ਸ੍ਰੀ ਅਨੰਦਪੁਰ ਸਾਹਿਬ, 13 ਅਕਤੂਬਰ (ਜੇ.ਐਸ. ਨਿੱਕੂਵਾਲ)-ਸ੍ਰੀ ਅਨੰਦਪੁਰ ਸਾਹਿਬ ਦੇ ਮੁਹੱਲਾ ਭੋਰਾ ਸਾਹਿਬ ਵਿਖੇ ਇੱਕ ਪੀ.ਜੀ. ਦੇ ਕਮਰੇ ਵਿਚੋਂ 24 ਸਾਲਾ ਨੌਜਵਾਨ ਦੀ ਲਾਸ਼ ਮਿਲੀ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਪਿੰਡ ਥੱਪਲ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਰਾਮ ਚੰਦ ਨੇ ਆਪਣੇ ਪੁੱਤਰ ਦਾ ਕਤਲ ਕੀਤੇ ਜਾਣ ਦੇ ਦੋਸ਼ ਲਾਏ ਹਨ । ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਮ ਚੰਦ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਕਰੀਬ 9:30 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਪੀ.ਜੀ. ਦੇ ਕਮਰੇ ਵਿਚ ਪਈ ਹੈ। ਉਹ ਆਪਣੇ ਭਰਾ ਸਤਪਾਲ ਸਿੰਘ ਨਾਲ ਮੌਕੇ ’ਤੇ ਪਹੁੰਚੇ, ਜਿੱਥੇ ਗੁਰਪ੍ਰੀਤ ਦੀ ਲਾਸ਼ ਗੱਦੇ ’ਤੇ ਪਈ ਮਿਲੀ । ਉਨ੍ਹਾਂ ਦੋਸ਼ ਲਾਇਆ ਕਿ ਕਿਸੇ ਵਿਵਾਦ ਤੋਂ ਬਾਅਦ ਸਿਹਰਾਣੇ ਨਾਲ ਮੂੰਹ ਦਬਾ ਕੇ ਉਸ ਦਾ ਦਮ ਘੁੱਟਿਆ ਗਿਆ । ਨੌਜਵਾਨ ਨੂੰ ਨਿੱਜੀ ਗੱਡੀ ਰਾਹੀਂ ਭਾਈ ਜੈਤਾ ਜੀ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ । ਪਿਤਾ ਨੇ ਪੀ.ਜੀ. ਵਿਚ ਰਹਿਣ ਵਾਲਿਆਂ ਦੇ ਪਛਾਣ ਦਸਤਾਵੇਜ਼ ਤੇ ਰਜਿਸਟਰ ਵਿਚ ਵੇਰਵੇ ਦਰਜ ਨਾ ਕਰਨ ਬਾਰੇ ਵੀ ਸਵਾਲ ਉਠਾਏ । ਥਾਣਾ ਮੁਖੀ ਜਤਿਨ ਕਪੂਰ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਪੀ.ਜੀ. ਮਾਲਕ ਦੇ ਪੁੱਤਰ ਵਿਰੁੱਧ ਭਾਰਤੀ ਨਿਆਂ ਸੰਹਿਤਾ ਦੀ ਧਾਰਾ 105 ਤਹਿਤ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਅਤੇ ਅਗਲੀ ਕਾਰਵਾਈ ਜਾਰੀ ਹੈ।