ਕਣਕ ਦੇ ਭਾਅ ਵਿਚ ਨਿਗੂਣਾ ਵਾਧਾ ਆਰਥਿਕ ਸੰਕਟ ’ਚ ਘਿਰੀ ਕਿਸਾਨੀ ਲਈ ਹੋਰ ਵੀ ਨੁਕਸਾਨਦੇਹ – ਭਿੰਡਰ
ਸੰਗਰੂਰ, 5 ਅਕਤੂਬਰ (ਅਮਨਦੀਪ ਸਿੰਘ ਬਿੱਟਾ) – ਪੰਜਾਬ ਪ੍ਰਦੇਸ ਕਾਂਗਰਸ ਦੇ ਸੀਨੀਅਰ ਆਗੂ ਅਤੇ ਕੌਂਸਲਰ ਸੁਰਿੰਦਰ ਸਿੰਘ ਭਿੰਡਰ ਨੇ ਕਿਹਾ ਕਿ ਕਣਕ ਦੀ ਫਸਲ ’ਤੇ ਐਮ. ਐਸ.
ਸੰਗਰੂਰ, 5 ਅਕਤੂਬਰ (ਅਮਨਦੀਪ ਸਿੰਘ ਬਿੱਟਾ) – ਪੰਜਾਬ ਪ੍ਰਦੇਸ ਕਾਂਗਰਸ ਦੇ ਸੀਨੀਅਰ ਆਗੂ ਅਤੇ ਕੌਂਸਲਰ ਸੁਰਿੰਦਰ ਸਿੰਘ ਭਿੰਡਰ ਨੇ ਕਿਹਾ ਕਿ ਕਣਕ ਦੀ ਫਸਲ ’ਤੇ ਐਮ.ਐਸ.ਪੀ ਮਹਿਜ 25 ਰੁਪਏ ਦਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਭ ਤੋਂ ਵੱਡਾ ਨੁਕਸਾਨ ਕਿਸਾਨ ਵਰਗ ਨੂੰ ਹੈ ਜੋ ਪੰਜਾਬ ਵਿਚ ਸਭ ਤੋਂ ਵੱਡੀ ਪ੍ਰਤੀਨਿਧਤਾ ਕਰ ਰਿਹਾ ਹੈ ਜਦਕਿ ਖਾਦਾਂ, ਕੀਟਨਾਸ਼ਕ, ਡੀਜਲ, ਲੇਬਰ ਦੇ ਖਰਚਿਆਂ ਵਿਚ ਅਥਾਹ ਵਾਧੇ ਹੋਏ ਹਨ। ਖਾਸ ਗੱਲ ਇਹ ਹੈ ਕਿ ਛੋਟੀ ਕਿਸਾਨੀ ਇਸ ਵੇਲੇ ਸੰਕਟ ਦਾ ਸ਼ਿਕਾਰ ਹੈ ਪਰ ਸਰਕਾਰ ਨੇ ਕਣਕ ਦੀ ਖਰੀਦ ਵਿਚ ਕੀਤਾ ਨਿਗੂਣਾ ਵਾਧਾ ਊਠ ਦੇ ਮੂੰਹ ਵਿਚ ਜੀਰੇ ਦੀ ਕਹਾਵਤ ਵਾਂਗ ਹੈ। ਭਿੰਡਰ ਨੇ ਕੇਂਦਰ ਸਰਕਾਰ ਉੱਪਰ ਦੋਸ਼ ਲਗਾਉਂਦਿਆਂ ਕਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਾਲੀ ਸਰਕਾਰ ਦੇ ਦਾਅਵਿਆਂ ਦੇ ਉਲਟ ਇਹ ਵਾਧਾ ਸਿਰਫ ਟੋਟਕਾ ਹੀ ਸਾਬਤ ਹੋਇਆ ਹੈ। ਉਨ੍ਹਾਂ ਅਪੀਲ ਕੀਤੀ ਕਿ ਸਰਕਾਰ ਸੁਹਿਰਦਤਾ ਨਾਲ ਆਪਣੇ ਫੈਸਲੇ ’ਤੇ ਵਿਚਾਰ ਕਰ ਤੇ ਕਣਕ ਦੇ ਸਮਰਥਨ ਮੁੱਲ ਵਿਚ 100 ਰੁਪਏ ਦਾ ਵਾਧਾ ਕੀਤਾ ਜਾਵੇ।