ਪਰਗਟ ਸਿੰਘ ਦੇ ਪ੍ਰਧਾਨ ਬਣਨ ਮਗਰੋਂ ਪੰਜਾਬ ਕਾਂਗਰਸ ’ਚ ਉਤਸ਼ਾਹ ਦੀ ਥਾਂ ਖ਼ਾਮੋਸ਼ੀ !
ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 5 ਅਕਤੂਬਰ : ਪੰਜਾਬ ਕਾਂਗਰਸ ਦੀ ਕਮਾਨ ਪਰਗਟ ਸਿੰਘ ਦੇ ਹੱਥ ਆਉਣ ਤੋਂ ਬਾਅਦ ਪਾਰਟੀ ਅੰਦਰ ਨਵੇਂ ਜੋਸ਼ ਤੇ ਸਰਗਰਮੀ ਦੀਆਂ ਉਮੀਦਾਂ ਤਾਂ ਜ਼ਰੂਰ ਜਾਗੀਆਂ ਸਨ, ਪਰ ਜ਼ਮੀਨੀ ਪੱਧਰ ’ਤੇ ਇਸ ਦਾ ਬਹੁਤਾ ਅਸਰ ਫ਼ਿਲਹਾਲ ਨਜ਼ਰ ਨਹੀਂ ਆ ਰਿਹਾ । ਨਵੇਂ ਪ੍ਰਧਾਨ ਦੀ ਨਿਯੁਕਤੀ ਤੋਂ ਬਾਅਦ ਜਿੱਥੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਿਚ ਨਵਾਂ ਉਤਸ਼ਾਹ ਦਿਖਾਈ ਦੇਣਾ ਚਾਹੀਦਾ ਸੀ, ਉੱਥੇ ਪਾਰਟੀ ਦੇ ਅੰਦਰ ਇੱਕ ਤਰ੍ਹਾਂ ਦੀ ਖ਼ਾਮੋਸ਼ੀ ਵਾਲਾ ਮਾਹੌਲ ਬਣਿਆ ਹੋਇਆ ਦਿਖਾਈ ਦੇ ਰਿਹਾ ਹੈ।
ਚੰਡੀਗੜ੍ਹ, 5 ਅਕਤੂਬਰ : ਪੰਜਾਬ ਕਾਂਗਰਸ ਦੀ ਕਮਾਨ ਪਰਗਟ ਸਿੰਘ ਦੇ ਹੱਥ ਆਉਣ ਤੋਂ ਬਾਅਦ ਪਾਰਟੀ ਅੰਦਰ ਨਵੇਂ ਜੋਸ਼ ਤੇ ਸਰਗਰਮੀ ਦੀਆਂ ਉਮੀਦਾਂ ਤਾਂ ਜ਼ਰੂਰ ਜਾਗੀਆਂ ਸਨ, ਪਰ ਜ਼ਮੀਨੀ ਪੱਧਰ ’ਤੇ ਇਸ ਦਾ ਬਹੁਤਾ ਅਸਰ ਫ਼ਿਲਹਾਲ ਨਜ਼ਰ ਨਹੀਂ ਆ ਰਿਹਾ । ਨਵੇਂ ਪ੍ਰਧਾਨ ਦੀ ਨਿਯੁਕਤੀ ਤੋਂ ਬਾਅਦ ਜਿੱਥੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਿਚ ਨਵਾਂ ਉਤਸ਼ਾਹ ਦਿਖਾਈ ਦੇਣਾ ਚਾਹੀਦਾ ਸੀ, ਉੱਥੇ ਪਾਰਟੀ ਦੇ ਅੰਦਰ ਇੱਕ ਤਰ੍ਹਾਂ ਦੀ ਖ਼ਾਮੋਸ਼ੀ ਵਾਲਾ ਮਾਹੌਲ ਬਣਿਆ ਹੋਇਆ ਦਿਖਾਈ ਦੇ ਰਿਹਾ ਹੈ। ਸਭ ਤੋਂ ਵੱਧ ਚਰਚਾ ਪੰਜਾਬ ਕਾਂਗਰਸ ਭਵਨ, ਚੰਡੀਗੜ੍ਹ ਦੇ ਮਾਹੌਲ ਨੂੰ ਲੈ ਕੇ ਹੋ ਰਹੀ ਹੈ। ਆਮ ਤੌਰ ’ਤੇ ਸੂਬਾ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਤੋਂ ਬਾਅਦ ਪਾਰਟੀ ਦਫ਼ਤਰ ਵਿਚ ਵਰਕਰਾਂ ਦੀ ਭਾਰੀ ਆਵਾਜਾਈ, ਆਗੂਆਂ ਦੀਆਂ ਮੀਟਿੰਗਾਂ ਅਤੇ ਸਮਰਥਕਾਂ ਦੀ ਭੀੜ ਦੇਖਣ ਨੂੰ ਮਿਲਦੀ ਹੈ। ਨਵੇਂ ਪ੍ਰਧਾਨ ਨਾਲ ਮੁਲਾਕਾਤ ਕਰਨ, ਆਪਣੀਆਂ ਸਮੱਸਿਆਵਾਂ ਦੱਸਣ ਅਤੇ ਭਵਿੱਖ ਦੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਵਰਕਰ ਵੱਡੀ ਗਿਣਤੀ ਵਿਚ ਪਾਰਟੀ ਦਫ਼ਤਰ ਪਹੁੰਚਦੇ ਹਨ ਪਰ ਇਸ ਵਾਰ ਪੰਜਾਬ ਕਾਂਗਰਸ ਭਵਨ ਵਿਚ ਉਹ ਰਵਾਇਤੀ ਰੌਣਕ ਨਜ਼ਰ ਨਹੀਂ ਆ ਰਹੀ, ਜਿਸ ਦੀ ਪਾਰਟੀ ਦੇ ਨਵੇਂ ਅਧਿਆਇ ਦੀ ਸ਼ੁਰੂਆਤ ਮੌਕੇ ਉਮੀਦ ਕੀਤੀ ਜਾ ਰਹੀ ਸੀ ਕਿਉਂਕਿ ਨਵੇਂ ਪ੍ਰਧਾਨ ਫਿਲਹਾਲ ਪੰਜਾਬ ਕਾਂਗਰਸ ਭਵਨ ਵਿਚ ਪਾਰਟੀ ਵਰਕਰਾਂ ਅਤੇ ਆਗੂਆਂ ਨਾਲ ਮੁਲਾਕਾਤ ਕਰਨ ਦੀ ਥਾਂ ਦਿੱਲੀ ਵਿਚ ਆਪਣੇ ਸਿਆਸੀ ਆਕਾਵਾਂ ਨੂੰ ਮਿਲਣ ਵਿਚ ਰੁੱਝੇ ਹੋਏ ਹਨ । ਨਵੇਂ ਪ੍ਰਧਾਨ ਪਰਗਟ ਸਿੰਘ ਦੀਆਂ ਸਰਗਰਮੀਆਂ ਨੂੰ ਲੈ ਕੇ ਵੀ ਪਾਰਟੀ ਅੰਦਰ ਵੀ ਚਰਚਾ ਛਿੜੀ ਹੋਈ ਹੈ। ਇੱਕ ਕਾਂਗਰਸ ਆਗੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਨਵੇਂ ਪ੍ਰਧਾਨ ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਦੇ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਲੰਮੇ ਸਮੇਂ ਦੀ ਉਡੀਕ ਸੀ ਪਰ ਪੰਜਾਬ ਕਾਂਗਰਸ ਭਵਨ ਵਿਚ ਬੈਠ ਕੇ ਵਰਕਰਾਂ ਅਤੇ ਆਗੂਆਂ ਨਾਲ ਸਿੱਧਾ ਸੰਵਾਦ ਕਰਨ ਦੀ ਬਜਾਏ ਨਵੇਂ ਪ੍ਰਧਾਨ ਦੀਆਂ ਸਰਗਰਮੀਆਂ ਦਾ ਵੱਡਾ ਹਿੱਸਾ ਨਿਯੁਕਤੀ ਹੋਣ ਦੇ ਬਾਅਦ ਤੋਂ ਹੀ ਲਗਾਤਾਰ ਦਿੱਲੀ ਨਾਲ ਜੁੜਿਆ ਹੋਇਆ ਦਿਖਾਈ ਦੇ ਰਿਹਾ ਹੈ। ਪਾਰਟੀ ਦੇ ਆਮ ਵਰਕਰਾਂ ਵਿਚ ਇਹ ਸਵਾਲ ਉੱਠ ਰਿਹਾ ਹੈ ਕਿ ਜਦੋਂ ਪੰਜਾਬ ਵਿਚ ਕਾਂਗਰਸ ਨੂੰ ਜਥੇਬੰਦਕ ਤੌਰ ’ਤੇ ਮਜ਼ਬੂਤ ਕਰਨ ਤੇ ਧੜੇਬੰਦੀ ਨੂੰ ਕਾਬੂ ਕਰਨ ਦੀ ਵੱਡੀ ਚੁਣੌਤੀ ਮੌਜੂਦ ਹੈ ਤਾਂ ਸੂਬਾ ਪ੍ਰਧਾਨ ਦਾ ਪੰਜਾਬ ਵਿਚ ਵਰਕਰਾਂ ਵਿਚਕਾਰ ਵੱਧ ਸਮਾਂ ਬਿਤਾਉਣਾ ਕਿਉਂ ਨਹੀਂ ਦਿਖਾਈ ਦੇ ਰਿਹਾ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਵੱਡੇ ਆਗੂਆਂ ਨਾਲ ਮੁਲਾਕਾਤ ਲਈ ਇੱਕ ਦਿਨ ਦਾ ਸਮਾਂ ਕਾਫੀ ਹੁੰਦਾ ਹੈ, ਉਸ ਤੋਂ ਬਾਅਦ ਨਵੇਂ ਪ੍ਰਧਾਨ ਨੂੰ ਚੰਡੀਗੜ੍ਹ ’ਚ ਪਾਰਟੀ ਵਰਕਰਾਂ ਨਾਲ ਮੁਲਾਕਾਤਾਂ ਦਾ ਦੌਰ ਸ਼ੁਰੂ ਕਰ ਦੇਣਾ ਚਾਹੀਦਾ ਸੀ। ਇੱਕ ਸੀਨੀਅਰ ਆਗੂ ਨੇ ਨਾਮ ਨਾ ਛਾਪਣ ਦੀ ਸੂਰਤ ’ਤੇ ਕਿਹਾ ਕਿ ਪੰਜਾਬ ਕਾਂਗਰਸ ਲਈ ਇਹ ਸਥਿਤੀ ਇਸ ਕਰਕੇ ਵੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਹੁਣ ਸਮਾਂ ਬਹੁਤ ਜ਼ਿਆਦਾ ਨਹੀਂ ਬਚਿਆ। ਪਾਰਟੀ ਨੂੰ ਇੱਕ ਪਾਸੇ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਮੁੜ ਖੜ੍ਹਾ ਕਰਨਾ ਹੈ ਤੇ ਦੂਜੇ ਪਾਸੇ ਵੱਖ-ਵੱਖ ਧੜਿਆਂ ਵਿਚ ਚੱਲ ਰਹੇ ਮਤਭੇਦਾਂ ਨੂੰ ਖਤਮ ਕਰਕੇ ਆਗੂਆਂ ਅਤੇ ਵਰਕਰਾਂ ਨੂੰ ਇੱਕ ਮੰਚ ’ਤੇ ਲਿਆਉਣਾ ਹੈ। ਅਜਿਹੇ ਸਮੇਂ ਵਿਚ ਪ੍ਰਧਾਨ ਦੀ ਸਭ ਤੋਂ ਵੱਡੀ ਚੁਣੌਤੀ ਪਾਰਟੀ ਦਫ਼ਤਰ ਨੂੰ ਮੁੜ ਸਰਗਰਮ ਸਿਆਸੀ ਕੇਂਦਰ ਬਣਾਉਣ ਦੀ ਹੋਵੇਗੀ।