਿਲ੍ਹਾ ਕਮੇਟੀ ਦੀ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਗਈ, ਜਿਸ ਦੌਰਾਨ ਸਰਬ-ਸੰਮਤੀ ਨਾਲ ਅੰਮ੍ਰਿਤਪਾਲ ਸਿੰਘ ਕਲਿਆਣ ਨੂੰ ਜ਼ਿਲ੍ਹਾ ਜਥੇਬੰਦੀ ਬਠਿੰਡਾ ਦਾ ਨਵਾਂ ਪ੍ਰਧਾਨ ਚੁਣਿਆ ਗਿਆ। ਉਨ੍ਹਾਂ ਤੋਂ ਇਲਾਵਾ ਜਗਜੀਤ ਸਿੰਘ ਸੇਮਾ ਨੂੰ ਜ਼ਿਲ੍ਹਾ ਸੀਨੀਅਰ ਉੱਪ-ਪ੍ਰਧਾਨ, ਕੁਲਵਿੰਦਰ ਸਿੰਘ ਨੂੰ ਜ਼ਿਲ੍ਹਾ ਉੱਪ-ਪ੍ਰਧਾਨ, ਅੰਗਰੇਜ਼ ਸਿੰਘ ਨੂੰ ਜ਼ਿਲ੍ਹਾ ਜਨਰਲ ਸਕੱਤਰ, ਸੰਦੀਪ ਸਿੰਘ ਬਾਜਕ ਨੂੰ ਜ਼ਿਲ੍ਹਾ ਖ਼ਜ਼ਾਨਚੀ, ਕੁਲਵੰਤ ਸਿੰਘ ਕਾਲਝਰਾਣੀ ਨੂੰ ਜ਼ਿਲ੍ਹਾ ਪ੍ਰੈੱਸ ਸਕੱਤਰ, ਦਵਿੰਦਰ ਸਿੰਘ ਨੂੰ ਜ਼ਿਲ੍ਹਾ ਸਲਾਹਕਾਰ, ਸੁਖਵਿੰਦਰ ਸਿੰਘ ਨੂੰ ਜ਼ਿਲ੍ਹਾ ਪ੍ਰਚਾਰ ਸਕੱਤਰ ਅਤੇ ਕੇਵਲ ਸਿੰਘ ਜੁਆਇੰਟ ਪ੍ਰਚਾਰ ਸਕੱਤਰ ਚੁਣਿਆ ਗਿਆ, ਜਿੰਨ੍ਹਾਂ ਦਾ ਸਾਥੀਆਂ ਨੇ ਭਰਵਾਂ ਸਵਾਗਤ ਕੀਤਾ । ਇਸ ਮੌਕੇ ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰਧਾਨ ਅਤੇ ਬਾਕੀ ਜ਼ਿਲ੍ਹਾ ਅਹੁਦੇਦਾਰਾਂ ਨੇ ਆਪਣੀ ਚੋਣ ਲਈ ਯੂਨੀਅਨ ਦੇ ਸਾਥੀ ਮੁਲਾਜ਼ਮਾਂ ਦਾ ਉਨ੍ਹਾਂ ’ਤੇ ਭਰੋਸਾ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਦੇ ਹੱਲ ਲਈ ਮੋਹਰੀ ਹੋ ਕੇ ਲੜਾਈ ਲੜਣਗੇ। ਇਸ ਦੌਰਾਨ ਵਰਕਰਾਂ ਦੀਆਂ ਤਨਖ਼ਾਹਾਂ, ਬਦਲੀਆਂ, ਕੱਚੇ ਵਰਕਰਾਂ ਨੂੰ ਵਿਭਾਗ ਵਿਚ ਸ਼ਾਮਲ ਕਰਨ ਅਤੇ ਫ਼ੀਲਡ ਵਰਕਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਸੰਬੰਧੀ ਸੰਘਰਸ਼ ਦੀ ਰੂਪ-ਰੇਖਾ ਤਿਆਰ ਕਰਨ ਬਾਰੇ ਵਿਚਾਰ ਚਰਚਾ ਕੀਤੀ ਗਈ।