ਚੀਨ ਨੂੰ ਖ਼ੁਸ਼ ਕਰਨ ਲਈ ਪਾਕਿ ਨੇ ਤਾਈਵਾਨੀ ਏਅਰਲਾਈਨਾਂ ਲਈ ਬੰਦ ਕੀਤਾ ਆਪਣਾ ਹਵਾਈ ਖੇਤਰ ਉਡਾਣਾਂ ਦੇ ਬਦਲੇ ਰੂਟ
ਅੰਮ੍ਰਿਤਸਰ, 29 ਅਕਤੂਬਰ (ਸੁਰਿੰਦਰ ਕੋਛੜ)-ਚੀਨ ਦੀ ‘ਵਨ ਚਾਈਨਾ ਪਾਲਿਸੀ’ ਦੀ ਹਮਾਇਤ ਕਰਦਿਆਂ ਪਾਕਿਸਤਾਨ ਨੇ ਤਾਈਵਾਨ ਦੀਆਂ ਏਅਰਲਾਈਨਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ। ਇਸ ਫ਼ੈਸਲੇ ਕਾਰਨ ਤਾਈਵਾਨ ਦੀਆਂ ਦੋ ਪ੍ਰਮੁੱਖ ਹਵਾਈ ਕੰਪਨੀਆਂ ਚਾਈਨਾ ਏਅਰਲਾਈਨਜ਼ ਅਤੇ ਈ.
ਅੰਮ੍ਰਿਤਸਰ, 29 ਅਕਤੂਬਰ (ਸੁਰਿੰਦਰ ਕੋਛੜ)-ਚੀਨ ਦੀ ‘ਵਨ ਚਾਈਨਾ ਪਾਲਿਸੀ’ ਦੀ ਹਮਾਇਤ ਕਰਦਿਆਂ ਪਾਕਿਸਤਾਨ ਨੇ ਤਾਈਵਾਨ ਦੀਆਂ ਏਅਰਲਾਈਨਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ। ਇਸ ਫ਼ੈਸਲੇ ਕਾਰਨ ਤਾਈਵਾਨ ਦੀਆਂ ਦੋ ਪ੍ਰਮੁੱਖ ਹਵਾਈ ਕੰਪਨੀਆਂ ਚਾਈਨਾ ਏਅਰਲਾਈਨਜ਼ ਅਤੇ ਈ. ਵੀ. ਏ. ਏਅਰਵੇਜ਼ ਨੂੰ ਏਸ਼ੀਆ ਅਤੇ ਯੂਰਪ ਜਾਣ ਵਾਲੀਆਂ ਆਪਣੀਆਂ ਉਡਾਣਾਂ ਦੇ ਰੂਟ ਬਦਲਣ ਲਈ ਮਜਬੂਰ ਹੋਣਾ ਪਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਖ਼ੁਦ ਚੀਨ ਨੇ ਵੀ ਤਾਈਵਾਨੀ ਜਹਾਜ਼ਾਂ ’ਤੇ ਅਜਿਹੀ ਕੋਈ ਪਾਬੰਦੀ ਨਹੀਂ ਲਗਾਈ ਹੈ। ਪਾਕਿ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸ਼ਹਿਰੀ ਹਵਾਬਾਜ਼ੀ ਵਿਭਾਗ ‘ਵਨ ਚਾਈਨਾ ਪਾਲਿਸੀ’ ’ਤੇ ਚੱਲਦਾ ਹੈ ਅਤੇ ਪਾਕਿਸਤਾਨ ਦੇ ਉੱਪਰੋਂ ਉਡਾਣ ਭਰਨ ਦੀ ਇਜਾਜ਼ਤ ਸਿਰਫ਼ ਚੀਨੀ ਏਅਰਲਾਈਨਾਂ ਨੂੰ ਹੀ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕਦਮ ਚੁੱਕਣ ਵਾਲਾ ਪਾਕਿ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਫਲਾਈਟ ਟ੍ਰੈਕਿੰਗ ਡੇਟਾ ਅਨੁਸਾਰ 25 ਅਕਤੂਬਰ ਤੋਂ ਹੁਣ ਤੱਕ ਘੱਟੋ-ਘੱਟ ਇਕ ਦਰਜਨ ਉਡਾਣਾਂ ਰੂਸ ਦੇ ਲੰਬੇ ਰਸਤੇ ਰਾਹੀਂ ਭੇਜੀਆਂ ਗਈਆਂ ਹਨ। ਦੱਸਣਯੋਗ ਹੈ ਕਿ ਚੀਨ ਤਾਈਵਾਨ ਨੂੰ ਆਪਣਾ ਅਨਿੱਖੜਵਾਂ ਅੰਗ ਮੰਨਦਾ ਹੈ, ਜਦਕਿ ਤਾਈਵਾਨ ਖ਼ੁਦ ਨੂੰ ਇਕ ਸੁਤੰਤਰ ਮੁਲਕ ਵਜੋਂ ਵੇਖਦਾ ਹੈ। ਪਾਕਿ ਨੇ ਸੰਨ 1951 ’ਚ ਹੀ ਤਾਈਵਾਨ ਨਾਲ ਕੂਟਨੀਤਕ ਸੰਬੰਧ ਤੋੜ ਲਏ ਸਨ।