ਭਾਰਤ ਸਰਕਾਰ ਵਲੋਂ ਚਿੱਤਰਕਾਰ ਸੋਭਾ ਸਿੰਘ ਦੀ ਜਨਮ ਵਰ੍ਹੇਗੰਢ ਮੌਕੇ 125 ਰੁਪਏ ਦਾ ਯਾਦਗਾਰੀ ਸਿੱਕਾ ਕੀਤਾ ਜਾਵੇਗਾ ਜਾਰੀ
ਲੁਧਿਆਣਾ, 26 ਨਵੰਬਰ (ਡਾ. ਤਰਲੋਚਨ ਸਿੰਘ)-ਭਾਰਤ ਦੀ ਅਮੀਰ ਕਲਾ ਅਤੇ ਸੱਭਿਆਚਾਰਕ ਵਿਰਾਸਤ ਲਈ ਇਕ ਇਤਿਹਾਸਕ ਮਾਣ ਵਾਲੇ ਪਲ ਵਿਚ ਭਾਰਤ ਸਰਕਾਰ ਨੇ ਉਘੇ ਚਿੱਤਰਕਾਰ ਸੋਭਾ ਸਿੰਘ ਦੀ 125ਵੀਂ ਜਨਮ ਵਰੇਗੰਢ ਮੌਕੇ ਉਨ੍ਹਾਂ ਦੇ ਸਨਮਾਨ ਵਿਚ 125 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕਰਨ ਸੰਬੰਧੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਲੁਧਿਆਣਾ, 26 ਨਵੰਬਰ (ਡਾ. ਤਰਲੋਚਨ ਸਿੰਘ)-ਭਾਰਤ ਦੀ ਅਮੀਰ ਕਲਾ ਅਤੇ ਸੱਭਿਆਚਾਰਕ ਵਿਰਾਸਤ ਲਈ ਇਕ ਇਤਿਹਾਸਕ ਮਾਣ ਵਾਲੇ ਪਲ ਵਿਚ ਭਾਰਤ ਸਰਕਾਰ ਨੇ ਉਘੇ ਚਿੱਤਰਕਾਰ ਸੋਭਾ ਸਿੰਘ ਦੀ 125ਵੀਂ ਜਨਮ ਵਰੇਗੰਢ ਮੌਕੇ ਉਨ੍ਹਾਂ ਦੇ ਸਨਮਾਨ ਵਿਚ 125 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕਰਨ ਸੰਬੰਧੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। 25 ਨਵੰਬਰ 2026 ਨੂੰ ਜਾਰੀ ਗਜ਼ਟ ਨੋਟੀਫਿਕੇਸ਼ਨ ਵਿਚ ਇਸ ਕਲਾਕਾਰ ਨੂੰ ਦਿੱਤਾ ਇਕ ਇਤਿਹਾਸਕ ਕੌਮੀ ਸਨਮਾਨ ਹੈ। ਉਨ੍ਹਾਂ ਦੀ ਚਿੱਤਰਕਲਾ, ਜੀਵਨ-ਦਰਸ਼ਨ ਅਤੇ ਕਲਾਤਮਕ ਵਿਰਾਸਤ ਨੇ ਉਨਾਂ ਨੂੰ ਭਾਰਤੀ ਕਲਾ ਅਤੇ ਸੱਭਿਆਚਾਰ ਦੇ ਇਤਿਹਾਸ ਵਿਚ ਵਿਸ਼ੇਸ਼ ਸਥਾਨ ਦਿਵਾਇਆ ਹੈ। ਇਸ ਸਨਮਾਨ ਨਾਲ ਸ਼ੋਭਾ ਸਿੰਘ ਦੇਸ਼ ਦੇ ਪਹਿਲੇ ਭਾਰਤੀ ਚਿੱਤਰਕਾਰ ਬਣ ਜਾਣਗੇ, ਜਿਨਾਂ ਦੀ ਯਾਦ ਵਿਚ ਭਾਰਤ ਸਰਕਾਰ ਵਲੋਂ ਯਾਦਗਾਰੀ ਸਿੱਕਾ ਜਾਰੀ ਕੀਤਾ ਜਾਵੇਗਾ। ਇਹ ਯਾਦਗਾਰੀ ਸਿੱਕਾ ਕਲਾਕਾਰ ਦੀ 125ਵੀਂ ਜਨਮ ਵਰੇਗੰਢ ਨੂੰ ਸਮਰਪਿਤ ਨਵੰਬਰ 2026 ਤੋਂ ਨਵੰਬਰ 2027 ਤੱਕ ਮਨਾਏ ਜਾ ਰਹੇ ਸਾਲ ਭਰ ਦੇ ਸਮਾਗਮਾਂ ਦਾ ਅਹਿਮ ਹਿੱਸਾ ਹੋਵੇਗਾ। ਸ਼ੋਭਾ ਸਿੰਘ ਮੈਮੋਰੀਅਲ ਆਰਟ ਸੋਸਾਇਟੀ, ਅੰਦਰੇਟਾ ਜੋ ਇਸ ਪਹਿਲਕਦਮੀ ਨੂੰ ਅੱਗੇ ਵਧਾਉਣ ਲਈ ਲਗਾਤਾਰ ਯਤਨਸ਼ੀਲ ਰਹੀ ਹੈ, ਨੇ ਮਹਾਨ ਕਲਾਕਾਰ ਦੇ ਜੀਵਨ, ਦਰਸ਼ਨ ਅਤੇ ਕਲਾ ਦੇ ਖੇਤਰ ਵਿਚ ਉਨਾਂ ਦੇ ਅਮੁੱਲ ਯੋਗਦਾਨ ਨੂੰ ਕੌਮੀ ਪੱਧਰ ’ਤੇ ਮਾਨਤਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਦਿਲੋਂ ਧੰਨਵਾਦ ਕੀਤਾ ਹੈ। ਸੋਸਾਇਟੀ ਦੇ ਪ੍ਰਧਾਨ ਕੇ.ਜੀ. ਬੁਟੇਲ ਨੇ ਕੇਂਦਰੀ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਸੰਸਦ ਮੈਂਬਰ ਅਨੁਰਾਗ ਸਿੰਘ ਠਾਕੁਰ, ਸਾਬਕਾ ਸੰਸਦ ਮੈਂਬਰ ਵਿਜੇ ਸਾਂਪਲਾ, ਸਾਬਕਾ ਕੇਂਦਰੀ ਮੰਤਰੀ ਸ਼ਾਂਤਾ ਕੁਮਾਰ ਦਾ ਵੀ ਧੰਨਵਾਦ ਕੀਤਾ। ਸੋਸਾਇਟੀ ਨੇ ਕੌਮੀ ਘੱਟ ਗਿਣਤੀ ਕਮਿਸਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਦੀ ਮੋਹਰੀ ਪਹਿਲਕਦਮੀ ਨੂੰ ਵੀ ਯਾਦ ਕੀਤਾ ਹੈ। ਉਨਾਂ ਦੀ ਇਸ ਪਹਿਲਕਦਮੀ ਨੇ ਬਾਅਦ ਵਿਚ ਲਗਾਤਾਰ ਕੀਤੇ ਗਏ ਯਤਨਾਂ ਦੀ ਨੀਂਹ ਰੱਖੀ। 125 ਰੁਪਏ ਦਾ ਇਹ ਯਾਦਗਾਰੀ ਸਿੱਕਾ ਕੇਵਲ ਇਕ ਕਲਾਕਾਰ ਦੀ 125ਵੀਂ ਜਨਮ ਵਰੇਗੰਢ ਦਾ ਪ੍ਰਤੀਕ ਹੀ ਨਹੀਂ ਹੋਵੇਗਾ, ਸਗੋਂ ਇਹ ਉਨਾਂ ਦੀ ਬੇਮਿਸਾਲ ਕਲਾ, ਮਾਨਵਤਾਵਾਦੀ ਸੋਚ ਅਤੇ ਭਾਰਤ ਦੀ ਸੱਭਿਆਚਾਰਕ ਪਛਾਣ ਵਿਚ ਪਾਏ ਯੋਗਦਾਨ ਪ੍ਰਤੀ ਇਕ ਸਥਾਈ ਕੌਮੀ ਸ਼ਰਧਾਂਜਲੀ ਹੋਵੇਗਾ। ਸੋਸਾਇਟੀ ਦੇ ਜਨਰਲ ਸਕੱਤਰ ਅਤੇ ਕਲਾਕਾਰ ਦੇ ਦੋਹਤੇ ਡਾ. ਹਿਰਦੇਪਾਲ ਸਿੰਘ ਨੇ ਇਸ ਪ੍ਰਾਪਤੀ ਨੂੰ ਪਰਿਵਾਰ, ਸੋਸਾਇਟੀ ਅਤੇ ਦੁਨੀਆਂ ਭਰ ਵਿਚ ਵੱਸਦੇ ਸ਼ੋਭਾ ਸਿੰਘ ਦੇ ਪ੍ਰਸੰਸਕਾਂ ਲਈ ਬੇਹੱਦ ਮਾਣ, ਖੁਸ਼ੀ ਅਤੇ ਭਾਵਨਾਤਮਕ ਸੰਤੁਸ਼ਟੀ ਦਾ ਪਲ ਦੱਸਿਆ।