ਮੁੰਬਈ, 26 ਨਵੰਬਰ (ਯੂ.ਐਨ.ਆਈ.)-ਮੁੰਬਈ ਪੁਲਿਸ ਨੇ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੇ ਰਾਸ਼ਟਰੀ ਕਨਵੀਨਰ ਅਭਿਜੀਤ ਦੀਪਕੇ ਅਤੇ ਸਹਿ-ਕਨਵੀਨਰ ਆਸ਼ੂਤੋਸ਼ ਰੰਕਾ ਅਤੇ ਸੌਰਵ ਦਾਸ ਵਿਰੁੱਧ ਲੁੱਕਆਊਟ ਸਰਕੂਲਰ ਜਾਰੀ ਕੀਤੇ ਹਨ। ਸੂਤਰਾਂ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ 2 ਅਕਤੂਬਰ ਨੂੰ ਸ਼ਿਵਾਜੀ ਪਾਰਕ ਵਿਖੇ ਹੋਏ ਵਿਰੋਧ ਪ੍ਰਦਰਸ਼ਨ ਲਈ ਪਾਰਟੀ ਵਿਰੁੱਧ ਦਰਜ ਐਫ.ਆਈ.ਆਰ. ਦੇ ਸੰਬੰਧ ਵਿਚ ਇਹ ਕਾਰਵਾਈ ਕੀਤੀ ਗਈ ਸੀ।ਰਿਪੋਰਟਾਂ ਅਨੁਸਾਰ ਸੌਰਵ ਦਾਸ ਨੂੰ 23 ਨਵੰਬਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਬਰਤਾਨੀਆ ਜਾਣ ਵਾਲੀ ਉਡਾਣ ਵਿਚ ਚੜ੍ਹਨ ਤੋਂ ਰੋਕਿਆ ਗਿਆ ਸੀ। ਇਸ ਤੋਂ ਬਾਅਦ ਉਸ ਨੇ ਯਾਤਰਾ ਪਾਬੰਦੀ ਨੂੰ ਚੁਣੌਤੀ ਦਿੰਦੇ ਹੋਏ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ।ਵੀਰਵਾਰ ਨੂੰ ਜਸਟਿਸ ਅਮਿਤ ਮਹਾਜਨ ਦੇ ਸਾਹਮਣੇ ਸੁਣਵਾਈ ਦੌਰਾਨ ਕੇਂਦਰ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਸੌਰਵ ਦਾਸ ਵਿਰੁੱਧ ਲੁੱਕਆਊਟ ਸਰਕੂਲਰ ਮਹਾਰਾਸ਼ਟਰ ਪੁਲਿਸ ਦੀ ਵਿਸ਼ੇਸ਼ ਬੇਨਤੀ ‘ਤੇ ਜਾਰੀ ਕੀਤਾ ਗਿਆ ਸੀ।ਸੌਰਵ ਦਾਸ ਨੂੰ ਆਕਸਫੋਰਡ ਵਿਚ ਇਕ ਪੈਨਲ ਚਰਚਾ ਵਿ ਚ ਹਿੱਸਾ ਲੈਣ ਲਈ ਯੂ.ਕੇ. ਜਾਣ ਦਾ ਪ੍ਰੋਗਰਾਮ ਸੀ।ਇਸ ਮਾਮਲੇ ਵਿਚ 3 ਅਕਤੂਬਰ ਨੂੰ ਮੁੰਬਈ ਦੇ ਸ਼ਿਵਾਜੀ ਪਾਰਕ ਪੁਲਿਸ ਥਾਣੇ ਵਿਚ ਇਕ ਐਫ.ਆਈ.ਆਰ. ਦਰਜ ਕੀਤੀ ਗਈ ਸੀ। ਇਸ ਵਿਚ ਵਿਰੋਧ ਪ੍ਰਦਰਸ਼ਨ ਦੇ ਪ੍ਰਬੰਧਕਾਂ ਦੇ ਨਾਂਅ ਹਨ ਅਤੇ ਲਗਭਗ 400-500 ਅਣਪਛਾਤੇ ਭਾਗੀਦਾਰਾਂ ਦਾ ਜ਼ਿਕਰ ਹੈ। ਇਸ ਮਾਮਲੇ ਵਿਚ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 189 ਅਤੇ 223 ਲਾਗੂ ਕੀਤੀਆਂ ਗਈਆਂ ਹਨ, ਜੋ ਕਿ ਕ੍ਰਮਵਾਰ ਗੈਰ-ਕਾਨੂੰਨੀ ਇਕੱਠ ਅਤੇ ਇੱਕ ਜਨਤਕ ਸੇਵਕ ਦੁਆਰਾ ਜਾਰੀ ਕੀਤੇ ਗਏ ਹੁਕਮ ਦੀ ਉਲੰਘਣਾ ਨਾਲ ਸੰਬੰਧਿਤ ਹਨ।ਇਹ ਮਾਮਲਾ 2 ਅਕਤੂਬਰ ਨੂੰ ਮੁੰਬਈ ਦੇ ਸ਼ਿਵਾਜੀ ਪਾਰਕ ਵਿਚ ਸੀ.ਜੇ.ਪੀ. ਵਲੋਂ ਕੀਤੇ ਗਏ ਇਕ ਵਿਰੋਧ ਪ੍ਰਦਰਸ਼ਨ ਨਾਲ ਸੰਬੰਧਿਤ ਹੈ।