ਗਊ ਸੇਵਾ ਮਨੁੱਖਤਾ ਦੀ ਸੇਵਾ ਦੇ ਬਰਾਬਰ, ਹਰੇਕ ਵਿਅਕਤੀ ਗਊ ਮਾਤਾ ਦੀ ਸੰਭਾਲ ਅਤੇ ਸੁਰੱਖਿਆ ਲਈ ਅੱਗੇ ਆਵੇ- ਧਰਮਪਾਲ ਬਾਂਸਲ
ਫ਼ਿਰੋਜ਼ਪੁਰ, 18 ਨਵੰਬਰ (ਗੁਰਿੰਦਰ ਸਿੰਘ)-ਸ਼੍ਰੀ ਬਾਲ ਗੋਪਾਲ ਗਊ ਸੇਵਾ ਸੋਸਾਇਟੀ ਰਜਿ. ਵਲੋਂ ਸੰਚਾਲਿਤ ਗਊ ਧਾਮ ਉਪਚਾਰ ਕੇਂਦਰ ਅਤੇ ਗਊਸ਼ਾਲਾ ਵਿਖੇ ਗੋਪਾਲ ਅਸ਼ਟਮੀ ਦਾ ਪਵਿੱਤਰ ਮਹਾਂਉਤਸਵ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਮਨਾਇਆ ਗਿਆ।
ਫ਼ਿਰੋਜ਼ਪੁਰ, 18 ਨਵੰਬਰ (ਗੁਰਿੰਦਰ ਸਿੰਘ)-ਸ਼੍ਰੀ ਬਾਲ ਗੋਪਾਲ ਗਊ ਸੇਵਾ ਸੋਸਾਇਟੀ ਰਜਿ. ਵਲੋਂ ਸੰਚਾਲਿਤ ਗਊ ਧਾਮ ਉਪਚਾਰ ਕੇਂਦਰ ਅਤੇ ਗਊਸ਼ਾਲਾ ਵਿਖੇ ਗੋਪਾਲ ਅਸ਼ਟਮੀ ਦਾ ਪਵਿੱਤਰ ਮਹਾਂਉਤਸਵ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਿਰਕਤ ਕਰਦਿਆਂ ਗਊ ਮਾਤਾ ਦੀ ਪੂਜਾ ਕੀਤੀ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੀ ਸ਼ੁਰੂਆਤ ਮਹੰਤ ਅਸ਼ਵਨੀ ਕੁਮਾਰ ਦੇਵਗਨ ਦੀ ਦੇਖ-ਰੇਖ ਹੇਠ ਧਰਮਪਾਲ ਬਾਂਸਲ ਤੋਂ ਗਊ ਪੂਜਾ ਕਰਵਾ ਕੇ ਕੀਤੀ ਗਈ। ਇਸ ਮੌਕੇ ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ ਅਤੇ ਹਾਰਮੋਨੀ ਆਯੁਰਵੈਦਿਕ ਮੈਡੀਕਲ ਕਾਲਜ ਦੇ ਚੇਅਰਮੈਨ ਅਤੇ ਭਗਤੀ ਭਜਨ ਗਰੁੱਪ ਦੇ ਸੰਸਥਾਪਕ ਧਰਮਪਾਲ ਬਾਂਸਲ ਨੇ ਕਿਹਾ ਕਿ ਗਊ ਸੇਵਾ ਕਰਨਾ ਮਨੁੱਖਤਾ ਦੀ ਸੇਵਾ ਕਰਨ ਦੇ ਬਰਾਬਰ ਹੈ। ਗਊ ਮਾਤਾ ਦੀ ਸੇਵਾ, ਸੰਭਾਲ ਅਤੇ ਸੁਰੱਖਿਆ ਸਾਡਾ ਨੈਤਿਕ ਅਤੇ ਸਮਾਜਿਕ ਫ਼ਰਜ਼ ਹੈ, ਜਿਸ ਦੀ ਪੂਰਤੀ ਲਈ ਹਰੇਕ ਵਿਅਕਤੀ ਨੂੰ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਨੂੰ ਆਪਣੀ ਸੰਸਕ੍ਰਿਤੀ ਅਤੇ ਸੰਸਕਾਰਾਂ ਨਾਲ ਜੋੜਨ ਦੇ ਨਾਲ-ਨਾਲ ਸਮਾਜ ਵਿਚ ਸੇਵਾ, ਸਹਿਯੋਗ ਅਤੇ ਆਪਸੀ ਸਦਭਾਵਨਾ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ। ਇਸ ਮੌਕੇ ਭਗਤੀ ਭਜਨ ਗਰੁੱਪ ਵਲੋਂ ਵਿਸ਼ੇਸ਼ ਭਜਨ-ਕੀਰਤਨ ਕਰਵਾਇਆ ਗਿਆ। ਗਰੁੱਪ ਦੇ ਕਲਾਕਾਰਾਂ ਵਲੋਂ ਪੇਸ਼ ਕੀਤੇ ਮਨਮੋਹਕ ਭਜਨਾਂ ਨੇ ਸਮੁੱਚੇ ਗਊ ਧਾਮ ਨੂੰ ਭਗਤੀਮਈ ਮਾਹੌਲ ਵਿਚ ਰੰਗ ਦਿੱਤਾ। ਸੰਗਤ ਨੇ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਭਜਨ-ਕੀਰਤਨ ਦਾ ਆਨੰਦ ਮਾਣਿਆ। ਸਮਾਗਮ ਵਿਚ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਡੀ.ਸੀ.ਐੱਮ. ਗਰੁੱਪ ਆਫ਼ ਸਕੂਲਜ਼ ਦੇ ਸੀ.ਈ.ਓ. ਡਾ.ਅਨਿਰੁੱਧ ਗੁਪਤਾ ਅਤੇ ਨਗਰ ਕੌਂਸਲ ਪ੍ਰਧਾਨ ਅਸ਼ੋਕ ਸਚਦੇਵਾ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਗਊ ਸੇਵਾ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਅਜਿਹੀਆਂ ਸੰਸਥਾਵਾਂ ਨੂੰ ਸਮਾਜ ਵਲੋਂ ਸਹਿਯੋਗ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਗਊ ਸੇਵਾ ਸੋਸਾਇਟੀ ਦੇ ਸੰਸਥਾਪਕ ਰੋਹਿਤ ਦੇਵਗਨ, ਸਵਾਮੀ ਵਿਦਿਆ ਨੰਦ ਮਹਾਰਾਜ, ਅਸ਼ੋਕ ਗਰਗ, ਰਾਕੇਸ਼ ਪਾਠਕ, ਪੰਡਿਤ ਅਨਿਲ ਗੁਰੂ ਜੀ, ਵਿਪਨ ਨਾਰੰਗ, ਪੁਨੀਤ ਪਰਿਆਸ, ਨਰੇਸ਼ ਮਿੱਤਲ , ਮੁਕੇਸ਼ ਗੋਇਲ, ਅਸ਼ੋਕ ਕੱਕੜ, ਤ੍ਰਿਲੋਚਨ ਚੋਪੜਾ, ਗੌਰਵ ਅਨਮੋਲ ਅਤੇ ਕੈਲਾਸ਼ ਸ਼ਰਮਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਅੰਤ ਵਿਚ ਸਮੂਹ ਸੰਗਤ ਵਲੋਂ ਸਰਬੱਤ ਦੇ ਭਲੇ, ਸੁੱਖ-ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ ਗਈ।