ਕੱਸੋਆਣਾ ਵਿਖੇ 70ਵੀਂਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ: ਐਨ.ਆਰ.ਆਈ. ਪਲਵਿੰਦਰ ਸਿੰਘ ਨੇ ਖਿਡਾਰੀਆਂ ਦੀ ਕੀਤੀ ਹੌਸਲਾ ਅਫ਼ਜ਼ਾਈ
ਖੋਸਾ ਦਲ ਸਿੰਘ, 6 ਨਵੰਬਰ (ਮਨਪ੍ਰੀਤ ਸਿੰਘ ਸੰਧੂ)-ਇਲਾਕੇ ਦੀ ਮਾਣਮੱਤੀ ਵਿੱਦਿਅਕ ਸੰਸਥਾ ਐੱਸ. ਐੱਸ.
ਖੋਸਾ ਦਲ ਸਿੰਘ, 6 ਨਵੰਬਰ (ਮਨਪ੍ਰੀਤ ਸਿੰਘ ਸੰਧੂ)-ਇਲਾਕੇ ਦੀ ਮਾਣਮੱਤੀ ਵਿੱਦਿਅਕ ਸੰਸਥਾ ਐੱਸ.ਐੱਸ.ਐੱਮ. ਸਕੂਲ ਕੱਸੋਆਣਾ ਦੇ ਖੇਡ ਮੈਦਾਨਾਂ ਵਿਚ ਕਰਵਾਈਆਂ ਜਾ ਰਹੀਆਂ 70ਵੀਂਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਦੇ ਦੂਜੇ ਦਿਨ ਐਨ.ਆਰ.ਆਈ. ਪਲਵਿੰਦਰ ਸਿੰਘ (ਯੂ.ਐੱਸ.ਏ.) ਅਤੇ ਪਿੰਡ ਦੇ ਸਰਪੰਚ ਸਰਦਾਰ ਕੁਲਵੰਤ ਸਿੰਘ ਵਿਸ਼ੇਸ਼ ਤੌਰ ’ਤੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਨ ਅਤੇ ਉਨ੍ਹਾਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਸਕੂਲ ਦੇ ਚੇਅਰਮੈਨ ਕੰਵਲਜੀਤ ਸਿੰਘ, ਪ੍ਰਿੰਸੀਪਲ ਰਵਿੰਦਰ ਸਿੰਘ, ਕੋਚ ਸੁੰਦਰ ਸਿੰਘ, ਡੀ.ਪੀ.ਈ. ਹਰਸਿਮਰਨ ਸਿੰਘ, ਗੁਰਇੰਦਰ ਸਿੰਘ, ਪਰਮਜੀਤ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ। ਖੇਡੇ ਗਏ ਸੈਮੀਫਾਈਨਲ ਮੁਕਾਬਲਿਆਂ ਵਿਚ ਫ਼ਿਰੋਜ਼ਪੁਰ ਨੇ ਅੰਮ੍ਰਿਤਸਰ ਨੂੰ 5-4 ਨਾਲ ਅਤੇ ਲੁਧਿਆਣਾ ਨੇ ਫ਼ਾਜ਼ਿਲਕਾ ਨੂੰ 7-3 ਨਾਲ ਹਰਾਇਆ। ਇਸ ਮੌਕੇ ਐਨ.ਆਰ.ਆਈ. ਪਲਵਿੰਦਰ ਸਿੰਘ ਨੇ ਕੱਸੋਆਣਾ ਵਿਖੇ ਪੰਜਾਬ ਪੱਧਰ ਦੇ ਟੂਰਨਾਮੈਂਟ ਕਰਵਾਏ ਜਾਣ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬੇਸਬਾਲ ਅਤੇ ਸਾਫਟਬਾਲ ਅਮਰੀਕਾ ਦੀਆਂ ਪ੍ਰਮੁੱਖ ਖੇਡਾਂ ਵਿਚ ਸ਼ਾਮਲ ਹਨ। ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਅਜਿਹੀਆਂ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਸਿੱਧ ਖੇਡਾਂ ਵਿਚ ਭਾਗ ਲੈਣ ਲਈ ਖਿਡਾਰੀਆਂ ਨੂੰ ਉਨ੍ਹਾਂ ਦੇ ਆਪਣੇ ਪਿੰਡ ਕੱਸੋਆਣਾ ਵਿਖੇ ਵੱਡਾ ਮੰਚ ਮਿਲ ਰਿਹਾ ਹੈ। ਉਨ੍ਹਾਂ ਸਕੂਲ ਦੇ ਚੇਅਰਮੈਨ ਅਤੇ ਸਮੁੱਚੇ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਕ ਛੋਟੇ ਜਿਹੇ ਪਿੰਡ ਵਿਚ ਇਸ ਪੱਧਰ ਦੇ ਖੇਡ ਮੁਕਾਬਲੇ ਕਰਵਾਉਣਾ ਅਤੇ ਖਿਡਾਰੀਆਂ ਨੂੰ ਵਧੀਆ ਖੇਡ ਸਹੂਲਤਾਂ ਪ੍ਰਦਾਨ ਕਰਨਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦੇ ਖਿਡਾਰੀ ਪਿਛਲੇ ਕਈ ਸਾਲਾਂ ਤੋਂ ਪੰਜਾਬ ਅਤੇ ਰਾਸ਼ਟਰੀ ਪੱਧਰ ’ਤੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾ ਰਹੇ ਹਨ। ਮੌਜੂਦਾ ਸੈਸ਼ਨ ਦੌਰਾਨ ਹੁਣ ਤੱਕ ਕੱਸੋਆਣਾ ਦੇ ਖਿਡਾਰੀ ਵੱਖ-ਵੱਖ ਉਮਰ ਵਰਗਾਂ ਵਿਚ ਪੰਜਾਬ ਪੱਧਰ ’ਤੇ 10 ਤਗਮੇ ਜਿੱਤ ਕੇ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਨਾਮ ਰੌਸ਼ਨ ਕਰ ਚੁੱਕੇ ਹਨ ਅਤੇ ਕਈ ਖਿਡਾਰੀਆਂ ਨੇ ਕੌਮੀ ਪੱਧਰ ’ਤੇ ਖੇਡਣ ਲਈ ਆਪਣੀ ਥਾਂ ਪੱਕੀ ਕੀਤੀ ਹੈ। ਅੰਤ ਵਿਚ ਪਲਵਿੰਦਰ ਸਿੰਘ ਨੇ ਇਲਾਕੇ ਵਿਚ ਬੇਸਬਾਲ ਅਤੇ ਸਾਫਟਬਾਲ ਖੇਡਾਂ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਖਿਡਾਰੀਆਂ ਨੂੰ ਅਨੁਸ਼ਾਸਿਤ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ।