ਫ਼ਿਰੋਜ਼ਪੁਰ ਵਿਚ ਘਰੇਲੂ ਗੈੱਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਤੋਂ ਆਮ ਖਪਤਕਾਰ ਪ੍ਰੇਸ਼ਾਨ
ਬੁਕਿੰਗ ਅਤੇ ਪਰਚੀ ਕੱਟਣ ਦੇ ਤਿੰਨ ਹਫ਼ਤਿਆਂ ਬਾਅਦ ਵੀ ਖਪਤਕਾਰ ਨੂੰ ਨਹੀਂ ਮਿਲਿਆ ਸਿਲੰਡਰ-985 ਰੁਪਏ ਵਾਲਾ ਘਰੇਲੂ ਗੈੱਸ ਸਿਲੰਡਰ 1600 ਰੁਪਏ ਵਿਚ ਬਲੈਕ ਹੋਣ ਦੀ ਚਰਚਾ
ਫ਼ਿਰੋਜ਼ਪੁਰ, 23 ਨਵੰਬਰ (ਅਜੀਤ ਬਿਓਰੋ)-ਸਰਦੀ ਦੇ ਮੌਸਮ ਅਤੇ ਵਿਆਹਾਂ ਦੇ ਸੀਜ਼ਨ ਦੌਰਾਨ ਘਰੇਲੂ ਰਸੋਈ ਗੈੱਸ ਸਿਲੰਡਰਾਂ ਦੀ ਕਿੱਲਤ ਅਤੇ ਕਥਿਤ ਕਾਲਾਬਾਜ਼ਾਰੀ ਨੇ ਖਪਤਕਾਰਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਪਹਿਲਾਂ ਹੀ ਘਰੇਲੂ ਗੈੱਸ ਸਿਲੰਡਰ ਦੀ ਬੁਕਿੰਗ ਲਈ 20 ਦਿਨਾਂ ਦੀ ਉਡੀਕ ਕਰਨ ਤੋਂ ਪ੍ਰੇਸ਼ਾਨ ਲੋਕਾਂ ਨੂੰ ਹੁਣ ਬੁਕਿੰਗ ਹੋਣ ਅਤੇ ਡਿਲਿਵਰੀ ਦੀ ਪਰਚੀ ਕੱਟੇ ਜਾਣ ਦੇ ਬਾਵਜੂਦ ਕਈ-ਕਈ ਹਫ਼ਤੇ ਸਿਲੰਡਰ ਨਹੀਂ ਮਿਲ ਰਿਹਾ।
ਫ਼
ਫ਼ਿਰੋਜ਼ਪੁਰ ਗੈੱਸ ਏਜੰਸੀ ਵਲੋਂ ਖਪਤਕਾਰ ਦੇ ਮੋਬਾਈਲ ਫ਼ੋਨ ’ਤੇ ਭੇਜਿਆ ਬੁਕਿੰਗ ਦਾ ਮੈਸੇਜ।
24-11-2026
ਫ਼ਿਰੋਜ਼ਪੁਰ, 23 ਨਵੰਬਰ (ਅਜੀਤ ਬਿਓਰੋ)-ਸਰਦੀ ਦੇ ਮੌਸਮ ਅਤੇ ਵਿਆਹਾਂ ਦੇ ਸੀਜ਼ਨ ਦੌਰਾਨ ਘਰੇਲੂ ਰਸੋਈ ਗੈੱਸ ਸਿਲੰਡਰਾਂ ਦੀ ਕਿੱਲਤ ਅਤੇ ਕਥਿਤ ਕਾਲਾਬਾਜ਼ਾਰੀ ਨੇ ਖਪਤਕਾਰਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਪਹਿਲਾਂ ਹੀ ਘਰੇਲੂ ਗੈੱਸ ਸਿਲੰਡਰ ਦੀ ਬੁਕਿੰਗ ਲਈ 20 ਦਿਨਾਂ ਦੀ ਉਡੀਕ ਕਰਨ ਤੋਂ ਪ੍ਰੇਸ਼ਾਨ ਲੋਕਾਂ ਨੂੰ ਹੁਣ ਬੁਕਿੰਗ ਹੋਣ ਅਤੇ ਡਿਲਿਵਰੀ ਦੀ ਪਰਚੀ ਕੱਟੇ ਜਾਣ ਦੇ ਬਾਵਜੂਦ ਕਈ-ਕਈ ਹਫ਼ਤੇ ਸਿਲੰਡਰ ਨਹੀਂ ਮਿਲ ਰਿਹਾ। ਦੂਜੇ ਪਾਸੇ, ਭਰੋਸੇਯੋਗ ਸੂਤਰਾਂ ਅਨੁਸਾਰ ਵਪਾਰਕ ਸਿਲੰਡਰ ਦੀ ਕੀਮਤ ਬਹੁਤ ਜ਼ਿਆਦਾ ਹੋਣ ਕਾਰਨ ਕਾਰੋਬਾਰੀ ਵਰਤੋਂ ਲਈ ਘਰੇਲੂ ਸਿਲੰਡਰਾਂ ਦੀ ਕਾਲਾਬਾਜ਼ਾਰੀ ਹੋਣ ਦੀਆਂ ਚਰਚਾਵਾਂ ਹਨ, ਜਿਸ ਕਾਰਨ ਸਪਲਾਈ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਇਸ ਸਬੰਧੀ ਆਪਣੀ ਪ੍ਰੇਸ਼ਾਨੀ ਸਾਂਝੀ ਕਰਦਿਆਂ ਖਪਤਕਾਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਇੰਡੇਨ ਗੈੱਸ ਕੁਨੈਕਸ਼ਨ ਜ਼ੀਰਾ ਗੇਟ ਸਥਿਤ ਫ਼ਿਰੋਜ਼ਪੁਰ ਗੈੱਸ ਏਜੰਸੀ ਵਿਚ ਖਪਤਕਾਰ ਨੰਬਰ 22510 ਅਧੀਨ ਰਜਿਸਟਰਡ ਹੈ। ਉਸ ਨੇ 2 ਨਵੰਬਰ ਨੂੰ ਸਵੇਰੇ ਗੈੱਸ ਸਿਲੰਡਰ ਦੀ ਬੁਕਿੰਗ ਕਰਵਾਈ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਬੁਕਿੰਗ ਤੋਂ ਕਰੀਬ ਅੱਠ ਘੰਟਿਆਂ ਬਾਅਦ ਏਜੰਸੀ ਵਲੋਂ ਡੀ.ਏ.ਸੀ ਨੰਬਰ 184447 ਰਾਹੀਂ ਡਿਲਿਵਰੀ ਦੀ ਪਰਚੀ ਕੱਟ ਦਿੱਤੀ ਗਈ ਅਤੇ ਇਸ ਸਬੰਧੀ ਰਜਿਸਟਰਡ ਮੋਬਾਈਲ ਨੰਬਰ ’ਤੇ ਸੁਨੇਹਾ ਵੀ ਪ੍ਰਾਪਤ ਹੋ ਗਿਆ, ਪਰ ਤਿੰਨ ਹਫ਼ਤੇ ਬੀਤ ਜਾਣ ਦੇ ਬਾਵਜੂਦ ਉਸ ਨੂੰ ਸਿਲੰਡਰ ਮੁਹੱਈਆ ਨਹੀਂ ਕਰਵਾਇਆ ਗਿਆ। ਖਪਤਕਾਰ ਅਨੁਸਾਰ ਇਹ ਕੋਈ ਇਕੱਲਾ ਮਾਮਲਾ ਨਹੀਂ, ਸਗੋਂ ਹੋਰ ਵੀ ਕਈ ਖਪਤਕਾਰ ਅਜਿਹੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਉੱਧਰ, ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਮ ਤੌਰ ’ਤੇ 985 ਰੁਪਏ ਵਿਚ ਮਿਲਣ ਵਾਲਾ ਗੈੱਸ ਸਿਲੰਡਰ ਚਾਹ ਦੀਆਂ ਦੁਕਾਨਾਂ, ਰੇਹੜੀਆਂ ਅਤੇ ਹੋਰ ਛੋਟੇ ਕਾਰੋਬਾਰੀਆਂ ਨੂੰ 1600 ਰੁਪਏ ਵਿਚ ਬਲੈਕ ਕਰਕੇ ਵੇਚਿਆ ਜਾ ਰਿਹਾ ਹੈ। ਇਸ ਸਬੰਧੀ ਜਦੋਂ ਫ਼ਿਰੋਜ਼ਪੁਰ ਗੈੱਸ ਏਜੰਸੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਵਲੋਂ ਕਿਹਾ ਗਿਆ ਕਿ ਉਹ ਤੁਰੰਤ ਸਿਲੰਡਰ ਭੇਜ ਰਹੇ ਹਨ। ਸਰਦੀ ਅਤੇ ਵਿਆਹਾਂ ਦੇ ਸੀਜ਼ਨ ਦੌਰਾਨ ਗੈੱਸ ਦੀ ਮੰਗ ਵਧਣ ਦੇ ਮੱਦੇਨਜ਼ਰ ਖ਼ੁਰਾਕ ’ਤੇ ਸਿਵਲ ਸਪਲਾਈ ਵਿਭਾਗ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਗੈੱਸ ਏਜੰਸੀਆਂ ਦੇ ਸਟਾਕ, ਸਪਲਾਈ ਅਤੇ ਡਿਲਿਵਰੀ ਰਿਕਾਰਡ ਦੀ ਜਾਂਚ ਕੀਤੀ ਜਾਵੇ ਅਤੇ ਕਥਿਤ ਕਾਲਾਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਆਮ ਖਪਤਕਾਰਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।