ਮਸਤੂਆਣਾ ਸਾਹਿਬ ਵਿਖੇ ਪੀ.ਟੀ.ਯੂ. ਅੰਤਰ-ਕਾਲਜ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਹੋਏ ਫਸਵੇਂ ਮੁਕਾਬਲੇ
ਲਾਂਡਰਾਂ, ਮੁਹਾਲੀ, ਸੁਧਾਰ ਤੇ ਝੰਜੇੜੀ ਦੀਆਂ ਟੀਮਾਂ ਨੇ ਮਾਰੀ ਬਾਜੀ
ਮਸਤੂਆਣਾ ਸਾਹਿਬ, 25 ਸਤੰਬਰ (ਦਮਦਮੀ)-ਅਕਾਲ ਕਾਲਜ ਆਫ ਫਾਰਮੇਸੀ ਐਂਡ ਟੈਕਨੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਦੇ ਪ੍ਰਬੰਧਾਂ ਹੇਠ ਚੱਲ ਰਹੇ ਤਿੰਨ ਰੋਜ਼ਾ ਆਈ. ਕੇ.
ਮਸਤੂਆਣਾ ਸਾਹਿਬ, 25 ਸਤੰਬਰ (ਦਮਦਮੀ)-ਅਕਾਲ ਕਾਲਜ ਆਫ ਫਾਰਮੇਸੀ ਐਂਡ ਟੈਕਨੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਦੇ ਪ੍ਰਬੰਧਾਂ ਹੇਠ ਚੱਲ ਰਹੇ ਤਿੰਨ ਰੋਜ਼ਾ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਅੰਤਰ-ਕਾਲਜ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਖਿਡਾਰੀਆਂ ਵੱਲੋਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਫਸਵੇਂ ਅਤੇ ਰੋਮਾਂਚਕ ਮੁਕਾਬਲੇ ਕਰਵਾਏ ਗਏ। ਦੂਜੇ ਦਿਨ ਦੇ ਖੇਡ ਮੁਕਾਬਲਿਆਂ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਵੱਲੋਂ ਕੀਤਾ ਗਿਆ। ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਸਪੋਰਟਸ ਅਥਾਰਟੀ ਆਫ਼ ਇੰਡੀਆ ਸੈਂਟਰ ਮਸਤੂਆਣਾ ਸਾਹਿਬ ਦੇ ਸਾਬਕਾ ਸਹਾਇਕ ਡਾਇਰੈਕਟਰ ਮਨਜੀਤ ਸਿੰਘ ਬਾਲੀਆਂ ਵੀ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।ਦੂਜੇ ਦਿਨ ਹੋਏ ਮੁਕਾਬਲਿਆਂ ਦੌਰਾਨ ਲਾਂਡਰਾਂ ਕਾਲਜ ਦੀ ਟੀਮ ਨੇ ਜੀ.ਐੱਸ.ਐੱਮ. ਕਾਲਜ ਖੰਨਾ ਨੂੰ 4-1 ਗੋਲਾਂ ਨਾਲ ਮਾਤ ਦਿੱਤੀ। ਮੁਹਾਲੀ ਦੀ ਟੀਮ ਨੇ ਪੀ.ਸੀ.ਆਈ.ਐੱਫ. ਲੁਧਿਆਣਾ ਨੂੰ 5-4 ਗੋਲਾਂ ਦੇ ਫਰਕ ਨਾਲ ਹਰਾਇਆ। ਇਸੇ ਤਰ੍ਹਾਂ ਸੁਧਾਰ ਕਾਲਜ ਦੀ ਟੀਮ ਨੇ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੂੰ 4-2 ਗੋਲਾਂ ਨਾਲ, ਸੀ.ਈ.ਸੀ. ਲਾਂਡਰਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਫ਼ਤਹਿਗੜ੍ਹ ਸਾਹਿਬ ਨੂੰ 3-2 ਗੋਲਾਂ ਨਾਲ ਅਤੇ ਸੀ.ਈ.ਸੀ. ਝੰਜੇੜੀ ਦੀ ਟੀਮ ਨੇ ਜੀ.ਐੱਨ.ਈ. ਲੁਧਿਆਣਾ ਨੂੰ 1-0 ਗੋਲਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ।ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਅਕਾਲ ਕਾਲਜ ਕੌਂਸਲ ਦੇ ਸਕੱਤਰ ਸ੍ਰ. ਜਸਵੰਤ ਸਿੰਘ ਖਹਿਰਾ ਨੇ ਕਿਹਾ ਕਿ ਸੰਤ ਬਾਬਾ ਅਤਰ ਸਿੰਘ ਜੀ ਵੱਲੋਂ ਵਰੋਸਾਈ ਮਸਤੂਆਣਾ ਸਾਹਿਬ ਦੀ ਪਵਿੱਤਰ ਧਰਤੀ ਨੇ ਵਿੱਦਿਅਕ ਖੇਤਰ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਅਕਾਲ ਕਾਲਜ ਕੌਂਸਲ ਵੱਲੋਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਨਾਲ-ਨਾਲ ਖਿਡਾਰੀਆਂ ਨੂੰ ਖੇਡਾਂ ਲਈ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਤਾਂ ਜੋ ਉਹ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਸਕਣ। ਸ੍ਰ. ਖਹਿਰਾ ਨੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਅਤੇ ਆਪਣੇ ਨਿਰਧਾਰਤ ਟੀਚੇ ਦੀ ਪ੍ਰਾਪਤੀ ਲਈ ਪੂਰੀ ਲਗਨ, ਅਨੁਸ਼ਾਸਨ ਅਤੇ ਸਖ਼ਤ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਜਤਿੰਦਰ ਦੇਵ, ਡਾ. ਨਿਰਪਜੀਤ ਸਿੰਘ, ਡਾ. ਜਸਪਾਲ ਸਿੰਘ, ਡਾ. ਅਮਨਦੀਪ ਕੌਰ, ਡਾ. ਗੀਤਾ ਠਾਕੁਰ, ਡਾ. ਵਿਜੇ ਪਲਾਹਾ, ਪ੍ਰੋ ਸੁਖਵਿੰਦਰ ਸਿੰਘ ਮਾਨ, ਸ੍ਰ. ਸੋਹਨਦੀਪ ਸਿੰਘ ਸਮੇਤ ਵੱਖ-ਵੱਖ ਕਾਲਜਾਂ ਦੇ ਅਧਿਕਾਰੀ, ਕੋਚ, ਖਿਡਾਰੀ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।