ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਮਲੇਰਕੋਟਲਾ ਦੀ ਇਤਿਹਾਸਕ ਧਰਤੀ ’ਤੇ ਪੁੱਜਣ ਮੌਕੇ ਸਿੱਖ ਅਤੇ ਮੁਸਲਿਮ ਭਾਈਚਾਰੇ ਵਲੋਂ ਨਿੱਘਾ ਸਵਾਗਤ
ਮਲੇਰਕੋਟਲਾ, 26 ਅਗਸਤ (ਮੁਹੰਮਦ ਹਨੀਫ਼ ਥਿੰਦ)- ਅੱਜ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਮਲੇਰਕੋਟਲਾ ਪੁੱਜਣ ‘ਤੇ ਕੇ. ਐੱਸ.
ਮਲੇਰਕੋਟਲਾ, 26 ਅਗਸਤ (ਮੁਹੰਮਦ ਹਨੀਫ਼ ਥਿੰਦ)- ਅੱਜ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਮਲੇਰਕੋਟਲਾ ਪੁੱਜਣ ‘ਤੇ ਕੇ.ਐੱਸ. ਕੰਬਾਈਨ ਦੇ ਐੱਮ.ਡੀ. ਇੰਦਰਜੀਤ ਸਿੰਘ ਮੁੰਡੇ, ਦਸਮੇਸ਼ ਕੰਬਾਈਨ ਦੇ ਐੱਮ.ਡੀ. ਗਿਆਨੀ ਅਮਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜ਼ਾਹਿਦ ਸੁਲੇਮਾਨ ਅਤੇ ਮੁਸਲਿਮ ਭਾਈਚਾਰੇ ਵਲੋਂ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਜਦਾ ਹੁੰਦਿਆਂ ਪੰਜ ਪਿਆਰਿਆਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਜਥੇਦਾਰ ਭੁਪਿੰਦਰ ਸਿੰਘ ਭਲਵਾਨ ਅਤੇ ਹੋਰ ਸਖਸੀਅਤਾਂ ਨੂੰ ਸਿਰੋਪਾਓ ਭੇਂਟ ਕੀਤੇ। ਇਸ ਮੌਕੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਜੀਤ ਨਾਲ਼ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 15 ਭਗਤਾਂ ਦੀ ਬਾਣੀ ਦਰਜ ਹੈ, ਬਾਣੀ ਨੇ ਸਾਰਿਆਂ ਨੂੰ ਪ੍ਰੇਮ-ਮੁਹੱਬਤ ਦਾ ਪੈਗਾਮ ਦਿੱਤਾ ਹੈ। ਉਹਨਾਂ ਕਿਹਾ ਕਿ ਮਲੇਰਕੋਟਲੇ ਦੀ ਧਰਤੀ ਦੇ ਨਾਲ ਸਿੱਖਾਂ ਦੀ ਬੜੀ ਡੂੰਘੀ ਸਾਂਝ ਹੈ। ਕਿਉਂਕਿ ਇਥੋਂ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੇ ਵਜ਼ੀਰ ਖਾਨ ਦੀ ਕਚਹਿਰੀ ਦੇ ਵਿਚ ਵਜ਼ੀਰ ਖਾਨ ਨੂੰ ਕਿਹਾ ਸੀ ਕਿ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨਾ ਗੁਨਾਹ ਹੈ, ਭਾਵੇਂ ਕਿ ਵਜ਼ੀਰ ਖਾਂ ਦੀਆਂ ਅੱਖਾਂ ਤੇ ਸੱਤਾ ਦੀ ਪੱਟੀ ਚੜੀ ਹੋਈ ਸੀ, ਉਹਨੇ ਗੱਲ ਨਹੀਂ ਮੰਨੀ। ਉਹਨਾਂ ਕਿਹਾ ਕਿ ਸਿੱਖਾਂ ਨੇ ਸ਼ੇਰ ਮੁਹੰਮਦ ਖਾਂ ਨੂੰ ਹਮੇਸ਼ਾ ਆਪਣੇ ਚੇਤਿਆਂ ‘ਚ ਰੱਖਿਆ ਭਾਵੇਂ ਕਿ 1947 ਦੇ ਵਿਚ ਬਹੁਤ ਵੱਡੇ ਫ਼ਸਾਦ ਹੋਏ ਭਾਵੇਂ ਪੰਜਾਬ ਦਾ ਦੋਵੇਂ ਪਾਸਿਓਂ ਬਹੁਤ ਉਜਾੜਾ ਹੋਇਸ, ਜਿਸ ਵਿਚ ਦੋਵੇਂ ਪਾਸਿਓਂ ਦੇ 10 ਲੱਖ ਪੰਜਾਬੀ ਮਾਰੇ ਗਏ ਸਨ। ਜਿਹਨਾਂ ਵਿਚ ਪੰਜਾਬੀ ਸਿੱਖ, ਪੰਜਾਬੀ ਹਿੰਦੂ ਅਤੇ ਮੁਸਲਮਾਨ ਪੰਜਾਬੀ ਸਨ। ਉਹਨਾਂ ਕਿਹਾ ਕਿ ਜਿਹੜਾ ਵੀ ਮਲੇਰਕੋਟਲੇ ਦੀ ਜੂਹ ਵਿਚ ਆ ਗਿਆ ਸੀ, ਉਸ ਵੱਲ ਕਿਸੇ ਨੇ ਤੱਤੀ ਹਵਾ ਵੱਲ ਵੀ ਨਹੀਂ ਵੇਖਿਆ। ਇਸ ਲਈ ਗੁਰਬਾਣੀ ਨੇ ਮਨੁੱਖਤਾ ਦਾ ਪੈਗਾਮ ਦਿੱਤਾ ਹੈ, ਅੱਜ ਜਿਹੜੇ ਸਾਡੇ ਮੁਸਲਮਾਨ ਭਰਾ ਖਾਲਸਾ ਮਾਰਚ ਦਾ ਸਵਾਗਤ ਕਰਨ ਆਏ ਹਨ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਪੰਜਾਬ ਹਮੇਸ਼ਾ ਹੱਸਦਾ-ਵੱਸਦਾ ਰਹੇ ਅਤੇ ਇੱਥੋਂ ਦੀ ਭਾਈਚਾਰਕ ਸਾਂਝ ਇਸੇ ਤਰ੍ਹਾਂ ਬਣੀ ਰਹੇ, ਕਿਉਂਕਿ ਇਸ ਜ਼ਮੀਨ ਨੇ ਹਮੇਸ਼ਾ ਸ਼ਹੀਦ ਅਤੇ ਸੂਰਵੀਰ ਪੈਦਾ ਕੀਤੇ ਹਨ। ਇਸ ਲਈ ਸਾਨੂੰ ਇਸੇ ਤਰ੍ਹਾਂ ਪਿਆਰ-ਮੁਹੱਬਤ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ। ਉਹਨਾਂ ਅੰਤ ਵਿਚ ਕਿਹਾ ਕਿ ਅੱਜ ਪੰਜਾਬ ਦੇ ਕੋਨੇ-ਕੋਨੇ ‘ਚ ਘਰ ਕਰ ਚੁੱਕੇ ਨਸ਼ਿਆਂ ਦੇ ਖ਼ਾਤਮੇ ਲਈ ਸਿਰ ਜੋੜਕੇ ਯਤਨ ਕਰਨ ਦੀ ਲੋੜ ਹੈ। ਕਿਉਂਕਿ ਸਿੰਥੈਟਿਕ ਨਸ਼ਾ ਬਹੁਤ ਵੱਡੀ ਅਲਾਮਤ ਹੈ, ਨਸ਼ਾ ਬਹੁਤ ਵੱਡੀ ਮਾਤਰਾ ਵਿਚ ਆ ਰਿਹਾ ਹੈ, ਜਿਹੜੀਆਂ ਸਰਕਾਰਾਂ ਕਹਿੰਦੀਆਂ ਸੀ ਕਿ ਉਹ 24 ਘੰਟਿਆਂ ‘ਚ ਨਸ਼ਾ ਬੰਦ ਕਰ ਦੇਣਗੀਆਂ। ਉਹਨਾਂ ਕਿਹਾ ਕਿ ਅਸੀਂ ਸਾਡੇ ਨੌਜਵਾਨਾਂ ਨੂੰ ਇਸ ਭੈੜੀ ਅਲਾਮਤ ‘ਚੋਂ ਬਾਹਰ ਕੱਢਕੇ ਖੇਡ ਮੈਦਾਨਾਂ ਵੱਲ ਲੈ ਕੇ ਜਾਣਾ ਹੈ, ਕਿਉਂਕਿ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਮੱਲ ਅਖਾੜੇ ਸ਼ੁਰੂ ਕੀਤੇ ਮੱਲਾ ਦੇ ਘੋਲ ਕਰਵਾਏ। ਉਹਨਾਂ ਰੁਸਤਮ-ਏ-ਹਿੰਦ ਗਾਮਾ ਪਹਿਲਵਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਵੀ ਮੇਰੇ ਪਿੰਡ ਦੇ ਰਹਿਣ ਵਾਲੇ ਸਨ, ਜਿਹੜੇ ਬਾਅਦ ਵਿਚ ਪਾਕਿਸਤਾਨ ਚਲੇ ਗਏ ਸੀ। ਇਸ ਮੌਕੇ ਮਹੰਤ ਹਰਪਾਲ ਦਾਸ, ਇੰਦਰਜੀਤ ਸਿੰਘ ਮੁੰਡੇ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜ਼ਾਹਿਦਾ ਸੁਲੇਮਾਨ, ਸਾਬਕਾ ਚੇਅਰਮੈਨ ਜਸਬੀਰ ਸਿੰਘ ਦਿਓਲ, ਜਸਵੀਰ ਸਿੰਘ ਜੱਸੀ ਹਲਕਾ ਇੰਚਾਰਜ ਅਮਰਗੜ੍ਹ, ਕਰਮ ਸਿੰਘ ਮੁੰਡੇ, ਪਿਆਰਾ ਸਿੰਘ ਮੁੰਡੇ, ਨਿਰਮਲ ਸਿੰਘ ਮੁੰਡੇ, ਸਤਵਿੰਦਰ ਸਿੰਘ ਮੁੰਡੇ, ਜਤਿੰਦਰ ਸਿੰਘ, ਕੁਲਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਿੱਖ ਅਤੇ ਮੁਸਲਿਮ ਸੰਗਤ ਮੌਜੂਦ ਰਹੀ।