ਆਪ’ ਸਰਕਾਰ ਨੇ ਨਸ਼ਾ ਰੋਕਣ ਦੀ ਥਾਂ ਪੰਜਾਬੀਆਂ ਦੀ ਆਸ ਤੋੜੀ : ਸਤਨਾਮ ਸਿੰਘ ਸੰਧੂ
ਗੁਰੂਹਰਸਹਾਏ, 27 ਸਤੰਬਰ (ਕਪਿਲ ਕੰਧਾਰੀ)- ਪੰਜਾਬ ਭਾਜਪਾ ਵਲੋਂ ਭਾਜਪਾ ਦੇ ਪੰਜਾਬ ਪ੍ਰਧਾਨ ਕੇਵਲ ਢਿੱਲੋਂ ਦੀ ਅਗਵਾਈ ਹੇਠ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ 10ਵੇਂ ਦਿਨ ਯਾਤਰਾ ਗੁਰੂਹਰਸਹਾਏ ਪਹੁੰਚੀ। ਜਿੱਥੇ ਗੁਰੂ ਨਾਨਕ ਚੌਂਕ ਵਿਖੇ ਰੈਲੀ ਰੱਖੀ ਗਈ ।
ਗੁਰੂਹਰਸਹਾਏ, 27 ਸਤੰਬਰ (ਕਪਿਲ ਕੰਧਾਰੀ)- ਪੰਜਾਬ ਭਾਜਪਾ ਵਲੋਂ ਭਾਜਪਾ ਦੇ ਪੰਜਾਬ ਪ੍ਰਧਾਨ ਕੇਵਲ ਢਿੱਲੋਂ ਦੀ ਅਗਵਾਈ ਹੇਠ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ 10ਵੇਂ ਦਿਨ ਯਾਤਰਾ ਗੁਰੂਹਰਸਹਾਏ ਪਹੁੰਚੀ। ਜਿੱਥੇ ਗੁਰੂ ਨਾਨਕ ਚੌਂਕ ਵਿਖੇ ਰੈਲੀ ਰੱਖੀ ਗਈ । ਇਸ ਮੌਕੇ ਭਾਜਪਾ ਦੇ ਆਗੂਆਂ ਨੇ ਪੰਜਾਬ ’ਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸੂਬਾ ਸਰਕਾਰ ’ਤੇ ਸਵਾਲ ਖੜ੍ਹੇ ਕਰਦਿਆਂ ਨਸ਼ਾ ਤਸਕਰੀ ਦੇ ਨੈੱਟਵਰਕ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ‘ਆਪ’ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਨੇ ਨਸ਼ਾ ਰੋਕਣ ਦੀ ਥਾਂ ਪੰਜਾਬੀਆਂ ਦੀ ਆਸ ਤੋੜੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਨੂੰ ਸਿਰਫ਼ ਭਾਸ਼ਣਾਂ ਅਤੇ ਦਾਅਵਿਆਂ ਨਾਲ ਖ਼ਤਮ ਨਹੀਂ ਕੀਤਾ ਜਾ ਸਕਦਾ, ਸਗੋਂ ਨਸ਼ਾ ਤਸਕਰਾਂ, ਸਪਲਾਇਰਾਂ ਅਤੇ ਪੂਰੇ ਸਪਲਾਈ ਨੈੱਟਵਰਕ ਦੀਆਂ ਜੜ੍ਹਾਂ ਤੱਕ ਪਹੁੰਚ ਕੇ ਕਾਰਵਾਈ ਕਰਨੀ ਜ਼ਰੂਰੀ ਹੈ। ਪੰਜਾਬੀ ਗਾਇਕਾ ਸਤਿੰਦਰ ਸੱਤੀ ਨੇ ਕਿਹਾ ਕਿ ਪੰਜਾਬ ਦੀ ਹੋਂਦ, ਪੰਜਾਬੀਅਤ ਅਤੇ ਸੱਭਿਆਚਾਰ ਨੂੰ ਬਚਾਉਣਾ ਹੈ ਤਾਂ ਸਭ ਤੋਂ ਪਹਿਲਾਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਪਵੇਗਾ। ਕੋਆਰਡੀਨੇਟਰ ਰਵੀਕਰਨ ਸਿੰਘ ਕਾਹਲੋਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਨਸ਼ਾ ਕਿਸੇ ਨੌਜਵਾਨ ਦੀ ਕਿਸਮਤ ਜਾਂ ਭਵਿੱਖ ਨਹੀਂ ਹੈ। ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਜੇ ਪੰਜਾਬ ਦੀ ਜਵਾਨੀ ਨਹੀਂ ਬਚੀ ਤਾਂ ਪੰਜਾਬ ਦੀ ਕਿਸਾਨੀ ਵੀ ਨਹੀਂ ਬਚੇਗੀ। ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਗੁਰੂਹਰਸਹਾਏ ਵਿਚ ਸੜਕਾਂ, ਪਾਰਕਾਂ, ਬੁਨਿਆਦੀ ਸਹੂਲਤਾਂ ਅਤੇ ਛੇ-ਟਰੈਕ ਸਿੰਥੈਟਿਕ ਸਟੇਡੀਅਮ ਸਮੇਤ ਕਰਵਾਏ ਗਏ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਕਿ ਸਾਲ 2022 ਤੋਂ ਬਾਅਦ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਝਟਕਾ ਲੱਗਾ ਹੈ। ਇਸ ਮੌਕੇ ਭਾਜਪਾ ਜ਼ਿਲ੍ਹਾ ਇੰਚਾਰਜ ਵਿਜੈ ਸ਼ਰਮਾ ਨੇ ਕਿਹਾ ਕਿ ‘ਨਸ਼ਾ ਮੁਕਤ ਪੰਜਾਬ ਯਾਤਰਾ’ ਨਸ਼ਿਆਂ ਤੋਂ ਪੀੜਤ ਪਰਿਵਾਰਾਂ ਦੀ ਆਵਾਜ਼ ਬਣਨ ਦਾ ਯਤਨ ਹੈ। ਇਸ ਦੌਰਾਨ ਰੈਲੀ ਵਿਚ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਦੀ ਸ਼ਮੂਲੀਅਤ ਨੂੰ ਲੈ ਕੇ ਵੀ ਚਰਚਾ ਰਹੀ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਸਵੇਰੇ 11 ਵਜੇ ਦੇ ਕਰੀਬ ਗੁਰੂ ਨਾਨਕ ਚੌਂਕ ਵਿਖੇ ਪਹੁੰਚ ਕੇ ਰੈਲੀ ਨੂੰ ਸੰਬੋਧਨ ਕਰਨਾ ਸੀ, ਪਰ ਉਹ ਜਹਾਜ਼ ਰਾਹੀਂ ਗੁਰੂਹਰਸਹਾਏ ਦੀ ਦਾਣਾ ਮੰਡੀ ਵਿਖੇ ਕਰੀਬ ਸਾਢੇ ਤਿੰਨ ਵਜੇ ਪਹੁੰਚੇ। ਇਸ ਕਾਰਨ ਉਹ ਗੁਰੂ ਨਾਨਕ ਚੌਂਕ ਵਿਖੇ ਹੋਈ ਰੈਲੀ ਨੂੰ ਸੰਬੋਧਨ ਨਹੀਂ ਕਰ ਸਕੇ । ਮੁੱਖ ਮੰਤਰੀ ਦੇ ਦੇਰੀ ਨਾਲ ਪਹੁੰਚਣ ਕਾਰਨ ਗੁਰੂ ਨਾਨਕ ਚੌਂਕ ਵਿਖੇ ਉਡੀਕ ਕਰ ਰਹੇ ਕਈ ਵਰਕਰਾਂ ਅਤੇ ਲੋਕਾਂ ਵਿਚ ਨਿਰਾਸ਼ਾ ਦੇਖਣ ਨੂੰ ਮਿਲੀ।